(ਅਕਾਦਮਿਕ, ਧਾਰਮਿਕ, ਇਤਿਹਾਸਕ ਅਤੇ ਕਿਸਾਨੀ ਵਿਿਸ਼ਆਂ ਦਾ ਮਾਹਰ ਡਾ. ਧਰਮ ਸਿੰਘ)
ਡਾ. ਹੀਰਾ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ,ਸੰਪਰਕ-9417534823
(ਸਮਾਜ ਵੀਕਲੀ) ਡਾ. ਧਰਮ ਸਿੰਘ ਮੇਰੇ ਅਧਿਆਪਕ ਰਹੇ ਹਨ, ਕਿਸੇ ਅਧਿਆਪਕ ਬਾਰੇ ਲਿਖਣਾ ਬਹੁਤ ਮੁਸ਼ਕਲ ਹੁੰਦਾ ਹੈ, ਸੂਰਜ ਨੂੰ ਦੀਵਾ ਵਿਖਾਉਣ ਵਰਗਾ। ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨੂੰ ਇਕ ਵਿਦਵਾਨ ਵਜੋਂ ਪੇਸ਼ ਕਰ ਸਕਾਂ। ਡਾ. ਧਰਮ ਸਿੰਘ ਨੂੰ ਮੈਂ 1997 ਤੋਂ ਜਾਣਦਾ ਹਾਂ। ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਐਮ. ਏ. ਪੰਜਾਬੀ ਕਰਨ ਲਈ ਵਿਿਦਆਰਥੀ ਵਜੋਂ ਦਾਖਲਾ ਲਿਆ ਤਾਂ ਇਹ ਵਿਭਾਗ ਵਿਚ ਸੀਨੀਅਰ ਅਧਿਆਪਕ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਦੇ ਵਿਦਵਾਨ ਵਜੋਂ ਵਿਚਰਦੇ ਸਨ। ਪਹਿਲੀ ਵਾਰ ਵਿਦਵਾਨ ਅਧਿਆਪਕਾਂ ਨਾਲ ਵਾਹ ਪਿਆ ਸੀ ਜੋ ਆਪੋ ਆਪਣੇ ਵਿਿਸ਼ਆਂ ਦੇ ਮਾਹਰ ਸਨ। ਲੰਮੇ ਸਮੇਂ ਤੋਂ ਆਪਣੇ ਵਿਸ਼ੇਸ਼ ਵਿਿਸ਼ਆਂ ਵਿਚ ਪੀਐੱਚ. ਡੀ. ਖੋਜਾਰਥੀਆਂ ਨੂੰ ਨਵੇਂ-ਨਵੇਂ ਵਿਿਸ਼ਆਂ ਤੇ ਖੋਜ ਕਾਰਜ ਕਰਵਾਉਂਦੇ, ਬੀ. ਏ. ਆਨਰਜ਼ ਅਤੇ ਐਮ. ਏ. ਦੇ ਵਿਿਦਆਰਥੀਆਂ ਨੂੰ ਅਗਲੀ ਉਚੇਰੀ ਸਿੱਖਿਆ ਲਈ ਤਿਆਰ ਕਰਦੇ ਵਿਦਵਾਨ ਅਧਿਆਪਕ। ਡਾ. ਹਰਿਭਜਨ ਸਿੰਘ ਭਾਟੀਆ, ਡਾ. ਗੁਰਮੀਤ ਸਿੰਘ, ਡਾ. ਸੁਖਦੇਵ ਸਿੰਘ ਖਾਹਰਾ, ਡਾ. ਪਰਮਜੀਤ ਸਿੱਧੂ, ਡਾ. ਰਣਜੀਤ ਸਿੰਘ ਬਾਜਵਾ, ਵਰਗੇ ਵਿਦਵਾਨ ਅਧਿਆਪਕ ਵਿਭਾਗ ਵਿਚ ਤੁਰਦੇ ਫਿਰਦੇ ਸਨ ਜਦਕਿ ਕੁਝ ਸਮਾਂ ਪਹਿਲਾਂ ਵਿਭਾਗ ਵਿਚੋਂ ਸੇਵਾ ਮੁਕਤ ਹੋ ਚੁੱਕੇ ਵਿਦਵਾਨ ਡਾ. ਜੋਗਿੰਦਰ ਸਿੰਘ ਕੈਰੋਂ ਅਤੇ ਡਾ. ਜੋਗਿੰਦਰ ਸਿੰਘ ਰਾਹੀ, ਡਾ, ਕਰਨੈਲ ਸਿੰਘ ਥਿੰਦ ਹੋਰਾਂ ਦੀਆਂ ਗੱਲਾਂ ਵਿਭਾਗ ਵਿਚ ਤੁਰਦੀਆਂ ਫਿਰਦੀਆਂ ਸਨ। ਖੋਜਾਰਥੀ ਵਿਿਦਆਰਥੀ ਚਾਹ ਪੀਣ ਸਮੇਂ ਇਕੱਤਰ ਹੁੰਦੇ ਤਾਂ ਆਪਣੇ ਅਧਿਆਪਕਾਂ ਦੇ ਸੁਭਾਅ/ਆਦਤਾਂ ਮੁਤਾਬਕ ਉਹਨਾਂ ਦੇ ਨਵੇਂ ਨਵੇਂ ਨਾਂ ਪਾਉਂਦੇ, ਲਕਬ ਰੱਖਦੇ ਸਨ। ਡਾ. ਧਰਮ ਸਿੰਘ ਇਕ ਮੋਢੇ ਨੂੰ ਹੁਲਾਰਾ ਮਾਰ ਕੇ ਤੁਰਦੇ ਸਨ, ਬੈਠੇ ਬੈਠੇ ਇਕ ਮੋਢੇ ਨੂੰ ਝਟਕਾ ਦੇ ਕੇ ਉਤਾਂਹ ਨੂੰ ਚੁੱਕਦੇ ਰਹਿੰਦੇ ਹਨ। ਵਿਿਦਆਰਥੀ ਕਹਿੰਦੇ ਸਰ ਪਹਿਲੇ ਸਮਿਆਂ ਵਿਚ ਜਦੋਂ ਇਹ ਆਪ ਵਿਿਦਆਰਥੀ ਸਨ ਮੋਢੇ ਤੇ ਦੁੱਧ ਵਾਲੀ ਕੈਨੀ ਲੈ ਕੇ ਸਾਈਕਲ ਤੇ ਆਉਂਦੇ ਹੁੰਦੇ ਹੁੰਦੇ ਸਨ ਜਦੋਂ ਕੈਨੀ ਦਾ ਕੁੰਡਾ ਹੇਠਾਂ ਖਿਸਕਣ ਲਗਦਾ ਇਹ ਮੋਢਾ ਮਾਰ ਕੇ ਉਤਾਂਹ ਕਰ ਲੈਂਦੇ। ਬੱਸ ਉਹੀ ਆਦਤ ਨਹੀਂ ਜਾਂਦੀ। ਖੈਰ ਇਹ ਤਾਂ ਹਲਕੀਆਂ ਫੁਲਕੀਆਂ ਗੱਲਾਂ ਸਨ ਜੋ ਅਕਸਰ ਸਾਰੇ ਅਧਿਆਪਕਾਂ ਬਾਰੇ ਉਹਨਾਂ ਦੇ ਵਿਿਦਆਰਥੀ ਕਰਦੇ ਰਹਿੰਦੇ ਸਨ, ਪਰ ਸਾਰੇ ਵਿਿਦਆਰਥੀ ਉਹਨਾਂ ਦੀ ਮੱਧਕਾਲੀ ਸਾਹਿਤ ਪ੍ਰਤੀ ਸੂਝ ਤੋਂ ਬਹੁਤ ਪ੍ਰਭਾਵਿਤ ਸਨ।
ਡਾ. ਧਰਮ ਸਿੰਘ ਦਾ ਮੁੱਖ ਅਕਾਦਮਿਕ ਖੇਤਰ ਤਾਂ ਮੱਧਕਾਲੀ ਪੰਜਾਬੀ ਸਾਹਿਤ, ਵਿਸ਼ੇਸ਼ਕਰ ਮੱਧਕਾਲੀ ਵਾਰਤਕ ਸੀ ਜੋ ਐਮ. ਏ. ਦੀ ਕਲਾਸ ਦਾ ਇਕ ਪੇਪਰ ਹੈ। ਜਨਮ ਸਾਖੀਆਂ, ਗੋਸ਼ਟਾਂ ਹੁਕਨਾਮਿਆਂ, ਰਹਿਤਨਾਮਿਆਂ, ਤਨਖਾਹਨਾਮਿਆਂ, ਮਸਲਿਆਂ, ਪਰਚੀਆਂ ਆਦਿ ਬਾਰੇ ਉਹ ਬਹੁਤ ਬਾਰੀਕੀ ਅਤੇ ਗਹਿਰਾਈ ਨਾਲ ਪੜ੍ਹਾਉਂਦੇ ਸਨ। ਇਸ ਵਿਸ਼ੇ ਦੇ ਨਾਲ ਨਾਲ ਮੱਧਕਾਲੀ ਕਾਵਿ, ਮੱਧਕਾਲੀ ਸਾਹਿਤ ਦਾ ਇਤਿਹਾਸ ਵੀ ਉਹਨਾਂ ਦੇ ਮਨ ਭਾਉਂਦੇ ਵਿਸ਼ੇ ਹਨ। ਪੁਰਾਤਨ ਹੱਥ ਲਿਖਤ ਖਰੜਿਆਂ ਦੀ ਸੋਧ ਸੁਧਾਈ ਉਹਨਾਂ ਦਾ ਮਨ ਭਾਉਂਦਾ ਵਿਸ਼ਾ ਹੈ। ‘ਪੁਰਾਤਨ ਪੰਜਾਬੀ ਹੱਥ-ਲਿਖਤ ਗ੍ਰੰਥਾਂ ਦਾ ਮਹੱਤਵ’ ਲੇਖ ਅਜੀਤ ਅਖਬਾਰ ਵਿਚ 28 ਅਪ੍ਰੈਲ 2014 ਨੂੰ ਛਪਿਆ ਜਿਸ ਵਿਚ ਪੁਰਾਤਨ ਗੁਰਮੁਖੀ ਹੱਥ-ਲਿਖਤਾਂ ਦੀ ਕਲਾਤਮਕ ਗੌਰਵਤਾ ਤੋਂ ਇਲਾਵਾ ਇਨ੍ਹਾਂ ਦੀ ਮਹੱਤਤਾ ਨੂੰ ਬਿਆਨ ਕੀਤਾ ਹੈ। ਆਧੁਨਿਕ ਸਾਹਿਤ ਵੱਲ ਪਰਤੀਏ ਤਾਂ ਪਾਕਿਸਤਾਨੀ ਪੰਜਾਬੀ ਸਾਹਿਤ ਅਤੇ ਪੰਜਾਬੀ ਖੋਜ ਬਾਰੇ ਉਹ ਇਕ ਪ੍ਰਵਾਨਿਕ ਹਸਤੀ ਬਣ ਚੁੱਕੇ ਹਨ। ਉਹਨਾਂ ਦੀਆਂ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੀਆਂ 15 ਪੁਸਤਕਾਂ ਦੇ ਸਿਰਲੇਖ ਵੱਲ ਝਾਤੀ ਮਾਰੀਏ ਤਾਂ ਗੱਲ ਸਪੱਸ਼ਟ ਹੋ ਜਾਵੇਗੀ :-
- ਚੋਣਵੇਂ ਕਿੱਸੇ ਕ੍ਰਿਤ ਪੂਰਨ ਰਾਮ (ਸਹਿ. ਸੰਪਾ. ਡਾ. ਪਿਆਰ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1974.
- ਕਵੀ ਸੌਂਧਾ : ਇਕ ਅਲੋਚਨਾਤਮਕ ਅਧਿਐਨ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1981.
- ਹਾਤਮਨਾਮਾ ਕ੍ਰਿਤ ਕਵੀ ਸੌਧਾਂ (ਸੰਪਾ.) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1982.
- ਪੰਜਾਬੀ ਦੇ ਪ੍ਰਵਾਨਿਤ ਖੋਜ-ਪ੍ਰਬੰਧ, ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ 1985
- ਸਾਹਿਤ ਅਵਲੋਕਨ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 1990
- ਮੱਧਕਾਲੀਨ ਪੰਜਾਬੀ ਸਾਹਿਤ: ਤੱਥ ਅਤੇ ਸਰੋਤ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 1998
- ਪੰਜਾਬੀ ਸਾਹਿਤ ਦਾ ਇਤਿਹਾਸ (ਸਹਿ. ਲੇਖਕ ਪਿਆਰਾ ਸਿੰਘ ਭੋਗਲ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ 1999.
- ਮਸਲੇ ਸ਼ੇਖ ਫਰੀਦ ਦੇ (ਸੰਪਾ.) ਭਾਸ਼ਾ ਵਿਭਾਗ ਪੰਜਾਬ, ਪਟਿਆਲਾ 2003
- ਪੰਜਾਬੀ ਖੋਜ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ 2004
- ਗੁਰੂ ਗ੍ਰੰਥ ਸਾਹਿਬ ਸੰਪਾਦਨ ਦਾ ਪਿਛੋਕੜ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 2006
- ਪੰਜਾਬੀ ਖੋਜ ਸੰਦਰਭ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 2008/2015
- ਮੱਧਕਾਲੀ ਕਾਵਿ ਸੁਗੰਧੀਆਂ (ਸੰਪਾ.) ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 2012
- ਪਰਚੀਆਂ ਭਗਤ ਨਾਮਦੇਵ, ਪੰਜਾਬ ਪ੍ਰਕਾਸ਼ਨ, ਜਲੰਧਰ, 2013
- ਖੋਜ ਵਿਧੀ ਵਿਿਗਆਨ ਅਤੇ ਪੰਜਾਬੀ ਖੋਜਕਾਰ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 2019
- ਸਾਡਾ ਸੂਫੀ ਵਿਰਸਾ, ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ 2021
ਸੋ ਇਸ ਪੁਸਤਕ ਸੂਚੀ ਨੂੰ ਧਿਆਨ ਨਾਲ ਵੇਖਿਆਂ ਸਹਿਜੇ ਹੀ ਡਾ. ਧਰਮ ਸਿੰਘ ਦੇ ਅਧਿਐਨ ਖੇਤਰ ਦਾ ਪਤਾ ਲੱਗ ਜਾਂਦਾ ਹੈ। ਇਕ ਦਹਾਕਾ ਪੁਰਾਤਨ ਕਿੱਸਿਆਂ ਦੀ ਗੱਲ ਕੀਤੀ ਤੇ ਫਿਰ ਆਧੁਨਿਕ ਖੋਜ ਤੇ ਆ ਗਏ ਮੁੜ ਮੱਧਕਾਲੀ ਸਾਹਿਤ ਵੱਲ ਐਸੀ ਚੁੱਬੀ ਮਾਰੀ ਕਿ ਆਧੁਨਿਕ ਖੋਜ ਤੋਂ ਬਿਨਾਂ ਸਾਰਾ ਕੰਮ ਮੱਧਕਾਲੀ ਸਾਹਿਤ ਬਾਰੇ ਹੀ ਕੀਤਾ ਹੈ। ਇਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਹੈ ਅਤੇ ਸੂਫੀ ਕਵੀ ਵੀ ਹਨ, ਵਾਰਤਕ ਵੀ ਹੈ ਅਤੇ ਕਾਵਿ ਵੀ। ਇਹ ਡਾ. ਧਰਮ ਸਿੰਘ ਦਾ ਸ਼ੁੱਧ ਅਕਾਦਮਿਕ ਅਕਸ ਹੈ। ਵਿਿਦਆਰਥੀ ਵਰਗ ਉਹਨਾਂ ਨੂੰ ਮੱਧਕਾਲੀ ਪੰਜਾਬੀ ਸਾਹਿਤ ਦਾ ਵਿਸ਼ੇੱਸ਼ਗ ਸਮਝਦਾ ਹੈ। ਇਕ ਦੂਸਰਾ ਅਕਸ ਵੀ ਹੈ ਜੋ ਉਹਨਾਂ ਨੂੰ ਨੇੜੇ ਤੋਂ ਜਾਣਨ ਵਾਲਿਆਂ ਲਈ ਹੈ। ਜਦੋਂ ਮੈਂ ਉਹਨਾਂ ਕੋਲ ਇਸ ਲੇਖ ਲਈ ਕੁਝ ਜਾਣਕਾਰੀ ਲੈਣ ਗਿਆ ਤਾਂ ਉਹਨਾਂ ਨੇ ਆਪਣੀ 4000 ਦੇ ਕਰੀਬ ਪੁਸਤਕਾਂ ਵਾਲੀ ਵਿਸ਼ਾਲ ਲਾਇਬ੍ਰੇਰੀ ਵਿਚ ਬੈਠਿਆਂ ਇਸ਼ਾਰਾ ਕੀਤਾ “ਹੀਰਾ ਸਿੰਘ ਔਹ ਫਾਈਲ ਫੜ੍ਹ ਕੇ ਲਿਆ”। ਇਕ ਹੀ ਥਾਂ ਦੋ ਵੱਡੀਆਂ (100-100 ਸਫੇ ਦੀਆਂ) ਫਾਈਲਾਂ ਪਈਆਂ ਸਨ, ਮੈਂ ਇਕ ਚੁੱਕ ਕੇ ਫੜਾਈ, ਉਹ ਸਫੇ ਪਲਟਣ ਲੱਗੇ। ਪਿਛਲੇ 40-50 ਸਾਲਾਂ ਵਿਚ ਉਹਨਾਂ ਦੇ ਜੋ ਲੇਖ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਸਨ ਉਹ ਸਭ ਅਖਬਾਰਾਂ ਦੀਆਂ ਅਸਲ ਕਟਿੰਗਾਂ ਤਾਰੀਕਾਂ ਪਾ ਕੇ ਅ-4 ਪੇਪਰਾਂ ਤੇ ਜੋੜੀਆਂ ਸਨ। ਇਹਨਾਂ ਪ੍ਰਕਾਸ਼ਿਤ ਪੇਪਰਾਂ ਵਿਚੋਂ ਇਕ ਨਵੇਂ ਧਰਮ ਸਿੰਘ ਦੇ ਦਰਸ਼ਨ ਹੋਏ। ਇਹਨਾਂ ਪੇਪਰਾਂ ਵਿਚ ਸਿੱਖ ਇਤਿਹਾਸ, ਸਿੱਖ ਇਤਿਹਾਸਕਾਰ, ਸਿੱਖ ਸਾਹਿਤ, ਸਿੱਖ ਸਾਹਿਤਕਾਰ, ਪਾਕਿਸਤਾਨ ਦੀ ਰਾਜਨੀਤਕ ਸਥਿਤੀ ਅਤੇ ਸਾਡੇ ਸਮਾਜਕ, ਸਭਿਆਚਾਰਕ ਵਿਸ਼ੇਸ਼ਕਰ ਕਿਸਾਨੀ ਮਸਲੇ ਵਿਚਾਰੇ ਗਏ ਸਨ। ਜਦੋਂ ਵੀ ਸਮਾਜ ਵਿਚ ਕੋਈ ਚਰਚਾ ਜਾਂ ਲਹਿਰ ਚੱਲੀ ਡਾ. ਧਰਮ ਸਿੰਘ ਨੇ ੳਹਨਾਂ ਬਾਰੇ ਆਪਣੇ ਪ੍ਰਤੀਕਰਮ ਦਿੱਤੇ ਹਨ। ਡਾ. ਧਰਮ ਸਿੰਘ ਦੀ ਖੂਬੀ ਹੈ ਕਿ ਉਹ ਲਗਾਤਾਰ ਅਖਬਾਰਾਂ ਵਿਚ ਚਰਚਿਤ ਮਸਲਿਆਂ ਬਾਰੇ ਲੇਖ ਲਿਖਦੇ ਰਹਿੰਦੇ ਹਨ ਜੋ ਆਪਣੇ ਸਮਾਜ ਪ੍ਰਤੀ ਇਕ ਚੇਤੰਨ ਚਿੰਤਕ ਦੀ ਪਛਾਣ ਹੈ। ਜਦੋਂ ਮੈਂ ਧਿਆਨ ਨਾਲ ਵੇਖਿਆ ਤਾਂ ਡਾ. ਧਰਮ ਸਿੰਘ ਹੋਰਾਂ ਦਾ ਪਹਿਲਾ ਲੇਖ ਬਰਜਿੰਦਰ ਸਿੰਘ ਹਮਦਰਦ ਦੇ ਰਸਾਲੇ ਦ੍ਰਿਸ਼ਟੀ ਵਿਚ ‘ਅੰਮ੍ਰਿਤਾ ਪੂਰਵ ਪੰਜਾਬੀ ਔਰਤਾਂ ਦਾ ਸਾਹਿਤ’ ਅਕਤੂਬਰ 1975 ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਹਿਸਾਬ ਨਾਲ ਡਾ. ਧਰਮ ਸਿੰਘ ਹੋਰਾਂ ਨੂੰ ਅਖਬਾਰਾਂ ਰਸਾਲਿਆਂ ਵਿਚ ਛਪਦਿਆਂ ਅੱਧੀ ਸਦੀ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ।
ਖੋਜ ਪਤ੍ਰਿਕਾ ਦੇ 83ਵੇਂ ਅੰਕ ਵਿਚ ਡਾ. ਧਰਮ ਸਿੰਘ ਬਾਰੇ ਡਾ. ਵਿਸ਼ਾਲ ਕੁਮਾਰ ਦੇ ਪ੍ਰਕਾਸ਼ਿਤ ਲੇਖ ਵਿਚੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਡਾ. ਧਰਮ ਸਿੰਘ ਦਾ ਜਨਮ 5 ਮਈ 1950 ਨੂੰ ਅੰਮ੍ਰਿਤਸਰ ਦੇ ਨੇੜੇ ਘਣੂਪੁਰ ਕਾਲੇ ਪਿੰਡ ਵਿਚ ਸਰਦਾਰ ਬੰਤਾ ਸਿੰਘ ‘ਦੋਧੀ’ ਦੇ ਘਰ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੀ ਕੁਖੋਂ ਹੋਇਆ ਸੀ। ਉਹਨਾਂ ਨੇ ਦਸਵੀ 1967 ਵਿਚ ਕੀਤੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1972 ਵਿਚ ਬੀ. ਏ. ਆਨਰਜ਼ ਪਾਸ ਕੀਤੀ, 1972 ਵਿਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ. ਏ. ਪੰਜਾਬੀ ਅਤੇ ਫਿਰ 1976 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀਐੱਚ. ਡੀ. ਦੀ ਡਿਗਰੀ ਲੈ ਕੇ ਬਾਅਦ ਵਿਚ ਏਥੇ ਹੀ ਪੜ੍ਹਾਉਣ ਲੱਗ ਪਏ। 2010 ਵਿਚ ਆਪ ਏਥੋਂ ਹੀ ਪ੍ਰੋਫੈਸਰ ਅਤੇ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ। ਇਸ ਸਮੇਂ ਦੀਆਂ ਦੋ ਗੱਲਾਂ ਮਹੱਤਵਪੂਰਨ ਹਨ ਜੋ ਡਾ. ਧਰਮ ਸਿੰਘ ਦੇ ਜੀਵਨ ਅਤੇ ਉਹਨਾਂ ਦੀਆ ਯਾਦਾਂ ਵਿਚ ਹਮੇਸ਼ਾਂ ਕਾਇਮ ਰਹਿੰਦੀਆਂ ਹਨ। ਪਹਿਲੀ ਇਹ ਕਿ ਉਹਨਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ. ਏ. ਪੰਜਾਬੀ ਦੇ ਦੋਵੇਂ ਸਾਲ ਅੱਵਲ ਰਹਿ ਕੇ ਪਾਸ ਕੀਤੀ ਅਤੇ ਮੈਡਲ ਜਿੱਤੇ। ਇਹ ਜਿੱਤ/ਦੌੜ ਹੀ ਉਹਨਾਂ ਨੂੰ ਸਾਰੀ ਉਮਰ ਹੱਲਾਸ਼ੇਰੀ ਦਿੰਦੀ ਰਹੀ। ਇਸ ਸਮੇਂ ਦੇ ਵਿਿਦਆਰਥੀ ਸਾਥੀਆਂ ਦੀਆਂ ਗਤੀਵਿਧੀਆਂ ਅਤੇ ਅਧਿਆਪਕਾਂ ਦੇ ‘ਕਾਰਨਾਮੇ’ ਉਹ ਬਹੁਤ ਮਜੇ ਨਾਲ ਸੁਣਾਉਂਦੇ ਹਨ। ਦੂਸਰਾ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਯੂਨਵਿਰਸਿਟੀ ਵਿਚ ਲੰਮਾ ਸਮਾਂ ਅਧਿਆਪਨ ਸੇਵਾ ਕੀਤੀ ਤਾਂ ਉਹਨਾਂ ਨੇ ਹਰ ਉਹ ਆਹੁਦਾ (ਵਿਭਾਗ ਦਾ ਮੁਖੀ, ਡੀਨ ਭਾਸ਼ਾਵਾਂ, ਸੈਨੇਟ ਅਤੇ ਸਿੰਡੀਕੇਟ ਦੇ ਮੈਂਬਰ ਆਦਿ) ਮਾਣਿਆ ਜੋ ਇਕ ਅਧਿਆਪਕ ਨੂੰ ਮਿਲ ਸਕਦਾ ਹੈ।
ਖੋਜ ਡਾ. ਧਰਮ ਸਿੰਘ ਦਾ ਪੈਸ਼ਨ ਹੈ, ਜੀਵਨ ਆਦਰਸ਼ ਹੈ। ਹਰਮੀਤ ਸਿੰਘ ਅਟਵਾਲ ਲਿਖਦੇ ਹਨ ਕਿ, “ਡਾ. ਧਰਮ ਸਿੰਘ ਦਾ ਸੁਭਾਅ ਪੰਡਤਾਊ ਹੰਕਾਰ ਤੋਂ ਬਿਲਕੁੱਲ ਮੁਕਤ ਹੈ। ਉਹ ਵਿਦਵਾਨ ਹੋ ਕੇ ਵੀ ਸਧਾਰਨ ਆਦਮੀ ਹੈ ਤੇ ਸਧਾਰਨ ਆਦਮੀ ਹੋ ਕੇ ਵੀ ਵਿਦਵਾਨ ਆਦਮੀ ਹੈ।” ਬਚਪਨ ਵਿਚ ਉਹਨਾਂ ਨੂੰ ਪਰਿਵਾਰ ਵਾਲੇ ਕੋਈ ਪ੍ਰਸੰਗ ਸੁਣਾਉਣ ਨੂੰ ਕਹਿੰਦੇ ਤਾਂ ਆਪ ਸਿੱਖ ਇਤਿਹਾਸ ਵਿਚੋਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਬੜੇ ਜੋਸ਼ ਅਤੇ ਵਿਸਥਾਰ ਨਾਲ ਸੁਣਾਉਂਦੇ। ਪਰਿਵਾਰ ਵੱਲੋਂ ਸਿੱਖ ਇਤਿਹਾਸ ਦੀ ਮਿਲੀ ਗੁੜਤੀ ਕਾਰਨ ਹੀ ਉਹ ਖੋਜ ਕਾਰਜ ਵੱਲ ਰੁਚਿਤ ਹੋਏ। ਖੋਜ ਕਾਰਜ ਅਕਾਦਮਿਕ ਖੇਤਰ ਦਾ ਸਭ ਤੋਂ ਵੱਧ ਸਿਰੜ ਵਾਲਾ ਖੇਤਰ ਹੈ। ਯੂਨੀਵਰਸਿਟੀਆਂ ਦੇ ਅਧਿਆਪਕ ਹਰ ਪੀਐੱਚ. ਡੀ. ਖੋਜਾਰਥੀ ਨੂੰ ਖੋਜੀ ਵੀ ਬਣਾਉਣਾ ਚਾਹੁੰਦੇ ਹਨ ਪਰ ਅਸਲ ਵਿਚ ਇੰਝ ਹੁੰਦਾ ਨਹੀਂ ਹੈ। 80% ਨਵੇਂ ਖੋਜੀ (ਪੀਐੱਚ. ਡੀ. ਕਰਨ ਵਾਲੇ) ਅਧਿਆਪਨ ਵੱਲ ਰੁਚਿਤ ਹੋ ਜਾਂਦੇ ਹਨ, ਇਹਨਾਂ ਵਿਚੋਂ 10 ਤੋਂ 15% ਹੀ ਅਸਲ ਵਿਚ ਅਧਿਆਪਨ ਕਰਵਾਉਂਦੇ ਹਨ ਬਾਕੀ ਖਾਨਾ ਪੂਰਤੀ ਹੀ ਕਰਦੇ ਹਨ। 15 ਤੋਂ 18% ਨਵੇਂ ਖੋਜੀ ਆਲੋਚਨਾ ਵੱਲ ਕਦਮ ਪੁੱਟਦੇ ਹਨ ਪਰ ਦੂਰ ਤੱਕ 3, 4% ਹੀ ਜਾਂਦੇ ਹਨ। ਰਹਿੰਦੇ 5% ਲੋਕ ਖੋਜ ਵੱਲ ਰੁਚਿਤ ਹੁੰਦੇ ਹਨ ਪਰ 4, 5 ਸਾਲ ਬਾਅਦ ਇਹਨਾਂ ਵਿਚੋਂ ਕੋਈ ਵਿਰਲਾ ਹੀ ਖੋਜੀ ਮਿਲਦਾ ਹੈ।
ਅਸਲ ਵਿਚ ਪੰਜਾਬੀ ਵਿਚ ਖੋਜ ਦਾ ਕਾਰਜ ਅੰਗਰੇਜ਼ਾਂ ਦੀ ਇਸ ਗੱਲ ਨਾਲ ਸ਼ੁਰੂ ਹੋਇਆ ਸੀ ਕਿ ਸਾਡੇ ਕੋਲ ਤਾਂ ਸਾਹਿਤਕ ਵਿਰਾਸਤ ਵਜੋਂ ਬਹੁਤ ਕੁਝ ਹੈ ਪਰ ਤੁਹਾਡੇ ਕੋਲ ਕੀ ਹੈ?। 19ਵੀਂ ਸਦੀ ਦੇ ਦੂਸਰੇ ਅੱਧ ਵਿਚ ਅੰਗਰੇਜ਼ ਚਿੰਤਕਾਂ ਵੱਲੋਂ ਪੰਜਾਬੀ ਲੋਕ-ਸਾਹਿਤ ਅਤੇ ਪੰਜਾਬੀ ਭਾਸ਼ਾ ਸੰਬੰਧੀ ਕੀਤੇ ਕੁਝ ਖੋਜ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਪੰਜਾਬੀ ਚਿੰਤਕਾਂ ਨੇ ਪੰਜਾਬੀ ਸਾਹਿਤ ਦੇ ਪੁਰਾਤਨ ਗ੍ਰੰਥਾਂ ਦੀ ਢੂੰਡ ਭਾਲ ਕਰਨੀ ਸ਼ੁਰੂ ਕੀਤੀ। 1950 ਤੋਂ ਬਾਅਦ ਆਜ਼ਾਦ ਭਾਰਤ ਵਿਚ ਯੂਨੀਵਰਸਿਟੀਆਂ ਵਿਚ ਇਹ ਕਾਰਜ ਇਕ ਵਿਵਸਥਾ ਦੇ ਰੂਪ ਵਿਚ ਵੱਡੇ ਪੱਧਰ ਤੇ ਸ਼ੁਰੂ ਹੋਇਆ। 1970 ਤੋਂ ਬਾਅਦ ਨਵੇਂ ਪੇਅ ਗ੍ਰੇਡ ਦੇ ਲਾਲਚ ਅਧੀਨ ਉਚੇਰੀ ਸਿਿਖਆ ਦੇ ਹਰ ਅਧਿਆਪਕ ਨੂੰ ਖੋਜੀ ਬਣਨ ਵੱਲ ਤੋਰਿਆ ਪਰ ਇਸ ਦੇ ਸਿੱਟੇ ਨਿਰਾਸ਼ਾਜਨਕ ਹੀ ਨਿਕਲੇ ਹਨ। ਖੋਜ ਬਹੁਤ ਉੱਚ ਪੱਧਰ ਦਾ ਕਾਰਜ ਹੈ ਤੇ ਇਸ ਲਈ ਖੋਜੀ ਬਿਰਤੀ ਹੋਣੀ ਜਰੂਰੀ ਹੈ ਜੋ ਕਿਸੇ ਵਿਰਲੇ ਵਿਚ ਹੀ ਹੁੰਦੀ ਹੈ।
ਮੰਡੀ ਅਤੇ ਵਸਤਪਾਲ ਰਹਿਤਲ ਵਿਚ ਖੋਜੀ ਬਿਰਤੀ ਵਾਲੇ, ਸਖਤ ਸਿਰੜ ਵਾਲੇ, ਲੰਮਾ ਅਤੇ ਨਿਸ਼ਕਾਮ ਸਫਰ ਕਰਨ ਵਾਲੇ ਵਿਰਲੇ ਹੀ ਮਿਲਦੇ ਹਨ। ਪੰਜਾਬੀ ਖੋਜ ਅਤੇ ਡਾ. ਧਰਮ ਸਿੰਘ ਦੇ ਖੋਜ-ਕਾਰਜ ਬਾਰੇ ਇਸ ਸਮੇਂ ਪੰਜਾਬੀ ਦੇ ਵੱਡੇ ਵਿਦਵਾਨ ਡਾ. ਸੁਖਦੇਵ ਸਿੰਘ ਸਿਰਸਾ ਸਹੀ ਕਹਿੰਦੇ ਹਨ ਕਿ:-
ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਮੌਲਾ ਬਖਸ਼ ਕੁਸ਼ਤਾ, ਬਾਵਾ ਬੁੱਧ ਸਿੰਘ ਅਤੇ ਮੋਹਨ ਸਿੰਘ ਦੀਵਾਨਾ ਵਰਗੇ ਖੋਜੀਆਂ ਨੇ ਪੁਰਾਤਨ ਸਾਹਿਤ ਦੀ ਖੋਜ, ਹੱਥ ਲਿਖਤਾਂ ਦੇ ਸੰਕਲਨ, ਪ੍ਰਮਾਣਿਕ ਤੇ ਸ਼ੁੱਧ ਪਾਠਾਂ ਦੇ ਨਿਰਧਾਰਣ, ਬੇਨਾਮ ਲਿਖਤਾਂ ਦੇ ਲੇਖਕਾਂ ਦੀ ਪਛਾਣ ਸਥਾਪਤ ਕਰਨ ਅਤੇ ਪੁਰਾਣੇ ਲੇਖਕਾਂ ਦੇ ਜੀਵਨ ਬਿਰਤਾਂਤ ਆਦਿ ਲਿਖ ਕੇ ਪੰਜਾਬੀ ਵਿਚ ਸਾਹਿਤਕ ਖੋਜ ਨੂੰ ਭਰਵਾਂ ਹੁਲਾਰਾ ਦਿੱਤਾ ਸੀ। ਵੀਹਵੀਂ ਸਦੀ ਦੇ ਪਿਛਲੇ ਅੱਧ ਵਿਚ ਪ੍ਰੋ ਪ੍ਰੀਤਮ ਸਿੰਘ, ਪਿਆਰਾ ਸਿੰਘ ਪਦਮ, ਸ਼ਮਸ਼ੇਰ ਸਿੰਘ ਅਸ਼ੋਕ, ਡਾ. ਪਿਆਰ ਸਿੰਘ, ਸ. ਸ. ਪਦਮ, ਜੀਤ ਸਿੰਘ ਸੀਤਲ, ਹਰਨਾਮ ਸਿੰਘ ਸ਼ਾਨ ਅਤੇ ਡਾ. ਗੁਰਦੇਵ ਸਿੰਘ ਸਿੱਧੂ (ਪਟਿਆਲਾ) ਆਦਿ ਵਿਦਵਾਨ ਪੰਜਾਬੀ ਦੀ ਸਾਹਿਤਕ ਖੋਜ ਦੇ ਖੇਤਰ ਵਿਚ ਪੇਸ਼ ਪੇਸ਼ ਰਹੇ ਹਨ। ਸਾਹਿਤ ਦੀ ਖੋਜ, ਸੰਭਾਲ, ਅਧਿਆਪਨ ਅਤੇ ਸਾਹਿਤ ਦੇ ਮੁਲਾਂਕਣ ਲਈ ਸਥਾਪਤ ਅਕਾਦਮਿਕ ਅਦਾਰਿਆਂ ਵਿਚ ਖੋਜ ਦੀ ਥਾਂ ਖਾਨਾਪੂਰਤੀ ਹੋ ਰਹੀ ਹੈ। ਲੋਕਧਾਰਾ ਤੇ ਲੋਕ-ਸਾਹਿਤ ਦੇ ਖੇਤਰ ਵਿਚ ਹੋ ਰਹੀ ਖੋਜ ਦੀ ਸਥਿਤੀ ਕੁਝ ਬਿਹਤਰ ਹੈ, ਪਰ ਉਥੇ ਵੀ ਸਿਖਲਾਈ-ਜਾਬਤਾ ਖੋਜੀਆਂ ਅਤੇ ਲੋਕਧਾਰਾਈ ਸਮੱਗਰੀ ਦੀ ਖੋਜ, ਪੁਣ-ਛਾਣ ਤੇ ਸੰਭਾਲ ਲਈ ਲੋੜੀਂਦੇ ਉਪਕਰਣਾਂ ਜਾਂ ਸਾਧਨਾ ਦਾ ਅਭਾਵ ਹੈ। ਸਮਕਾਲੀ ਪੰਜਾਬੀ ਅਕਾਦਮਿਕ ਜਗਤ ਵਿਚ ਸਾਹਿਤਕ ਖੋਜ ਨੂੰ ਸਮਰਪਿਤ ਇਕੋ ਇਕ ਵਿਦਵਾਨ ਡਾ. ਧਰਮ ਸਿੰਘ ਹੀ ਨਜ਼ਰ ਆਉਂਦਾ ਹੈ।
ਡਾ. ਸਿਰਸਾ ਦੀ ਇਹ ਟਿੱਪਣੀ ਜਿੱਥੇ ਡਾ. ਧਰਮ ਸਿੰਘ ਦੀ ਹਸਤੀ ਨੂੰ ਹੋਰ ਉੱਚਿਆਂ ਕਰਦੀ ਹੈ ਉਥੇ ਪੰਜਾਬੀ ਖੋਜ ਦੀ ਸਥਿਤੀ ਨੂੰ ਤਰਸਯੋਗ ਹਾਲਤ ਵਿਚ ਦੱਸਦੀ ਹੈ। ਡਾ. ਧਰਮ ਸਿੰਘ ਖੁਦ ਪੰਜਾਬੀ ਖੋਜ ਦੀ ਵਰਤਮਾਨ ਸਥਿਤੀ ਤੋਂ ਨਿਰਾਸ਼ ਹਨ। ਉਹਨਾਂ ਅਨੁਸਾਰ ਹੁਣ ਦੇ ਵਿਦਵਾਨਾਂ ਕੋਲ ਨਾਂ ਤਾਂ ਬਹੁ-ਭਾਸ਼ਾਈ (ਹਿੰਦੀ, ਸੰਸਕ੍ਰਿਤ, ਉਰਦੂ, ਅਰਬੀ ਅਤੇ ਫਾਰਸੀ ਤੋਂ ਬਿਨਾਂ ਅੰਗਰੇਜ਼ੀ) ਗਿਆਨ ਹੈ ਜੋ ਪੁਰਾਤਨ ਹੱਥ ਲਿਖਤਾਂ ਦੀ ਪਛਾਣ, ਸੋਧ ਅਤੇ ਸੰਕਲਨ ਲਈ ਜਰੂਰੀ ਹੈ ਅਤੇ ਨਾਂ ਹੀ ਅੱਜ ਦੇ ਵਿਦਵਾਨ ਕਿਸੇ ਇਕ ਵਿਸ਼ੇ ਤੇ ਲੰਮਾ ਸਮਾਂ ਲਗਾ ਸਕਦੇ (ਲਗਾਉਂਦੇ) ਹਨ। ਉਹਨਾਂ ਅਨੁਸਾਰ ਖੋਜ ਸਮਾਂ ਮੰਗਦੀ ਹੈ ਪਰ ਅੱਜ ਦੀ ਨਵੀਂ ਪੀੜ੍ਹੀ ਤੱਟਫੱਟ ਕੰਮ ਕਰਨਾ ਚਾਹੁੰਦੀ ਹੈ। ਏਸੇ ਲਈ ਖੋਜ ਦਾ ਕੰਮ ਮਕਾਨਕੀ ਬਣਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਪੰਜਾਬੀ ਵਿਚ ਛਪ ਰਹੀਆਂ ਪੁਸਤਕਾਂ ਵਿਚ ਜਦੋਂ ਢੇਰ ਸਾਰੀਆਂ ਪਰੂਫ ਰੀਡਿੰਗ ਦੀਆਂ ਗਲਤੀਆਂ ਵੇਖੀਆਂ ਜਾਂਦੀਆਂ ਹਨ ਤਾਂ ਪੰਜਾਬੀ ਪ੍ਰਕਾਸ਼ਨਾ ਦੇ ਮਿਆਰ ਤੇ ਨਿਰਾਸ਼ਾ ਹੁੰਦੀ ਹੈ। ਪੁਸਤਕ ਦੇ ਪ੍ਰਕਾਸ਼ਕ ਕੋਲ ਕੋਈ ਸੰਪਾਦਕ/ਸੋਧਕ ਮੰਡਲ ਨਹੀਂ ਹੁੰਦਾ। ਡਾ. ਧਰਮ ਸਿੰਘ ਅੱਜ ਦੇ ਸਮੇਂ ਵਿਚ ਹੋ ਰਹੀ ਖੋਜ ਤੋਂ ਇਸ ਲਈ ਵੀ ਨਿਰਾਸ਼ ਹਨ ਕਿ ਇਸ ਵਿਚ ਪੀਸੇ ਨੂੰ ਮੁੜ ਪੀਸਿਆ ਜਾ ਰਿਹਾ ਹੈ। ਇਕ ਹੀ ਵਿਸ਼ੇ ਤੇ ਦੋ-ਦੋ ਖੋਜ-ਪ੍ਰਬੰਧ ਛਪੇ ਮਿਲ ਰਹੇ ਹਨ। ਅਸਲ ਵਿਚ ਅਧਿਆਪਨ ਅਤੇ ਖੋਜ ਕਾਰਜ ਪਰ-ਨਿਰਭਰਤਾ ਵਾਲਾ ਕਾਰਜ ਹੈ। ਅਧਿਆਪਕ/ਖੋਜੀ ਨੂੰ ਜੀਵਨ ਨਿਰਬਾਹ ਦੀ ਫਿਕਰ ਨਾ ਹੋਵੇ। ਦੂਸਰੇ ਪਾਸੇ ਸਰਮਾਏਦਾਰੀ ਦੇ ਸਿਖਰ ਵੱਲ ਵਧ ਰਹੀ ਸਾਡੀ ਆਰਥਿਕ ਵਿਵਸਥਾ ਅਧਿਆਪਕਾਂ ਨੂੰ ਵੀ ਸਾਧਾਰਨ ਕਾਮਿਆਂ ਵਾਂਗ ਸਮਝ ਕੇ ਉਹਨਾਂ ਤੋਂ ਸਰੀਰਕ ਮੁਸ਼ੱਕਤ ਕਰਵਾਉਣਾ ਚਾਹੁੰਦੀ ਹੈ ਅਜਿਹੀ ਸਥਿਤੀ ਵਿਚੋਂ ਚੰਗੇ ਨਤੀਜੇ ਨਹੀਂ ਨਿਕਲ ਸਕਦੇ ਜਿਸ ਕਾਰਨ ਸਾਡਾ ਅਕਾਦਮਿਕ ਢਾਂਚਾ ਜਰਜਰਾ ਹੋ ਰਿਹਾ ਹੈ।
ਡਾ. ਧਰਮ ਸਿੰਘ ਨੇ ਆਪਣੀ ਖੋਜ ਸਮੇਂ ਦੀ ਧੂੜ ਵਿਚ ਲੁਪਤ ਕਵੀ ਸੌਂਧਾ ਦੀਆਂ ਲਿਖਤਾਂ ਲੱਭਣ ਤੋਂ ਸ਼ੁਰੂ ਕੀਤੀ। ਇਹ ਸਮਾਂ (1960-70 ਦਾ) ਪੁਰਾਤਨ ਲਿਖਤਾਂ ਨੂੰ ਲੱਭ ਕੇ ਉਹਨਾਂ ਦੀ ਸਹੀ ਪਛਾਣ ਕਰਕੇ, ਉਹਨਾਂ ਦੀ ਸੋਧ ਕਰਕੇ ਪ੍ਰਕਾਸ਼ਿਤ ਕਰਨ ਦਾ ਅਖੀਰਲਾ ਸਮਾਂ ਸੀ ਕਿਉਂਕਿ ਇਹ ਕੰਮ ਪੰਜਾਬੀ ਵਿਚ ਵਿਕੋਲਿੱਤਰੇ ਰੂਪ ਵਿਚ 1880-90 ਵਿਚ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ ਅਤੇ 1920-30 ਤੱਕ ਇਸ ਨੂੰ ਪੰਜਾਬੀ ਵਿਦਵਾਨਾਂ ਨੇ ਸੰਭਾਲ ਲਿਆ ਸੀ। ਡਾ. ਮੋਹਨ ਸਿੰਘ ਦੀਵਾਨਾ ਪੁਰਾਤਨ ਲਿਖਤਾਂ ਲੱਭਣ ਅਤੇ ਸੰਭਾਲਣ ਵਾਲਾ ਪ੍ਰਮੁੱਖ ਵਿਦਵਾਨ ਹੈ। ਡਾ. ਧਰਮ ਸਿੰਘ ਦੀ ਖੋਜ ਬਾਰੇ ਪੰਜਾਬੀ ਦੇ ਪ੍ਰਮੁੱਖ ਵਿਦਵਾਨ ਡਾ. ਤਾਰਨ ਸਿੰਘ ਨੇ ਬਹੁਤ ਪ੍ਰਸੰਸਾ ਕੀਤੀ ਹੈ, ਇਵੇਂ ਹੀ ਡਾ. ਹਰਿਭਜਨ ਸਿੰਘ ਆਪਣੀ ਰਿਪੋਰਟ ਵਿਚ ਲਿਖਦੇ ਹਨ ਕਿ, “ਕਵੀ ਸੌਂਧਾ ਦੇ ਜੀਵਨ ਤੇ ਰਚਨਾ ਨਾਲ ਸੰਬੰਧਤ ਇਹ ਥੀਸਿਸ ਤੱਥ ਅਤੇ ਤੱਤ ਦੋਹਾਂ ਤਰ੍ਹਾਂ ਦੀ ਖੋਜ ਨਾਲ ਸੰਬੰਧਤ ਹੈ। ਕਵੀ ਸੌਂਧਾ ਦੇ ਜੀਵਨ ਤੇ ਕਿਰਤ ਬਾਰੇ ਵਿਸ਼ਾਲ ਗਿਆਨ ਦੇਣ ਵਾਲੀ ਇਹ ਖੋਜ ਸਾਡੇ ਗਿਆਨ ਦੀਆਂ ਹੱਦਾਂ ਨੂੰ ਵਿਸਥਾਰਦੀ ਹੈ। ਖੋਜੀ ਦੀ ਭਾਸ਼ਾ ਸਰਲ ਪਰ ਪ੍ਰੌੜ ਬਿਰਤੀ ਵਾਲੀ ਹੈ। ਉਸ ਦੀ ਪੇਸ਼ਕਾਰੀ ਸੰਤੁਲਿਤ ਅਤੇ ਸਹਿਜ ਸੁਭਾਅ ਵਾਲੀ ਹੈ। ਖੋਜਕਾਰੀ ਦੀ ਵਿਧੀ ਬਾਰੇ ਉਸ ਨੂੰ ਯੋਗ ਜਾਣਕਾਰੀ ਹੈ ਜਿਸ ਦੀ ਉਸ ਬੜੇ ਸੁਚੱਜ ਨਾਲ ਵਰਤੋਂ ਕੀਤੀ ਹੈ।”
ਡਾ. ਧਰਮ ਸਿੰਘ ਦੀ ਖੋਜ ਦਾ ਇਕ ਖੇਤਰ ਪਾਕਿਸਤਾਨੀ ਪੰਜਾਬੀ ਸਾਹਿਤ ਦੀ ਖੋਜ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਦੀ ਸਥਿਤੀ, ਉਥੇ ਹੋ ਰਹੀ ਖੋਜ ਅਤੇ ਡਾ. ਧਰਮ ਸਿੰਘ ਦੀ ਉਸ ਖੋਜ ਬਾਰੇ ਰਾਇ ਨੂੰ ਪਾਕਿਸਤਾਨੀ ਵਿਦਵਾਨਾਂ ਅਤੇ ਭਾਰਤੀ ਪੰਜਾਬੀ, ਅੰਗਰੇਜ਼ੀ ਅਖਬਾਰਾਂ ਨੇ ਖੂਬ ਵਡਿਆਇਆ ਹੈ। ਡਾ. ਧਰਮ ਸਿੰਘ ਨੇ ਪੰਜਾਬ ਯੂਨਵਿਰਸਿਟੀ ਲਾਹੌਰ ਦੇ ਖੋਜਾਰਥੀਆਂ ਦੇ ਕਈ ਖੋਜ ਨਿਬੰਧਾਂ ਦਾ ਵਿਸ਼ਲੇਸ਼ਣ ਕਰਕੇ ਖੋਜਾਰਥੀਆਂ ਦਾ ਔਨਲਾਈਨ ਵਾਈਵਾ ਵੀ ਲਿਆ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਜਗਤ ਵਿਚ ਡਾ. ਧਰਮ ਸਿੰਘ ਦਾ ਬਹੁਤ ਸਤਿਕਾਰ ਹੈ।
ਡਾ. ਧਰਮ ਸਿੰਘ ਦੀ ਇਕ ਖਾਸੀਅਤ ਇਹ ਵੀ ਹੈ ਕਿ ਜਿੱਥੇ ਉਹ ਆਪ ਚੋਟੀ ਦੇ ਖੋਜੀ ਹਨ ਉਥੇ ਉਹ ਆਪਣੇ ਤੋਂ ਪਹਿਲਾਂ ਹੋ ਗੁਜ਼ਰੇ ਖੋਜੀਆਂ ਦੇ ਕੰਮ ਅਤੇ ਉਹਨਾਂ ਦੀ ਸ਼ਖਸੀਅਤ ਤੋਂ ਪੂਰੀ ਤਰ੍ਹਾਂ ਮੁਤਾਸਰ ਹਨ। ਉਹ ਆਪਣੀ ਪੁਸਤਕ ‘ਖੋਜ ਵਿਧੀ ਵਿਿਗਆਨ ਅਤੇ ਪੰਜਾਬੀ ਖੋਜਕਾਰ’ ਵਿਚ ਜਿਥੇ ਭਾਈ ਵੀਰ ਸਿੰਘ, ਪਿਆਰਾ ਸਿੰਘ ਪਦਮ, ਡਾ. ਪਿਆਰ ਸਿੰਘ ਅਤੇ ਪ੍ਰੋ. ਪ੍ਰੀਤਮ ਸਿੰਘ ਦੇ ਖੋਜ-ਕਾਰਜ ਦੀ ਵਿਸਥਾਰ ਵਿਚ ਜਾਣਕਾਰੀ ਦਿੰਦੇ ਹਨ ਉਥੇ ਉਹਨਾਂ ਦੇ ਖੋਜ ਕਾਰਜ ਦੀ ਪ੍ਰਸੰਸਾ ਵੀ ਕਰਦੇ ਹਨ। ਇਸ ਪੁਸਤਕ ਵਿਚੋਂ ਪੰਜਾਬੀ ਖੋਜ ਦੇ ਮੁਹਾਂਦਰੇ ਨੂੰ ਸਹਿਜੇ ਹੀ ਪਛਾਣਿਆਂ ਜਾ ਸਕਦਾ ਹੈ। ਇਸ ਪੁਸਤਕ ਬਾਰੇ ਡਾ. ਸੁਖਦੇਵ ਸਿੰਘ ਸਿਰਸਾ ਲਿਖਦੇ ਹਨ, “ਖੋਜ ਵਿਧੀ ਵਿਿਗਆਨ ਅਤੇ ਪੰਜਾਬੀ ਖੋਜਕਾਰ ਪੁਸਤਕ ਖੋਜ ਦੀ ਸਿਧਾਂਤਕਾਰੀ, ਸਾਹਿਤਕ ਖੋਜ ਨੂੰ ਦਰਪੇਸ਼ ਚੁਣੌਤੀਆਂ, ਖੋਜ ਨਾਲ ਸੰਬੰਧਤ ਸੰਕਲਪਾਂ/ਪਦਾਂ ਦੀ ਵਿਆਖਿਆ ਅਤੇ ਚੋਣਵੇਂ ਖੋਜੀਆਂ ਦੀ ਖੋਜ ਦੇ ਹਵਾਲੇ ਨਾਲ ਪੰਜਾਬੀ ਖੋਜ ਦਾ ਇਤਿਹਾਸ ਹੀ ਨਹੀਂ, ਇਹ ਪੁਸਤਕ ਨਵੇਂ ਖੋਜੀਆਂ ਲਈ ਰਾਹ ਦਸੇਰੇ ਦੀ ਹੈਸੀਅਤ ਵੀ ਰੱਖਦੀ ਹੈ।”
ਡਾ. ਧਰਮ ਸਿੰਘ ਦਾ ਸਭ ਤੋਂ ਵੱਧ ਚਰਚਿਤ ਕੰਮ ਹੁਣ ਤੱਕ ਪੰਜਾਬੀ ਵਿਚ ਹੋਈ ਪੀਐੱਚ. ਡੀ. ਪੱਧਰ ਦੀ ਖੋਜ ਬਾਰੇ ਹੈ। ਉਹਨਾਂ ਨੇ ਹੁਣ ਤੱਕ ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੋਏ ਸਾਰੇ ਖੋਜ ਪ੍ਰਬੰਧਾਂ ਦੀ ਜਾਣਕਾਰੀ ਲਈ ਅਤੇ ਉਸਨੂੰ ਇਕ ਪੁਸਤਕ ਵਿਚ ਪ੍ਰਕਾਸ਼ਿਤ ਕਰ ਦਿੱਤਾ। ਇਸ ਜਾਣਕਾਰੀ ਵਿਚ ਖੋਜਕਾਰ (ਖੋਜਾਰਥੀ) ਦਾ ਨਾਮ , ਖੋਜ-ਪ੍ਰਬੰਧ ਦਾ ਸਿਰਲੇਖ, ਯੂਨੀਵਰਸਿਟੀ ਦਾ ਨਾਮ ਅਤੇ ਖੋਜ ਮੁਕੰਮਲ ਹੋਣ ਦਾ ਸਾਲ ਦਰਜ ਹੈ। ਜੇ ਕੋਈ ਖੋਜ-ਪ੍ਰਬੰਧ ਪ੍ਰਕਾਸ਼ਿਤ ਹੋ ਗਿਆ ਹੈ ਤਾਂ ਖੋਜ ਪ੍ਰਬੰਧ ਦੇ ਨਾਲ ਹੀ ਹੇਠਾਂ ਉਸ ਬਾਰੇ ਜਾਣਕਾਰੀ ਦਰਜ ਹੈ ਜਿਸ ਵਿਚ ਉਸ ਦੇ ਪ੍ਰਕਾਸ਼ਕ ਦਾ ਨਾਮ ਅਤੇ ਪ੍ਰਕਾਸ਼ਨ ਸਾਲ ਵੀ ਦਰਜ ਹੈ। ਇਹ ਪੁਸਤਕ ਬੜੇ ਵਿਵਸਥਿਤ ਢੰਗ ਨਾਲ ਪ੍ਰਕਾਸ਼ਿਤ ਕੀਤੀ ਹੈ। ਪਹਿਲਾਂ ਕਵਿਤਾ ਨਾਲ ਸੰਬੰਧਤ ਖੋਜ-ਪ੍ਰਬੰਧ ਹਨ। ਇਸ ਭਾਗ ਨੂੰ ਵੀ ਅੱਗੋਂ ਦੋ ਹਿੱਸਿਆ ਵਿਚ ਵੰਡਿਆ ਹੈ ਪਹਿਲਾਂ ਮੱਧਕਾਲ ਦੀ ਕਵਿਤਾ ਬਾਰੇ ਖੋਜ-ਪ੍ਰਬੰਧ ਸ਼ਾਮਲ ਕੀਤੇ ਗਏ ਹਨ ਫਿਰ ਆਧੁਨਿਕ ਕਵਿਤਾ ਬਾਰੇ। ਇਵੇਂ ਹੀ ਪਹਿਲਾਂ ਪੁਰਾਤਨ ਵਾਰਤਕ ਬਾਰੇ ਅਤੇ ਫਿਰ ਆਧੁਨਿਕ ਵਾਰਤਕ ਬਾਰੇ ਖੋਜ-ਪ੍ਰਬੰਧ ਸ਼ਾਮਲ ਕੀਤੇ ਗਏ ਹਨ। ਇਸ ਤੋਂ ਬਾਅਦ ਗਲਪ, ਲੋਕਧਾਰਾ/ਸਭਿਆਚਾਰ ਬਾਰੇ ਫਿਰ ਨਾਟਕ ਇਕਾਂਗੀ ਅਤੇ ਰੰਗਮੰਚ ਬਾਰੇ ਫਿਰ ਪਰਵਾਸੀ ਪੰਜਾਬੀ ਸਾਹਿਤ ਬਾਰੇ ਫਿਰ ਮੈਟਾ ਆਲੋਚਨਾ ਬਾਰੇ ਫਿਰ ਪਾਕਿਸਤਾਨ ਵਿਚ ਪ੍ਰਵਾਨਿਤ ਹੋਏ ਖੋਜ ਪ੍ਰਬੰਧਾਂ ਬਾਰੇ ਜਾਣਕਾਰੀ ਦਰਜ ਕੀਤੀ ਗਈ ਹੈ ਫਿਰ ਪੰਜਾਬੀ ਭਾਸ਼ਾ ਬਾਰੇ ਪ੍ਰਵਾਨਿਤ ਖੋਜ-ਪ੍ਰਬੰਧ ਦਰਜ ਹਨ ਫਿਰ ਸਾਹਿਤ ਇਤਿਹਾਸ ਬਾਰੇ, ਫਿਰ ਪੰਜਾਬੀ ਬਾਲ ਸਾਹਿਤ ਬਾਰੇ ਫਿਰ ਹਵਾਲਾ ਸਾਹਿਤ ਬਾਰੇ ਅਤੇ ਅਖੀਰ ਵਿਚ ਫੁਟਕਲ ਦਰਜ ਹਨ। ਅੱਗੇ ਜਾ ਕੇ ਉਹਨਾਂ ਨੇ ਪੰਜਾਬੀ ਸਾਹਿਤ ਬਾਰੇ ਅੰਗਰੇਜ਼ੀ ਵਿਚ ਪ੍ਰਵਾਨਿਤ ਖੋਜ-ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਸ ਨਾਲ ਸਾਨੂੰ ਪੰਜਾਬੀ ਖੋਜ ਦੇ ਇਤਿਹਾਸ ਬਾਰੇ, ਇਸ ਦੀ ਸ਼ੁਰੂਆਤ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਪੰਜਾਬੀ ਵਿਸ਼ੇ ਵਿਚ ਡਾਕਟਰੇਟ ਦੀ ਡਿਗਰੀ ਵਾਲਾ ਹਰ ਸ਼ਖਸ ਇਸ ਗ੍ਰੰਥ ਵਿਚੋਂ ਆਪਣਾ ਨਾਮ ਦੇਖ ਸਕਦਾ ਹੈ। 2008 ਅਤੇ 2015 ਵਾਲੇ ਸੰਸਕਰਣ ਵਿਚ ਵਿਿਸ਼ਆਂ ਦੀ ਤਰਤੀਬ ਬਦਲੀ ਹੋਈ ਹੈ। 2015 ਵਾਲੇ ਸੰਸਕਰਣ ਵਿਚ 1859 ਖੋਜ-ਪ੍ਰਬੰਧਾਂ ਦੀ ਜਾਣਕਾਰੀ ਦਰਜ ਹੈ। ਇਸ ਪੁਸਤਕ ਬਾਰੇ ਪੰਜਾਬੀ ਦੇ ਪ੍ਰਮੁੱਖ ਮੈਟਾ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ ਜੀ ਲਿਖਦੇ ਹਨ ਕਿ, “ਇਸ ਵਿਚ ਦਰਜ 1410 ਖੋਜ ਪ੍ਰਬੰਧਾਂ (ਪੀਐੱਚ. ਡੀ. ਦੇ ਥੀਸਿਜ਼ਾਂ) ਦਾ ਵੇਰਵਾ ਹੈ ਜੋ ਇਕ ਪਾਸੇ ਪੰਜਾਬੀ ਖੋਜ ਦੇ ਫੈਲਾਓ, ਵਿਸਥਾਰ ਤੇ ਮਹਾਂਦ੍ਰਿਸ਼ ਨੂੰ ਪ੍ਰਗਟਾਉਂਦਾ ਹੈ, ਦੂਜੇ ਪਾਸੇ ਦੁਰਵਰਤੋਂ, ਮੰਡੀ ਦੇ ਵਰਤਾਰਿਆਂ ਦੀ ਕਾਰਜਸ਼ੀਲਤਾ ਅਤੇ ਸੱਚ ਦੀ ਪਛਾਣ ਦੀ ਬਜਾਇ ਅਗਿਆਨਤਾ ਤੇ ਹਨੇਰ ਦੇ ਫੈਲਾਓ ਆਦਿ ਵੱਲ ਵੀ ਤਲਖ ਟਿੱਪਣੀਆਂ ਕਰਦਾ ਹੈ।” ਸਪੱਸ਼ਟ ਹੈ ਕਿ ਇਸ ਵਿਚ ਜਿੱਥੇ ਪੰਜਾਬੀ ਖੋਜ ਦੇ ਇਤਿਹਾਸ ਦੀ ਪਛਾਣ ਕਰਵਾ ਕੇ ਜਿਥੇ ਇਕ ਗੌਰਵ ਨੂੰ ਸਾਹਮਣੇ ਲਿਆਂਦਾ ਹੈ ਉਥੇ ਇਸ ਦੀਆਂ ਵਰਤਮਾਨ ਹਾਲਤਾਂ ਦਾ ਨਿਵਾਣ ਸਪੱਸ਼ਟ ਕਰਕੇ ਪੰਜਾਬੀ ਵਿਦਵਤਾ ਦੇ ਹਨੇਰੇ ਪੱਖ ਨੂੰ ਵੀ ਪੇਸ਼ ਕੀਤਾ ਹੈ।
1985 ਵਿਚ ਡਾ. ਧਰਮ ਸਿੰਘ ਹੋਰਾਂ ‘ਪੰਜਾਬੀ ਦੇ ਪ੍ਰਵਾਨਿਤ ਖੋਜ-ਪ੍ਰਬੰਧ’ ਸਿਰਲੇਖ ਹੇਠ ਇਹ ਸੰਕਲਨ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਸੀ। ਯਕੀਨਨ ਤਿੰਨ ਚਾਰ ਸਾਲ ਪਹਿਲਾਂ ਇਹ ਕਾਰਜ ਸ਼ੁਰੂ ਕੀਤਾ ਹੋਵੇਗਾ। ਇਸ ਵਿਚ 1984 ਤੱਕ ਦੇ ਖੋਜ-ਪ੍ਰਬੰਧਾਂ ਬਾਰੇ ਜਾਣਕਾਰੀ ਸ਼ਾਮਲ ਸੀ। ਜਦੋਂ ਇਹ ਪੁਸਤਕ ਲੋਕਾਂ ਸਾਹਮਣੇ ਆਈ ਤਾਂ ਇਕ ਦਮ ਚਰਚਾ ਵਿਚ ਆ ਗਈ। ਪਾਠਕਾਂ ਚਿੰਤਕਾਂ ਦੇ ਹੌਸਲੇ ਨੇ ਡਾ. ਧਰਮ ਸਿੰਘ ਦਾ ਵੀ ਹੌਸਲਾ ਵਧਾਇਆ। ਉਹਨਾਂ ਨੇ ਇਸ ਕਾਰਜ ਨੂੰ ਅੱਗੇ ਜਾਰੀ ਰੱਖਿਆ ਅਤੇ 2008 ਵਿਚ ‘ਪੰਜਾਬੀ ਖੋਜ ਸੰਦਰਭ’ ਸਿਰਲੇਖ ਅਧੀਨ ਇਹ ਜਾਣਕਾਰੀ ਦੁਬਾਰਾ ਪ੍ਰਕਾਸ਼ਿਤ ਕਰਵਾਈ। ਪਾਠਕਾਂ ਦੀ ਮੰਗ ਤੇ ਇਸ ਪੁਸਤਕ ਦੇ ਅਗਲੇ ਸੰਸਕਰਣ 2015 ਅਤੇ 2018 ਵਿਚ ਆਏ। ਜਦੋਂ ਮੈਂ ਡਾ. ਸਾਹਿਬ ਨੂੰ ਮਿਲਣ ਗਿਆ ਅਤੇ ਉਹਨਾਂ ਦੇ ਰੁਝੇਵੇਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਕ ਤਾਂ ਉਹ ਪਾਕਿਸਤਾਨ ਵਿਚਲੀ ਪੰਜਾਬੀ ਖੋਜ ਬਾਰੇ ਜਾਣਕਾਰੀ ਦਿੰਦੀ ਪੁਸਤਕ ਲਿਖ ਰਹੇ ਹਨ, ਦੂਸਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਉਹਨਾਂ ਸੰਬੰਧੀ ਕੁਝ ਅਣਸੁਲਝੇ ਸਵਾਲਾਂ ਬਾਰੇ ਪੁਸਤਕ ਲਿਖ ਰਹੇ ਹਨ ਅਤੇ ਤੀਸਰੀ ਪੁਸਤਕ ਵਜੋਂ ‘ਪੰਜਾਬੀ ਖੋਜ ਸੰਦਰਭ’ ਦੇ ਨਵੇਂ ਸੰਸਕਰਣ ਦੀ ਤਿਆਰੀ ਵਿਚ ਲੱਗੇ ਹੋਏ ਹਨ। 75 ਸਾਲਾਂ ਦੀ ਉਮਰ ਵਿਚ ਜਵਾਨਾਂ ਵਾਲੀ ਸਿਰੜ ਨਾਲ ਖੋਜ ਕਾਰਜ ਵਿਚ ਲੱਗੇ ਵੇਖ ਕੇ ਮੇਰਾ ਸਿਰ ਝੁਕ ਗਿਆ। ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਬਖਸ਼ੇ ਤਾਂ ਜੋ ਉਹ ‘ਪੰਜਾਬੀ ਖੋਜ’ ਦੀ ਸਿਹਤ ਨੂੰ ਤਗੜਿਆਂ ਕਰ ਸਕਣ।



