ਨਾਗਰਿਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖ਼ਤਮ ਕੀਤੀ ਜਾ ਰਹੀ ਹੈ-ਚਣਕੋਆ
ਕਪੂਰਥਲਾ,28 ਜਨਵਰੀ (ਕੌੜਾ)- ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਸੋਸਾਇਟੀ ਰਜਿ ਰੇਲ ਕੋਚ ਫੈਕਟਰੀ, ਕਪੂਰਥਲਾ ਵੱਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੀ ਖੁਸ਼ੀ ਵਿੱਚ ਆਰ.ਸੀ.ਐਫ ਦੀ ਵੈਸਟ ਕਲੋਨੀ ਦੇ ਵਰਕਰ ਕਲੱਬ ਵਿਖੇ 75ਵੇਂ ਗਣਤੰਤਰ ਦਿਵਸ/ਸੰਵਿਧਾਨ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਮਾਨਯੋਗ ਸ਼੍ਰੀ ਲਾਲ ਵਿਸ਼ਵਾਸ ਐੱਸ ਡੀ.ਐਮ ਕਪੂਰਥਲਾ, ਮਿਸ਼ਨਰੀ ਲੇਖਕ ਸ਼੍ਰੀ ਚਮਨ ਲਾਲ ਚਣਕੋਆ, ਡਿਪਟੀ ਕਮਾਂਡੈਂਟ ਆਰ ਪੀ ਐੱਫ ਸ਼੍ਰੀ ਨਰਿੰਦਰ ਕੁਮਾਰ ਅਤੇ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਆਦਿ ਨੇ ਸਾਂਝੇ ਤੌਰ ‘ਤੇ ਕੀਤੀ।
ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਵਿਚਾਰ ਗੋਸ਼ਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਆਮ ਲੋਕਾਂ ਨੂੰ ਭਾਰਤੀ ਸੰਵਿਧਾਨ ਪ੍ਰਤੀ ਜਾਣਕਾਰੀ ਦੇਣ ਅਤੇ ਇਸ ਦੀ ਅਹਿਮੀਅਤ ਦੱਸਣ ਲਈ ਮਨਾਇਆ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਲਾਰਡ ਬੁੱਧ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਸ੍ਰੀ ਪੂਰਨ ਸਿੰਘ ਨੇ ਭਾਰਤੀ ਸੰਵਿਧਾਨ ਦੀ ਉਦੇਸ਼ਿਕਾ ਦੀ ਸੌਂਹ ਚੁਕਾਈ। ਇਸ ਸ਼ੁਭ ਮੌਕੇ ‘ਤੇ ਮੁੱਖ ਮਹਿਮਾਨ ਸ਼੍ਰੀ ਲਾਲ ਵਿਸ਼ਵਾਸ ਨੇ ਹਾਜ਼ਰੀਨ ਨੂੰ ਭਾਰਤੀ ਸੰਵਿਧਾਨ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ 26 ਜਨਵਰੀ1950 ਦਾ ਭਾਰਤ ਦੇ ਲੋਕਾਂ ਲਈ ਸੁਨਹਿਰੀ ਦਿਨ ਹੈ। ਇਸ ਦਿਨ ਭਾਰਤੀ ਸੰਵਿਧਾਨ ਲਾਗੂ ਹੋਇਆ ਅਤੇ ਭਾਰਤ ਨੂੰ ਇੱਕ ਪੂਰਨ ਗਣਤੰਤਰ ਰਾਜ ਘੋਸ਼ਿਤ ਕੀਤਾ ਗਿਆ ਸੀ। ਗਣਤੰਤਰ ਦਿਵਸ ਰਾਸ਼ਟਰੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਸ਼੍ਰੀ ਵਿਸ਼ਵਾਸ਼ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ, ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਵੀ ਇਸ ਨੂੰ ਪੀਵੇਗਾ ਉਹ ਦਹਾੜੇਗਾ। ਬੱਚਿਆਂ ਦਾ ਭਵਿੱਖ ਮਾਪਿਆਂ ਦੇ ਹੱਥਾਂ ਵਿੱਚ ਹੈ, ਉਹ ਬੱਚਿਆਂ ਵਿੱਚ ਜਿਸ ਤਰ੍ਹਾਂ ਦੀ ਸੋਚ ਪੈਦਾ ਕਰਨਗੇ, ਉਹੋ ਜਿਹੇ ਬੱਚੇ ਬਣਨਗੇ। ਸਾਨੂੰ ਬਾਬਾ ਸਾਹਿਬ ਦਾ ਗੁਣਗਾਨ ਕਰਨ ਦੇ ਨਾਲ ਨਾਲ, ਉਹਨਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਸਖ਼ਤ ਜ਼ਰੂਰਤ ਹੈ। ਅੰਤ ਵਿੱਚ ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣ ਦਾ ਪ੍ਰਬੰਧ ਕਰਨ ਤਾਂ ਕਿ ਬੱਚੇ ਪੜ੍ਹ ਲਿਖ ਕੇ ਸਮਾਜ ਦੀ ਬਿਹਤਰੀ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।
ਸਮਾਗਮ ਦੇ ਮੁੱਖ ਬੁਲਾਰੇ ਸ੍ਰੀ ਚਮਨ ਲਾਲ ਚਣਕੋਆ ਨੇ ਕਿਹਾ ਕਿ ਗਣਤੰਤਰ ਦਿਵਸ ਵਾਲੇ ਦਿਨ ਤੋਂ ਹੀ ਹਰ ਵਿਅਕਤੀ ਨੂੰ ਚਾਹੇ ਉਹ ਅਮੀਰ ਜਾਂ ਗਰੀਬ ਹੋਵੇ ਨੂੰ ਵੋਟ ਪਾਉਣ ਦਾ ਬਰਾਬਰ ਅਧਿਕਾਰ ਪ੍ਰਾਪਤ ਹੋਇਆ ਹੈ। ਭਾਰਤੀ ਸੰਵਿਧਾਨ ਦੀ ਬਦੌਲਤ ਹਜ਼ਾਰਾਂ ਸਾਲਾਂ ਤੋਂ ਮਾਨਵੀ ਅਧਿਕਾਰਾਂ ਤੋਂ ਵੰਚਿਤ ਸਮਾਜ ਨੂੰ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ। ਅੱਜ ਦੇਸ਼ ਵਿੱਚ ਦਿਨੋਂ ਦਿਨ ਅੰਧਵਿਸ਼ਵਾਸ, ਕਰਮਕਾਂਡ, ਜਾਤ-ਪਾਤ, ਫਿਰਕਾਪ੍ਰਸਤੀ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ ਜਿਸ ਦੇ ਭਵਿੱਖ ਖ਼ਤਰਨਾਕ ਨਤੀਜੇ ਸਾਹਮਣੇ ਆਉਣਗੇ। ਨਾਗਰਿਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖ਼ਤਮ ਕੀਤੀ ਜਾ ਰਹੀ ਹੈ। ਬੇਸ਼ੱਕ ਭਾਰਤ ਦੇ ਲੋਕ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਹੇ ਹਨ, ਪਰ ਸੰਵਿਧਾਨ ਨਿਰਮਾਤਾਵਾਂ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕਿਆ। ਵਿਵਸਥਾ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲ ਦਿੱਤਾ ਹੈ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਘਾਤਕ ਹੋਣਗੇ। ਡਿਪਟੀ ਕਮਾਂਡੈਂਟ ਸ਼੍ਰੀ ਨਰੇਂਦਰ ਕੁਮਾਰ ਨੇ ਕਿਹਾ ਕਿ ਸਮਾਜ ਵਿੱਚ ਧਰਮ ਦੇ ਨਾਂ ‘ਤੇ ਚੱਲ ਰਹੀਆਂ ਕਰਮਕਾਂਡਾਂ ਅਤੇ ਮਾਨਤਾਵਾਂ ਨਾਲ ਭਾਰਤੀ ਸੰਵਿਧਾਨ ਦਾ ਅਪਮਾਨ ਹੋ ਰਿਹਾ ਹੈ। ਬੇਸ਼ੱਕ ਅਸੀਂ ਵਿਗਿਆਨ ਦੇ ਯੁੱਗ ਵਿੱਚ ਜੀ ਰਹੇ ਹਾਂ ਪਰ ਸਾਡੀ ਸੋਚ ਗੈਰ-ਵਿਗਿਆਨਕ ਹੈ। ਜੇਕਰ ਅਸੀਂ ਦੇਸ਼ ਨੂੰ ਹੋਰ ਉਚਾਈਆਂ ‘ਤੇ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਸੋਸਾਇਟੀ ਨੇ ਬੱਚਿਆਂ ਨੂੰ ਸਾਹਿਤਕ ਤੌਰ ਤੇ ਮਜ਼ਬੂਤ ਬਣਾਉਣ ਲਈ ਪ੍ਰਬੁੱਧ ਭਾਰਤ ਸੰਸਥਾ ਵੱਲੋਂ ਡਾਕਟਰ ਅੰਬੇਡਕਰ ਦਾ ਸੁਨੇਹਾ ਪੁਸਤਕ ‘ਤੇ ਮੁਕਾਬਲੇ ਕਰਵਾਏ ਗਏ ਸੀ ਇਸ ਮੁਕਾਬਲੇ ਵਿੱਚ ਆਰ.ਸੀ.ਐਫ ਦੇ ਵੱਖ-ਵੱਖ ਪਿੰਡਾਂ ਦੇ ਜਿਨ੍ਹਾਂ ਪ੍ਰਤੀਯੋਗੀਆਂ ਨੇ ਭਾਗ ਲਿਆ ਤੇ 50% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਅਤੇ 250/- ਰੁਪਏ ਨਗਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਸ਼ਨਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਕਵੀ ਸ਼੍ਰੀ ਰਣਜੀਤ ਸਪਨਾ, ਅਬਰਾਰ ਅੰਸਾਰੀ, ਝਲਮਣ ਸਿੰਘ, ਜਸਪਾਲ ਚੋਹਾਨ, ਰਾਜ ਕੁਮਾਰ ਪ੍ਰਜਾਪਤੀ, ਧਰਮ ਪਾਲ ਪੈਂਥਰ ਆਦਿ ਨੇ ਬਹੁਜਨ ਮਹਾਪੁਰਖਾਂ ਦੇ ਜੀਵਨ ਅਤੇ ਮਿਸ਼ਨ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ। ਸਰਕਾਰੀ ਮਿਡਲ ਸਕੂਲ ਆਰ ਸੀ ਐਫ ਦੇ ਬੱਚਿਆਂ ਨੇ ਮੇਰਾ ਰੰਗ ਦੇ ਬਸੰਤੀ ਚੋਲਾ ਕੋਰੀਓਗ੍ਰਾਫੀ ਪੇਸ਼ ਕਰਕੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ। ਇਸ ਤੋਂ ਇਲਾਵਾ ਆਲ ਇੰਡੀਆ ਐਸਸੀ/ਐਸਟੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਸਕੱਤਰ ਸੋਹਣ ਬੈਠਾ, ਓਬੀਸੀ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਉਮਾ ਸ਼ੰਕਰ ਸਿੰਘ, ਅੰਬੇਡਕਰੀ ਚਿੰਤਕ ਨਿਰਵੈਰ ਸਿੰਘ ਅਤੇ ਸਮਾਜਸੇਵੀ ਅਮਰਜੀਤ ਸਿੰਘ ਮੱਲ ਆਦਿ ਨੇ ਭਾਰਤੀ ਸੰਵਿਧਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਪਤਵੰਤੇ ਸੱਜਣਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਜਲਦੀ ਹੀ ਸੋਸਾਇਟੀ ਕੰਪਿਊਟਰ ਸੈਂਟਰ ਤੇ ਕੋਚਿੰਗ ਸੈਂਟਰ ਖੋਲ੍ਹਣ ਜਾ ਰਹੀ ਹੈ।
ਸਮਾਗਮ ਨੂੰ ਸਫਲ ਬਣਾਉਣ ਲਈ ਸੀਨੀਅਰ ਮੀਤ ਪ੍ਰਧਾਨ ਸੰਤੋਖ ਰਾਮ ਜਨਾਗਲ, ਉੱਪ ਪ੍ਰਧਾਨ ਨਿਰਮਲ ਸਿੰਘ, ਪੂਰਨ ਚੰਦ ਬੋਧ, ਆਡੀਟਰ ਦੇਸ ਰਾਜ, ਅਸ਼ੋਕ ਭਾਰਤੀ, ਬਾਮਸੇਫ ਦੇ ਕਨਵੀਨਰ ਕਸ਼ਮੀਰ ਸਿੰਘ, ਗੁਰਬਖਸ਼ ਸਲੋਹ, ਪ੍ਰੇਮ ਕੁਮਾਰ ਕਪੂਰਥਲਾ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਸ਼ਿਵ ਕੁਮਾਰ ਸੁਲਤਾਨਪੁਰੀ, ਮਨਜੀਤ ਸਿੰਘ ਕੈਲਪੁਰੀਆ, ਮਦਨ ਲਾਲ ਸੂਦ, ਸੋਨੂ ਆਰੀਆਵਾਲ, ਅਸ਼ੋਕ ਕੁਮਾਰ, ਹਰਦੀਪ ਸਿੰਘ, ਕ੍ਰਿਸ਼ਨ ਸਿੰਘ, ਅਰਵਿੰਦ ਕੁਮਾਰ, ਜਗਜੀਵਨ ਰਾਮ, ਗੁਰਮੁੱਖ ਸਿੰਘ, ਪ੍ਰਨੀਸ਼ ਕੁਮਾਰ, ਬ੍ਰਹਮ ਦਾਸ, ਰਜਿੰਦਰ ਸਿੰਘ, ਅਮਰਜੀਤ ਰੁੜਕੀ, ਆਰ ਕੇ ਪਾਲ ਅਤੇ ਸੁਰੇਸ਼ ਚੰਦਰ ਬੋਧ ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly