ਡਾ. ਅੰਬੇਡਕਰ ਨੇ ਦੇਸ਼ ਦੀ ਤਰੱਕੀ ਲਈ ਹਰ ਖੇਤਰ ‘ਚ ਲਾਮਿਸਾਲ ਅਗਵਾਈ ਕੀਤੀ: ਡਾ. ਰਵਜੋਤ ਸਿੰਘ

ਬਾਬਾ ਸਾਹਿਬ ਦੇਸ਼ ਵਾਸੀਆਂ ਲਈ ਹਮੇਸ਼ਾ ਪ੍ਰੇਰਣਾਸਰੋਤ ਰਹਿਣਗੇ: ਡਾ. ਰਾਜ ਕੁਮਾਰ ਚੱਬੇਵਾਲ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਇਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ 134ਵੇਂ ਜਨਮ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ ਨੂੰ ਅਵੱਸ਼ ਪੜ੍ਹਨ ਜਿਹੜੀ ਉਨ੍ਹਾਂ ਨੂੰ ਮਿੱਥਿਆ ਟੀਚਾ ਹਾਸਲ ਕਰਨ ਵਿਚ ਪ੍ਰੇਰਣਾਸਰੋਤ ਬਣੇਗੀ। ਸਥਾਨਕ ਬੱਸ ਸਟੈਂਡ ਨਜ਼ਦੀਕ ਅੰਬੇਡਕਰ ਚੌਕ ਵਿਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੰਜਾਬ ਸਰਕਾਰ ਵਲੋਂ ਸਰਕਾਰੀ ਕਾਲਜ ਵਿਖੇ 134ਵੀ. ਅੰਬੇਡਕਰ ਜੈਯੰਤੀ ਨੂੰ ਸਮਰਿਪਤ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੰਵਿਧਾਨ ਦਾ ਨਿਰਮਾਣ ਕਰਨ ਦੇ ਨਾਲ-ਨਾਲ ਬਾਬਾ ਸਾਹਿਬ ਨੇ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਹਰ ਖੇਤਰ ਵਿਚ ਬਾਕਮਾਲ ਅਗਵਾਈ ਕੀਤੀ ਜਿਸ ਦੀ ਮਿਸਾਲ ਦੁਨੀਆਂ ਦੇ ਕੋਨੇ-ਕੋਨੇ ਵਿਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਭਾਰਤ ਰਤਨ ਹੀ ਨਹੀਂ ਸਗੋਂ ਵਿਸ਼ਵ ਰਤਨ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਮਹਾਨ ਸਮਾਜ ਸੁਧਾਰਕ, ਨਾਰੀ ਜਾਤੀ ਦੇ ਮੁਕਤੀਦਾਤਾ, ਸਫਲ ਵਕੀਲ, ਉੱਘੇ ਸਿਆਸਤਦਾਨ, ਮਹਾਨ ਅਧਿਆਪਕ ਅਤੇ ਦਾਰਸ਼ਨਿਕ ਵਜੋਂ ਦੁਨੀਆਂ ਭਰ ਵਿਚ ਜਾਣਿਆਂ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦਾ ਹੱਕ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਨੇ ਸੰਵਿਧਾਨ ਵਿਚ ਦੇਸ਼ ਵਾਸੀਆਂ ਲਈ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਜਿਸ ਨਾਲ ਭੇਦਭਾਵ ਦਾ ਪਾੜਾ ਖਤਮ ਹੋਣਾ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਹੱਕ-ਹਕੂਕ ਦੀ ਰਾਖੀ ਕਰਨ ਤੋਂ ਇਲਾਵਾ ਡਾ. ਬੀ.ਆਰ. ਅੰਬੇਡਕਰ ਨੇ ਦੇਸ਼ ਦੀ ਝੋਲੀ ਵਿਚ ਭਾਰਤੀ ਰਿਜ਼ਰਵ ਬੈਂਕ, ਵਿੱਤ ਕਮਿਸ਼ਨ, ਇੰਪਲਾਇਮੈਂਟ ਐਕਸਚੇਂਜ ਤੋਂ ਇਲਾਵਾ ਕਈ ਪ੍ਰੋਜੈਕਟ ਪਾਏ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿਚ ਵੱਡੀ ਭੂਮਿਕਾ ਨਿਭਾਈ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸਿੱਖਿਆ ਦੀ ਅਹਿਮੀਅਤ ‘ਤੇ ਜ਼ੋਰ ਦਿੰਦਿਆਂ ਹਰ ਇਕ ਨੂੰ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਆ।ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਡਾ. ਭੀਮ ਰਾਓ ਅੰਬੇਡਕਰ ਦੀਆਂ ਵੱਖ-ਵੱਖ ਖੇਤਰਾਂ ਵਿਚ ਪਹਿਲਕਦਮੀਆਂ ਹਮੇਸ਼ਾ ਵਿਦਿਆਰਥੀਆਂ, ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਲਈ ਪ੍ਰੇਰਣਾ ਸਰੋਤ ਰਹਿਣਗੀਆਂ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਬਹੁਤ ਵੱਡੇ ਰਾਸ਼ਟਰਵਾਦੀ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਮੁੱਢ ਤੋਂ ਅਖੀਰ ਤੱਕ ਭਾਰਤੀ ਹਾਂ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜ ਨੂੰ ਬਰਾਬਰੀ, ਆਜ਼ਾਦੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਿਆਂ ਸਾਰਿਆਂ ਲਈ ਬਰਾਬਰੀ ਦੇ ਹੱਕ ਰੱਖੇ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਵਿਚ ਵਿਵਸਥਾ ਕਰਕੇ ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਏ ਅਤੇ ਡਾ. ਅੰਬੇਡਕਰ ਦੀ ਦੂਰਅੰਦੇਸ਼ ਸਦਕਾ ਔਰਤਾਂ ਅੱਜ ਹਰ ਖੇਤਰ ਵਿਚ ਬੁਲੰਦੀਆਂ ਛੋਹ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਗੱਲ ਕਰਦਿਆਂ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਅੰਦਰ ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਖੇਤਰ ਵਿਚ ਲਾਮਿਸਾਲ ਕੰਮ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀਆਂ ਤਸਵੀਰਾਂ ਹਮੇਸ਼ਾ ਦੇਸ਼ ਭਗਤੀ ਅਤੇ ਹੱਕ-ਹਕੂਕ ਦਾ ਸੰਦੇਸ਼ ਦਿੰਦੀਆਂ ਹਨ।ਤਾ ਹਾਸਲ ਕਰਨ ਦੀ ਤਾਕੀਦ ਕੀਤੀ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਬੀ.ਆਰ. ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਨੂੰ ਵਧਾਈ ਪੱਤਰ ਸੌਂਪੇ।ਉਨ੍ਹਾਂ ਨੇ ਆਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ।ਉਨ੍ਹਾਂ ਵਲੋਂ ਭਲਾਈ ਵਿਭਾਗ ਦੀਆਂ ਸਕੀਮਾਂ ਨੂੰ ਦਰਸਾਉਂਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleSAMAJ WEEKLY = 15/04/2025
Next articleਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਦਕਾ ਉਚੇਰੀ ਸਿੱਖਿਆ ਹਾਸਲ ਕਰਨ ਦਾ ਮਿਲਿਆ ਮੌਕਾ – ਵਿਦਿਆਰਥੀ