(ਸਮਾਜ ਵੀਕਲੀ) ਅੱਜ ਪੂਰਾ ਵਿਸ਼ਵ ‘ਗਣਤੰਤਰ ਦਿਵਸ ‘ ਖੁਸ਼ੀਆਂ ਤੇ ਚਾਵਾਂ ਨਾਲ ਮਨਾ ਰਿਹਾ ਹੈ। ਇਹ ਦਿਨ ਬਹੁਤ ਮਹੱਤਵਪੂਰਨ ਅਤੇ ਇਤਿਹਾਸਿਕ ਵੀ ਹੈ, ਜਿਸ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਭਾਵ 26 ਜਨਵਰੀ 1950 ਨੂੰ ਦੇਸ਼ ਵਿੱਚ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਭਾਵੇਂ ਸਾਡਾ ਦੇਸ਼ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰ ਚੁੱਕਾ ਸੀ ਪਰ ਇਸ ਦਾ ਪ੍ਰਬੰਧ ਚਲਾਉਣ ਲਈ ਸੰਵਿਧਾਨ ਦੀ ਬਹੁਤ ਵੱਡੀ ਜਰੂਰਤ ਸੀ। ਇਸ ਲਈ ਸਭ ਤੋਂ ਵੱਧ ਵਿੱਦਿਅਕ ਯੋਗਤਾ, ਵਿਦਵਾਨ, ਹਰ ਵਿਸ਼ੇ ਵਿੱਚ ਮਾਹਿਰ ਸੋਝੀ ਰੱਖਣ ਵਾਲੇ, ਲਿਆਕਤ, ਅਤੇ ਬੁੱਧੀਮਤਾ ਕਰਕੇ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਚੇਅਰਮੈਨ ਡਾਕਟਰ ਅੰਬੇਡਕਰ ਜੀ ਨੂੰ ਬਣਾਇਆ ਗਿਆ। ਸੰਵਿਧਾਨ ਸਭਾ ਕਮੇਟੀ ਦੇ ਸੱਤ ਮੈਂਬਰ ਸਨ , ਜਿਨਾਂ ਵਿੱਚੋਂ ਸਭ ਤੋਂ ਵੱਧ ਕੰਮ ਡਾਕਟਰ ਅੰਬੇਡਕਰ ਜੀ ਨੂੰ ਕਰਨਾ ਪਿਆ। ਉਹਨਾਂ ਬੜੀ ਸੂਝ ਬੂਝ ਤੇ ਸਿਆਣਪ ਨਾਲ ਤਿਆਰ ਕੀਤਾ। ਦੇਸ਼ ਦਾ ਸੰਵਿਧਾਨ ਬਣਾਉਂਦੇ ਸਮੇਂ ਡਾਕਟਰ ਅੰਬੇਡਕਰ ਜੀ ਦੀ ਇਹ ਸੋਚ ਸੀ ਕਿ ਇਸ ਸੰਵਿਧਾਨ ਨਾਲ ਰਾਸ਼ਟਰ ਦੇ ਨਿਰਮਾਣ ਵਿੱਚ ਵੱਡਾ ਯੋਗਦਾਨ ਹੋਵੇਗਾ, ਜੋ ਅਖੰਡ ਭਾਰਤ ਨੂੰ ਹਮੇਸ਼ਾ ਲਈ ਇੱਕ ਜੁੱਟ ਰੱਖੇਗਾ, ਭਾਵੇਂ ਦੇਸ਼ ਵਿੱਚ ਵੱਖ-ਵੱਖ ਬੋਲੀਆਂ, ਧਰਮ, ਜਾਤਾਂ ਅਤੇ ਮਜਹਬ ਹਨ। ਬਾਬਾ ਸਾਹਿਬ ਇਹ ਵੀ ਚਾਹੁੰਦੇ ਸਨ ਕਿ ਜਿੰਨਾ ਚਿਰ ਗਰੀਬ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਂਦੇ, ਉਨਾਂ ਚਿਰ ਦੇਸ਼ ਅੱਗੇ ਨਹੀਂ ਵਧ ਸਕਦਾ। ਇਸ ਲਈ ਉਨਾਂ ਦਲਿਤਾਂ, ਪਛੜੇ ਵਰਗਾਂ, ਘੱਟ ਗਿਣਤੀਆਂ ਨੂੰ ਪ੍ਰਤੀਨਿਧਤਾ ਦੇ ਕੇ ਦੂਜਿਆਂ ਦੇ ਬਰਾਬਰ ਖੜਾ ਕੀਤਾ। ਰਿਜਰਵੇਸ਼ਨ ਦਾ ਮਤਲਬ ਇਹੀ ਸੀ। ਭਾਰਤ ਦਾ ਸੰਵਿਧਾਨ ਬਣਨ ਲਈ 2 ਸਾਲ 11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਿਆ। 26 ਨਵੰਬਰ 1949 ਨੂੰ ਦੇਸ਼ ਦਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ। ਇਸ ਲਈ ਇਸੇ ਦਿਨ ਨੂੰ “ਸੰਵਿਧਾਨ ਦਿਵਸ ” ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਪਰ ਇਸ ਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ ਕਿਉਂਕਿ 26 ਜਨਵਰੀ 1930 ਨੂੰ ਪਹਿਲੀ ਵਾਰੀ ਭਾਰਤੀਆਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਦੀ ਮੰਗ ਕੀਤੀ ਗਈ ਸੀ। ਬਾਬਾ ਸਾਹਿਬ ਨੇ ਸੰਵਿਧਾਨ ‘ਤੇ ਬੋਲਦਿਆਂ 25 ਨਵੰਬਰ 1949 ਨੂੰ ਕਿਹਾ ਸੀ ਕਿ “ਸੰਵਿਧਾਨ ਭਾਵੇਂ ਕਿੰਨਾ ਚੰਗਾ ਵੀ ਕਿਉਂ ਨਾ ਹੋਵੇ, ਜੇਕਰ ਉਸ ਨੂੰ ਲਾਗੂ ਕਰਨ ਵਾਲੇ ਚੰਗੇ ਨਾ ਹੋਏ ਤਾਂ ਚੰਗਾ ਬਣਿਆ ਸੰਵਿਧਾਨ ਵੀ ਮਾੜਾ ਸਾਬਿਤ ਹੋਵੇਗਾ।” ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕ੍ਰਾਂਤੀਕਾਰੀ ਦਸਤਾਵੇਜ਼ ਹੈ, ਜੋ 5000 ਸਾਲਾਂ ਦੀ ਗੈਰ ਬਰਾਬਰੀ ਨੂੰ ਖਤਮ ਕਰਕੇ ਇਕ ਸਮਾਨ ਸਮਾਜ ਦਾ ਸੁਪਨਾ ਦਿੰਦਾ ਹੈ। ਜੇਕਰ ਬਾਬਾ ਸਾਹਿਬ ਅੰਬੇਡਕਰ ਨਾ ਹੁੰਦੇ ਤਾਂ ਸ਼ਾਇਦ ਸੰਵਿਧਾਨ ਵਿੱਚ ਕ੍ਰਾਂਤੀਕਾਰੀ ਤੱਤ ਨਾ ਹੁੰਦੇ।ਅੱਜ ਭਾਰਤ ਦੇ ਸੰਵਿਧਾਨ ਸਦਕਾ ਸਾਡਾ ਦੇਸ਼ , ਇੱਕ ਵੱਡੀ ਤਾਕਤ ਬਣ ਕੇ ਉਭਰਿਆ ਹੈ। ਬਾਬਾ ਸਾਹਿਬ ਦੀ ਇਹ ਸੋਚ ਸੀ ਕਿ ਸੰਵਿਧਾਨ ਮੁਤਾਬਕ ਚੱਲ ਕੇ ਇੱਕ ਨਵਾਂ ਰਾਸ਼ਟਰ ਬਣਾਉਣ ਵਿੱਚ ਅਸੀਂ ਮੋਹਰੀ ਹੋਵਾਂਗੇ। ਬਾਬਾ ਸਾਹਿਬ ਨੇ ਇਸ ਵਿੱਚ ਜਾਤੀਵਾਦ ਤੋ ਉਪਰ ਉੱਠ ਕੇ ਦੇਸ਼ ਨਿਰਮਾਣ ਦੀ ਗੱਲ ਕੀਤੀ ਹੈ। ਸਾਡੇ ਦੇਸ਼ ਦਾ ਸੰਵਿਧਾਨ ਸਾਰੇ ਦੇਸ਼ਾਂ ਦੇ ਸੰਵਿਧਾਨ ਤੋਂ ਲੰਬਾ ਅਤੇ ਲਚਕੀਲਾ ਹੈ। ਇਸ ਵਿੱਚ 395 ਆਰਟੀਕਲ ਹਨ। ਇਸ ਵਿੱਚ ਸਮਾਨਤਾ ,ਸੁਤੰਤਰਤਾ ਤੇ ਭਾਈਚਾਰੇ ‘ਤੇ ਜ਼ੋਰ ਦਿੱਤਾ ਗਿਆ ਹੈ ਤਾਂ ਕਿ ਸਮਾਜ ਅਤੇ ਦੇਸ਼ ਨੂੰ ਮਜਬੂਤ ਬਣਾਇਆ ਜਾ ਸਕੇ। ਔਰਤਾਂ ਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ। ਵੋਟ ਦਾ ਅਧਿਕਾਰ ਇੱਕ ਭਿਖਾਰੀ ਤੋਂ ਲੈ ਕੇ ਰਾਜਾ ਤੱਕ ਬਰਾਬਰਤਾ ਦੀ ਗੱਲ ਕਰਦਾ ਹੈ। ਇਹੀ ਇਸਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ।
-ਪ੍ਰਿੰਸੀਪਲ ਪਰਮਜੀਤ ਜੱਸਲ 98721-80653
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj