ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਵੱਲੋਂ ਜੋ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ, ਉਹ ਨਾ ਬਰਦਾਸ਼ਤਯੋਗ ਹਨ, ਇੱਕ ਉੱਚ ਅਹੁਦੇ ਤੇ ਬਿਰਾਜਮਾਨ ਵਿਅਕਤੀ ਵੱਲੋਂ ਇੱਕ ਖਾਸ ਵਰਗ ਨੂੰ ਨਿਸ਼ਾਨਾ ਬਣਾਉਣਾ, ਬਹੁਤ ਹੀ ਨਿੰਦਣਯੋਗ ਗੱਲ ਹੈ, ਜਿਸ ਨਾਲ ਦਲਿਤ ਭਾਈਚਾਰੇ ਨੂੰ ਡੂੰਘੀ ਸੱਟ ਲੱਗੀ ਹੈ। ਇਸ ਗੱਲ ਦਾ ਪ੍ਰਗਟਾਵਾ ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੀ ਸਮਰਾਲਾ ਵਿੱਚ ਹੋਈ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਕਾਮਰੇਡ ਭਜਨ ਸਿੰਘ ਪ੍ਰਧਾਨ ਰਾਜ ਮਿਸਤਰੀ ਮਜ਼ਦੂਰ ਯੂਨੀਅਨ ਸਮਰਾਲਾ ਵੱਲੋਂ ਕੀਤਾ ਗਿਆ। ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਨੇ ਮਤਾ ਪਾਸ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਡਾ. ਅੰਬੇਦਕਰ ਜੋ ਸਾਡੇ ਅਜ਼ਾਦ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਹਨ ਵਿਰੁੱਧ ਨਾ ਬੋਲ ਸਕੇ। ਇਸ ਮੌਕੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ 24 ਦਸੰਬਰ ਨੂੰ ਸਵੇਰੇ 10 ਵਜੇ ਲੇਬਰ ਚੌਂਕ ਸਾਹਮਣੇ ਐਸ. ਡੀ. ਐਮ. ਦਫਤਰ ਅੱਗੇ ਵੱਖ ਵੱਖ ਜਥੇਬੰਦੀਆਂ ਵਿਸ਼ਾਲ ਰੋਸ ਧਰਨਾ ਦੇਣਗੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲੋਂ ਬਿਨਾਂ ਸ਼ਰਤ ਮਾਫੀ ਮੰਗਣ ਅਤੇ ਕੇਂਦਰੀ ਮੰਤਰੀ ਮੰਡਲ ਵਿੱਚੋਂ ਹਟਾਏ ਜਾਣ ਦੀ ਮੰਗ ਕਰਨਗੀਆਂ। ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਇਸ ਅਪਮਾਨਜਨਕ ਟਿੱਪਣੀ ਦੀ ਘੋਰ ਨਿੰਦਾ ਕੀਤੀ ਅਤੇ 24 ਦਸੰਬਰ ਨੂੰ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬਿਹਾਰੀ ਲਾਲ ਸੱਦੀ ਰਿਟਾ: ਲੈਕਚਰਾਰ ਸਰਪ੍ਰਸਤ ਪੰਜਾਬੀ ਸਾਹਿਤ ਸਭਾ, ਅਮਰਜੀਤ ਸਿੰਘ ਬਾਲਿਓਂ, ਸਮਾਜਸੇਵੀ ਮੈਨੇਜਰ ਕਰਮ ਚੰਦ, ਡਾ. ਸੋਹਣ ਲਾਲ ਬਲੱਗਣ, ਪ੍ਰਵੀਨ ਕੁਮਾਰ ਮੱਟੂ, ਐਡਵੋਕੇਟ ਸ਼ਿਵ ਕਲਿਆਣ, ਮੇਲਾ ਸਿੰਘ, ਸੁਰਿੰਦਰ ਮੱਟੂ, ਸੁਰਿੰਦਰ ਸ਼ਰਮਾ, ਸ਼ਵਿੰਦਰ ਸਿੰਘ, ਕਾਮਰੇਡ ਬੰਤ ਸਿੰਘ, ਮੱਘਰ ਸਿੰਘ, ਕਸ਼ਮੀਰਾ ਸਿੰਘ, ਸ਼ਿੰਗਾਰਾ ਸਿੰਘ, ਜੀਵਨ ਸਿੰਘ ਬੰਬ, ਪਵਨ ਸਹੋਤਾ, ਧਰਮ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵਰਕਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ