ਦਿਵਾਲੀ ਨੂੰ ਪਟਾਕੇ ਨਹੀਂ ਪੌਦੇ ਲਗਾਓ

ਜੋਰਾ ਸਿੰਘ ਬਨੂੜ

(ਸਮਾਜ ਵੀਕਲੀ)

ਦੋਸਤੋ ਜਦੋਂ ਤੋਂ ਮੈਂ ਸੋਝੀ ਸੰਭਾਲੀ ਹੈ ਉਦੋਂ ਤੋਂ ਅੱਜ ਤੱਕ ਦੇਖਦਾ ਆ ਰਿਹਾ ਹਾਂ ਕਿ ਸਾਡੇ ਭਾਰਤੀ ਲੋਕ ਦੀਵਾਲੀ ਦੇ ਤਿਉਹਾਰ ਤੇ ਅਤੇ ਸਿੱਖ ਬੰਦੀ ਛੋੜ ਦਿਵਸ ਦੇ ਨਾਲ ਜੋੜ ਕੇ ਪਟਾਕੇ ਚਲਾਉਂਦੇ ਨੇ !

ਅੱਜ ਪੰਜਾਬ ਵਿੱਚ ਜੰਗਲਾਤ ਤੇ ਪਾਣੀ ਕਿੰਨਾ ਕੁ ਸੁਰੱਖਿਅਤ ਹੈ ਉਹ ਬਹੁਤਿਆਂ ਤੋਂ ਲੁਕਿਆ ਨਹੀਂ !

ਪੰਜਾਬ ਦਾ ਜੰਗਲਾਤ ਹੋਣਾ ਚਾਹੀਦਾ ਸੀ 33% ਪਰ ਦਰੱਖਤਾਂ ਨੂੰ ਭਾਰੀ ਗਿਣਤੀ ਵਿੱਚ ਕੱਟ ਕੇ ਅੱਜ ਪੰਜਾਬ ਦਾ ਜੰਗਲਾਤ ਸਿਰਫ਼ 3.52% ਰਹਿ ਗਿਆ ਹੈ ਜੋਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ !

ਜਦੋਂ ਕਦੇ ਕਿਸੇ ਵਾਤਾਵਰਨ ਪ੍ਰੇਮੀ ਕੋਲ ਬੈਠੀਦਾ ਤਾਂ ਉਨ੍ਹਾਂ ਦੀਆਂ ਮਨੁੱਖ ਵੱਲੋਂ ਕੁਦਰਤ ਨਾਲ ਖਿਲਵਾੜ ਕੀਤੇ ਜਾਣ ਵਾਲੀਆਂ ਗੱਲਾਂ ਨੂੰ ਸੁਣ ਕੇ ਮਨ ਭਾਵੁਕ ਹੋ ਜਾਂਦਾ ਹੈ ਬੀਤੇ ਦਿਨੀਂ ਸਾਨੂੰ ਇਕ ਵਾਤਾਵਰਨ ਪ੍ਰੇਮੀ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਏਨਾਂ ਥੱਲੇ ਚਲਾ ਗਿਆ ਹੈ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਨੂੰ ਤਰਸਣਗੀਆਂ !

ਨਾਸਾ ਦੁਆਰਾ ਵੀ ਪੰਜਾਬ ਨੂੰ ਰੈਡ ਜੋਨ ਵਿਚ ਰੱਖਿਆ ਗਿਆ ਹੈ ਭਾਵ ਕਿ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਦੀ ਕਾਗਾਰ ਤੇ ਹੈ !
ਅੱਜ ਸ਼ਹਿਰਾਂ ਦੇ 80% ਘਰਾਂ ਵਿੱਚ RO Water Purifier Filter ਲੱਗ ਚੁੱਕੇ ਨੇ ਪਰ ਫ਼ੇਰ ਵੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਨੇ , ਅੱਜ ਹਰ ਘਰ ਵਿੱਚ ਕੋਈ ਨਾ ਕੋਈ ਕਿਸੇ ਬੀਮਾਰੀ ਤੋਂ ਪੀੜਤ ਹੈ !

ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਲੋਕ ਕੈਂਸਰ ਤੋਂ ਪੀੜਤ ਨੇ , ਹੈਰਾਨੀ ਦੀ ਗੱਲ ਹੈ ਬਠਿੰਡਾ ਤੋਂ ਬੀਕਾਨੇਰ ਕੈਂਸਰ ਹਸਪਤਾਲ ਜਾਣ ਵਾਲੀ ਟ੍ਰੇਨ ਏਨੀਂ ਵੱਡੀ ਗਿਣਤੀ ਨਾਲ ਕੈਂਸਰ ਪੀੜਤਾਂ ਨਾਲ ਭਰ ਕੇ ਚਲਦੀ ਹੈ ਕਿ ਉਸ ਟ੍ਰੇਨ ਦਾ ਨਾਮ ਹੀ ਕੈਂਸਰ ਟ੍ਰੇਨ ਪੈ ਗਿਆ !
(ਅਜਿਹੇ ਮਾਮਲੇ ਸਾਨੂੰ ਗੰਭੀਰਤਾ ਨਾਲ ਲੈਣੇ ਪੈਣਗੇ)

ਅੱਜ ਪੰਜਾਬ ਦੇ ਸਾਡੇ ਕਿਸਾਨ ਭਰਾ ਪਰਾਲ਼ੀ ਸਾੜਨ ਲਈ ਮਜ਼ਬੂਰ ਨੇ ਕਿਉਂ ਕਿ ਸਰਕਾਰ ਵੱਲੋਂ ਇਸ ਪਾਸੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਸਿਰਫ਼ ਏਸੀਆਂ ਵਿਚ ਬੈਠ ਕੇ ਆਰਡਰ ਜਾਰੀ ਕੀਤੇ ਜਾਂਦੇ ਨੇ ਕਿ ਕਿਸਾਨ ਪਰਾਲੀ ਨਾ ਸਾੜਨ , ਜੇਕਰ ਕੋਈ ਕਿਸਾਨ ਮਜ਼ਬੂਰਨ ਪਰਾਲੀ ਸਾੜਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾਂਦੀ ਹੈ !

ਪਰਾਲੀ ਸਾੜਨਾ ਤਾਂ ਸਾਡੀ ਮਜ਼ਬੂਰੀ ਹੋ ਸਕਦੀ ਹੈ ਪਰ ਪਟਾਕੇ ਚਲਾਉਣਾ ਸਾਡੀ ਮਜ਼ਬੂਰੀ ਨਹੀਂ ਹੈ , ਬਹੁਤ ਲੋਕ ਇਹ ਗੱਲ ਆਖਦੇ ਹਨ ਕਿ ਪਟਾਕੇ ਚਲਾਉਣਾ ਤਾਂ ਪੁਰਾਤਨ ਮਰਿਯਾਦਾ ਹੈ ਪਰ ਹਕੀਕਤ ਇਹ ਹੈ ਪਟਾਕੇ ਅਜੇ ਥੋੜੇ ਸਮੇਂ ਪਹਿਲਾਂ ਹੀ ਬਜ਼ਾਰਾਂ ਵਿਚ ਆਏ ਨੇ ਇਹ ਕੋਈ ਪੁਰਾਤਨ ਨਹੀਂ ਨੇ !

ਪਟਾਕੇ ਚਲਾਉਣ ਨਾਲ ਸਾਹ ਦੇ ਰੋਗੀਆਂ ਨੂੰ , ਪੰਛੀਆਂ ਨੂੰ ਤੇ ਆਮ ਲੋਕਾਂ ਨੂੰ ਵੀ ਇਸਦਾ ਨੁਕਸਾਨ ਹੀ ਨੁਕਸਾਨ ਹੈ !

ਅੱਜ ਲੋੜ ਹੈ ਦੀਵਾਲੀ ਮੌਕੇ ਵੱਧ ਤੋਂ ਵੱਧ ਪੌਦੇ ਲਗਾਓ ਅਗਰ ਕਿਸੇ ਕੋਲ ਪੌਦੇ ਲਗਾਉਣ ਲਈ ਖੁੱਲੀ ਥਾਂ ਨਹੀਂ ਹੈ ਤਾਂ ਉਹ ਆਪਣੇ ਘਰ ਗਮਲਿਆਂ ਵਿਚ ਵੱਧ ਤੋਂ ਵੱਧ ਪੌਦੇ ਲਗਾਵੇ !

ਜਿੰਨੀ ਹਰਿਆਵਲ ਕਰ ਸਕਦੇ ਹੋ ਕਰੋ !

ਅੱਜ ਖੇਤਾਂ ਵਿੱਚ ਦੂਰ ਦੂਰ ਤੱਕ ਦਰੱਖਤ ਦਿਖਾਈ ਨਹੀਂ ਦਿੰਦੇ , ਸੜਕਾਂ ਦੁਆਲਿਓ ਖ਼ਾਲੀ ਪਈਆਂ ਨੇ ਇਸ ਕਰਕੇ ਇਸ ਦੀਵਾਲੀ ਆਪ ਵੀ ਪੌਦੇ ਲਗਾਓ ਤੇ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰੋ !

ਜੋਰਾ ਸਿੰਘ ਬਨੂੜ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲ ਵਾਲੀ ਦੋਸਤੀ
Next articleਲੇਖ- ਮਾਂ-ਬੋਲੀ ਤੋਂ ਬੇ-ਮੁੱਖ ਸਾਹਤਿਕ ਸਭਾਵਾਂ ਅਤੇ ਸੰਸਥਾਵਾਂ