ਜਿੱਤ ਕੇ ਪਿਛਾਂਹ ਨਹੀਂ, ਅੱਗੇ ਵਧੋ ,ਚੋਣਾਂ ਲੜੋ

ਬਲਜਿੰਦਰ ਸਿੰਘ

(ਸਮਾਜ ਵੀਕਲੀ)- ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਵੀ ਜਿੱਤ ਲਈ ਅਤੇ ਭਾਰਤ ਵਾਸੀਆਂ ਦੇ ਦਿਲ ਵੀ ਜਿੱਤ ਲਏ। ਪੰਜਾਬ ਦੇ ਲੋਕ ਤਾਂ ਆਪ ਰਣ ਭੂਮੀ ਦੇ ਸੇਵਾਦਾਰ ਵੀ ਸਨ ਅਤੇ ਸਿਪਾਹੀ ਵੀ ਇਸ ਵਿੱਚ ਕੋਈ ਸ਼ੱਕ ਨਹੀਂ। ਸੱਤ ਸੌ ਤੋਂ ਵੱਧ ਜਾਨਾਂ ਕੁਰਬਾਨ ਕਰਕੇ , ਇਕ ਸਾਲ ਆਪਣੇ ਕੰਮ ਕਾਰ , ਘਰ ਪਰਿਵਾਰ ਛੱਡ ਕੇ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਦੀ ਤਾਨਾਸ਼ਾਹ ਹਕੂਮਤ ਨਾਲ਼ ਆਹਡਾ ਲਾਈਂ ਰੱਖਿਆ। ਗਰਮੀਆਂ, ਸਰਦੀਆ, ਝੱਖੜ-ਝੇੜੇ ਅਤੇ ਬਾਰਸ਼ਾਂ ਨੰਗਿਆ ਸਿਰਾਂ ਤੇ ਹੰਡਾਈਆਂ।

ਭਾਰਤ ਦੇ ਕਿਰਤੀਆਂ ਕਿਸਾਨਾਂ ਦੀ ਨਜ਼ਰ ਹੁਣ ਪੰਜਾਬ ਵੱਲ ਅਗਵਾਈ ਦੀ ਆਸ ਰੱਖਦੀ ਹੈ। ਕੇਂਦਰ ਤੇ ਰਾਜ ਸਰਕਾਰਾਂ ਲੋਕ ਹਿੱਤਾਂ ਲਈ ਇਮਾਨਦਾਰ ਨਹੀਂ ਹਨ। ਲੋਕ ਹੱਕਾਂ ਦੀ ਰਾਖ਼ੀ ਕਰਨ ਲਈ ਸਰਕਾਰਾਂ ਲੋਕਾਂ ਲਈ ਚੁਣੀਆ ਜਾਂਦੀਆ ਹਨ, ਪਰ ਇੱਥੋ ਦੀ ਰਿਸ਼ਵਤਖੋਰੀ ਨੇ ਰਾਜਸੀ ਨੀਤੀਆਂ ਨੂੰ ਮਗਰਮੱਛ ਦੀ ਤਰਾਂ ਨਿਘਲ ਲਿਆ ਹੈ। ਸਰਮਾਏਦਾਰੀ ਦਾ ਗਲਬਾ ਪੂਰੇ ਸਿਸਟਮ ਨੂੰ ਬੁਰਕੀਆਂ ਤੇ ਲਾ ਕੇ ਆਪਣੀ ਮਨਮਰਜ਼ੀ ਦੇ ਕਾਨੂੰਨ ਬਣਵਾ ਰਿਹਾ ਹੈ । ਕੁੱਝ ਕੁ ਵਿਉਪਾਰੀਆਂ ਦੀ ਅਜਾਰੇਦਾਰੀ ਪੂਰੇ ਦੇਸ਼ ਨੂੰ ਪ੍ਰਭਾਵਤ ਕਰ ਰਹੀ ਹੈ। ਵਿਕਾਊ ਗੂੰਗਿਆ-ਬੋਲ਼ਿਆਂ ਦੀ ਬੋਲੀ ਚੋਣ ਜਿੱਤਦਿਆਂ ਹੀ ਲੱਗ ਜਾਂਦੀ ਹੈ।

ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰ ਰੱਖਿਆ ਹੈ। ਪੰਜਬ ਦਿਨੋ ਦਿਨ ਕੰਗਾਲ਼ੀ ਦੀ ਹੱਦ ਵੱਲ ਵੱਧ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਉਮੀਦਾਂ- ਆਸਾਂ ਤੇ ਪਾਣੀ ਫਿਰਦਾ ਦੇਖ ਨੌਜਵਾਨ ਪੀੜ੍ਹੀ ਉਦਾਸ ਤਾਂ ਹੈ ਹੀ, ਚਿੰਤਾ ਵਿੱਚ ਚਿਖਾਵਾਂ ਆਪਣੇ ਹੱਥੀਂ ਆਪ ਬਾਲ਼ ਰਹੀ ਹੈ। ਕੈਮੀਕਲ ਨਸ਼ਿਆਂ ਦੀ ਦਲਦਲ ਵਿੱਚ ਗਿਰ ਕੇ ਆਪਣਾ ਆਪ ਖਤਮ ਕਰ ਰਹੀ ਹੈ। ਬੇਰੁਜ਼ਗਾਰੀ ਦੀ ਜਲਾਲਤ ਵਿੱਚ ਧਸ ਹੀਣ ਭਾਵਨਾ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਵਿਦਿਅਕ ਡਿਗਰੀਆਂ ਦੀਆਂ ਫਾਇਲ਼ਾਂ ਚੁੱਕੀ ਹਰ ਰੋਜ਼ ਮੁੱਖ ਮੰਤਰੀ ਤੇ ਵਿਭਾਗੀ ਮੰਤਰੀਆਂ ਦੇ ਪੈਰਾਂ ਵਿੱਚ ਗਿਰ ਰੋਜ਼ੀ ਰੋਟੀ ਲਈ ਤਰਲ਼ੇ ਪਾ ਰਹੀ ਹੈ। ਖਾਕੀ ਵਰਦੀ ਦੇ ਹੱਥੋ ਸਾਡੀਆਂ ਬੱਚੀਆਂ ਅਤੇ ਬੱਚੇ ਨਿੱਤ ਦਿਨ ਡਾਂਗਾਂ ਦੀਆਂ ਖੋਦਾਂ ਖਾਂਦੇ ਜਲ਼ੀਲ ਹੁੰਦੇ ਹਨ। ਮਾਪਿਆਂ ਦੀ ਗੁਜ਼ਾਰੇ ਯੋਗ ਜ਼ਮੀਨ ਦੇ ਚਾਰ ਖੁੱਡ ਜ਼ਮੀਨ ਵੇਚ ਆਖਿਰ ਵਿਦੇਸ਼ਾਂ ਵਿੱਚ ਬਨਵਾਸ ਕੱਟਣ ਲਈ ਮਜ਼ਬੂਰ ਹਨ।

ਕਾਲੇ ਕਾਨੂੰਨ ਰੱਦ ਕਰਵਾ ਕੇ ਪੰਜਾਬੀਆਂ ਨੇ ਜੇਕਰ ਆਰਾਮ ਨਾਲ਼ ਘਰ ਬੈਠਣ ਦੀ ਸੋਚ ਲਈ ਹੈ ਤਾਂ ਇਹ ਪੰਜਾਬ ਦੇ ਲੋਕਾਂ ਨਾਲ਼ ਧ੍ਹੋਹ ਹੋਵੇਗਾ । ਆਮ ਲੋਕਾਂ ਦੀ ਅੰਦੋਲਨ ਨੂੰ ਹਮਾਇਤ ਸਿਰਫ਼ ਕਿਸਾਨਾਂ ਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਵਾਲੇ ਕਾਲੇ ਕਾਨੂੰਨਾਂ ਦੇ ਵਿਰੁੱਧ ਹੀ ਨਹੀਂ ਸੀ। ਆਵਾਮ ਦੀ ਹਮਾਇਤ ਲੋਕਤੰਤਰ ਦੇ ਵਿਧਾਨ ਨੂੰ ਬਚਾਉਣ ਲਈ ਵੀ ਸੀ। ਭੰਡਾਂ ਜਿਹੇ ਨਕਲਚੀ ਨੇਤਾਵਾਂ ਦੇ ਖਿਲਾਫ਼ ਰੋਸ ਦਾ ਪ੍ਗਟਾਵਾ ਸੀ। ਰਾਜਨੀਤਿਕ ਸਿਆਸਤ ਦੇ ਪਿੜ ਵਿੱਚ ਦਿਨੋ ਦਿਨ ਵੱਧ ਰਹੇ ਗੰਦ ਨੂੰ ਸਾਫ਼ ਕਰਨ ਲਈ ਇੱਕ ਰੋਹ ਭਰਿਆ ਕਦਮ ਸੀ। ਇਕ ਨਵੇ ਭਾਰਤ ਨੂੰ ਹੋਂਦ ਵਿੱਚ ਲੈ ਆਉਣ ਦੀ ਚਾਹਿਤ ਸੀ।

ਕਿਸਾਨ ਆਗੂ ਇਕ ਸਾਲ ਦਿੱਲੀ ਦੇ ਬਾਰਡਰਾਂ ਤੇ ਕਿਸ ਤਰ੍ਹਾਂ ਇਕਜੁੱਟਤਾ ਦਾ ਪ੍ਗਟਾਵਾ ਕਰਦੇ ਰਹੇ ਇਹ ਵੀ ਅਚੰਭੇ ਵਾਲੀ ਵੱਡੀ ਗੱਲ ਹੈ। ਡੱਡੂਆਂ ਦੀ ਪੰਸੇਰੀ ਕਿਸ ਤਰ੍ਹਾਂ ਇਕੱਠੇ ਬੈਠ ਕੇ ਲੜਦੀ ਰਹੀ, ਇਹ ਰੱਬ ਦੀ ਰਜ਼ਾ ਹੀ ਸੀ। ਮੋਰਚੇ ਦੀ ਜਿੱਤ ਤੋਂ ਬਾਅਦ ਘਰ ਵਾਪਸੀ ਹੁੰਦਿਆਂ ਹੀ ਇਹ ਕਿਸਾਨ ਨੇਤਾ ਇੱਕ ਦੂਸਰੇ ਉਪਰ ਉਂਗਲਾਂ ਉਠਾਉਣ ਲੱਗ ਪਏ । ਇਹਨਾਂ ਦੀ ਆਪਸੀ ਵਿਚਾਰਾਂ ਦੀ ਫੁੱਟ ਅਤੇ ਮਨਾਂ ਦੀ ਤਰੇੜ ਆਮ ਹਮਾਇਤੀ ਲੋਕਾਂ ਦੀ ਆਸ ਤੇ ਪਾਣੀ ਫੇਰ ਰਹੀ ਹੈ।
ਪੰਜਾਬ ਦੇ ਲੋਕ ਚਾਹੁੰਦੇ ਨੇ ਸਰਕਾਰਾਂ ਦੀਆਂ ਨੀਤੀਆਂ ਵਿੱਚ ਵੱਡਾ ਬਦਲਾਅ। ਵੱਡੇ ਬਦਲਾਅ ਲਈ ਜ਼ਰੂਰਤ ਹੈ ਪਹਿਲਾਂ ਹੀ ਸੱਤਾ ਤੇ ਕਾਬਿਜ਼ ਜਾਂ ਸੱਤਾ ਦੇ ਕਰੀਬ ਪਾਰਟੀਆਂ ਅਤੇ ਨੇਤਾਵਾਂ ਨੂੰ ਲਾਂਭੇ ਕਰਕੇ ਸਾਫ਼ ਅਕਸ ਵਾਲੇ ਪੜੇ ਲਿਖੇ ਆਮ ਲੋਕਾਂ ਵਿੱਚੋਂ ਨਵੇਂ ਉਮੀਦਵਾਰ ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਸਦਨਾਂ ਵਿੱਚ ਭੇਜੇ ਜਾਣ। ਆਮ ਲੋਕਾਂ ਦੇ ਲਈ ਲੋਕ ਨੁਮਾਇੰਦੇ ਸਰਕਾਰ ਬਣਾ ਕੇ ਕੰਮ ਕਰਨ , ਲੋਕ ਮਸਲੇ ਹੱਲ ਹੋਣ, ਪੰਜਾਬ ਦੇ ਅਸਲ ਮੁੱਦਿਆਂ ਉਪਰ ਕਾਨੂੰਨ ਬਣਨ ਅਤੇ ਕਾਨੂੰਨ ਲਾਗੂ ਵੀ ਹੋਣ। ਲੋਕਾਂ ਦੀ ਹੋ ਰਹੀ ਲੁੱਟ ਅਤੇ ਕੁੱਟ ਦਾ ਖਾਤਮਾ ਹੋਵੇ। ਪੰਜਾਬ ਖੁਸ਼ਹਾਲ ਹੋਵੇ ।ਅਮਨ ਚੈਨ ਹੋਵੇ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।

ਪੰਜਾਬ ਸਰਕਾਰ ਜਾਂ ਪੂਰੇ ਦੇਸ਼ ਦੀ ਹਕੂਮਤ ਕਰ ਰਹੀ ਸਰਕਾਰ ਵਿੱਚ ਜੇਕਰ ਨਵਾਂ ਸੁਧਾਰ ਲਿਆਂਦਾ ਜਾ ਸਕਦਾ ਹੈ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਹੀ ਸੰਭਵ ਹੈ। ਵਿਉਪਾਰੀ ਵਰਗ ਦੀਆਂ ਤਾਂ ਪਹਿਲਾਂ ਹੀ ਪੰਜੇ ਉਂਗਲਾਂ ਘੀ ਵਿੱਚ ਹਨ। ਸਰਕਾਰ ਵਿਉਪਾਰੀਆਂ ਅਜਾਰੇਦਾਰੀਆਂ ਦੀ ਹੈ।ਕਰੋੜਾਂ ਰੁਪਏ ਦੀਆਂ ਸਬਸਿਡੀਆਂ ਸਰਮਾਏਦਾਰਾਂ ਨੂੰ ਸਰਕਾਰਾਂ ਦੇ ਰਹੀਆ ਹਨ। ਕਰੋੜਾਂ ਅਰਬਾਂ ਰੁਪਏ ਦੀ ਮੁਆਫ਼ੀ ਪੂੰਜੀਪਤੀਆਂ ਨੂੰ ਸਰਕਾਰੀ ਨੀਤੀਆਂ ਦੇ ਰਹੀਆਂ ਹਨ। ਰਾਜਨੀਤਿਕ ਪਾਰਟੀਆਂ ਨੂੰ ਚੋਣ ਲੜਨ ਲਈ ਫੰਡ ਵੀ ਸਰਮਾਏਦਾਰੀ ਦਿੰਦੀ ਹੈ। ਚੋਣ ਜਿੱਤਣ ਤੋਂ ਬਾਅਦ ਬਣੀ ਹਰ ਸਰਕਾਰ ਵੀ ਇਹਨਾਂ ਦੀ ਪਾਲਤੂ ਕਤੂਰੀ ਹੋ ਜਾਂਦੀ ਹੈ। ਇਹ ਇਹਨਾਂ ਦੇ ਪੱਖ ਦੀਆਂ ਹੀ ਨੀਤੀਆਂ ਹੀ ਬਣਾਵੇਗੀ ਅਤੇ ਲਾਗੂ ਕਰੇਗੀ। ਆਮ ਜਨਤਾ ਦਾ ਸ਼ੋਸਣ ਹੋਵੇਗਾ ਹੀ ਹੋਵੇਗਾ ।

ਸਰਕਾਰੀ ਮੁਲਾਜ਼ਮ ਕਦੇ ਵੀ ਸਰਕਾਰਾਂ ਦੇ ਵਿਰੁੱਧ ਇਕਮੁੱਠ ਨਹੀਂ ਹੋਣਗੇ, ਉਹਨਾਂ ਦਾ ਸੰਘਰਸ਼ ਤਨਖਾਹਾਂ , ਭੱਤਿਆਂ ਤੱਕ ਹੀ ਸੀਮਤ ਹੈ। ਆਪਣੇ ਮਹਿਕਮੇ ਤੱਕ ਸੀਮਤ ਹੈ। ਆਪਣਿਆਂ ਅਦਾਰਿਆਂ ਦੀ ਹੋਂਦ ਬਚਾਉਣ ਤੱਕ ਸੀਮਤ ਹੈ। ਆਮ ਕਿਰਤੀ ਵੀ ਖਿੰਡੇ -ਪੁੰਡੇ ਹੁੰਦੇ ਹਨ। ਉਹਨਾਂ ਨੂੰ ਰੋਜ਼- ਮਰਾ ਦੀਂ ਲੋੜਾਂ ਲਈ ਕੰਮ ਤਲਾਸ਼ਣਾ ਹੀ ਪਵੇਗਾ ਅਤੇ ਕਰਨਾ ਹੀ ਪਵੇਗਾ ਤਾਂ ਘਰ ਦੇ ਮੈਂਬਰਾਂ ਦਾ ਪੇਟ ਭਰੇਗਾ। ਕਿਸਾਨ ਹੀ ਹਨ ਜੋ ਇਕ ਸਾਲ ਤੋਂ ਵੱਧ ਅੰਦੋਲਨ ਕਰਕੇ ਤਾਨਾਸ਼ਾਹੀ ਹਕੂਮਤ ਦੀ ਗੋਡਣੀ ਲਵਾ ਗਏ । ਇਹਨਾਂ ਕਿਸਾਨੀ ਆਗੂਆਂ ਦੀ ਰਣਨੀਤੀ ਵੱਲ ਪੂਰਾ ਪੰਜਾਬ ਹੀ ਨਹੀਂ ਪੂਰਾ ਦੇਸ਼ ਉਮੀਦ ਨਾਲ਼ ਨਜ਼ਰ ਟਿਕਾਈ ਦੇਖ ਰਿਹਾ ਹੈ।
ਇਹ ਸੁਨਹਿਰਾ ਸਮਾਂ ਹੈ ਪੰਜਾਬ ਅਤੇ ਪੰਜਾਬੀਆਂ ਨੂੰ ਬਚਾਉਣ ਲਈ । ਪੰਜਾਬ ਦੀ ਧਰਤੀ ਤੋਂ ਪੰਜਾਬੀਆਂ ਦੇ ਪਰਵਾਸ ਨੂੰ ਥੰਮਣ ਲਈ । ਕੇਂਦਰ ਦੀਆਂ ਪੰਜਾਬ ਮਾਰੂ ਨੀਤੀਆਂ ਦੇ ਨੱਥ ਪਾਉਣ ਲਈ । ਪੰਜਾਬ ਨੂੰ ਪੰਜਾਬ ਦੇ ਕਿਰਤੀਆਂ ਕਾਮਿਆਂ ਦੀ ਬਣਾਈ ਸਰਕਾਰ ਦੀ ਲੋੜ ਹੈ। ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਲੇ ਵਿਦਵਾਨਾਂ ਦੀ ਸਰਕਾਰ ਵਿੱਚ ਨੁਮਾਇੰਦਗੀ ਦੀ ਬਹੁਮਤ ਜ਼ਰੂਰਤ ਹੈ, ਭੰਡਾਂ-ਨਕਲਚੀਆਂ ਦੀ ਲੋੜ ਨਹੀਂ। ਨੇਤਾਵਾਂ ਦੀਆਂ ਡਰਾਮੇਬਾਜ਼ੀਆਂ ਨੇ ਪੰਜਾਬ ਦੀ ਅਰਥ ਵਿਵਸਥਾ ਤਹਿਸ ਨਹਿਸ ਕਰ ਦਿੱਤੀ ਹੈ। ਅੰਦੋਲਨ ਜਿੱਤ ਕੇ ਘਰਾਂ ਵਿੱਚ ਬੈਠਣ ਦਾ ਸਮਾਂ ਨਹੀਂ ਹੁਣ, ਚੋਣਾਂ ਦੀ ਰੁੱਤ ਹੈ, ਐ ਕਿਰਤੀਓ, ਐ ਕਿਸਾਨੋ ਚੋਣਾਂ ਜਿੱਤੋ । ਕਿਸਾਨ-ਮਜ਼ਦੂਰ ਬਚਾਉਣ ਦੇ ਲਈ ਸੱਤਾ ਦੀ ਲਗਾਮ ਕਿਰਤੀਆਂ ਦੇ ਹੱਥ ਹੋਣੀ ਹੀ ਸਮੇਂ ਦੀ ਮੰਗ ਹੈ। ਲੋਹਾ ਗਰਮ ਹੈ, ਟਿਕਾ ਕੇ ਘਣ ਮਾਰੋ ਘਣ।

ਬਲਜਿੰਦਰ ਸਿੰਘ “ਬਾਲੀ ਰੇਤਗੜੵ “

+919465129168
+917087629168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਥੈਲਾ ਅਪਣਾਓ , ਵਾਤਾਵਰਣ ਬਚਾਓ… “
Next articleਵਾਅਦੇ ਲਾਰੇ ਤੇ ਨੀਂਹ ਪੱਥਰ