ਮੇਰੇ ਸਾਲਾ ਸਾਹਿਬ ਨਹੀਂ ਮੰਨੇਂ !

ਜਸਪਾਲ ਜੱਸੀ

(ਸਮਾਜ ਵੀਕਲੀ)

ਇੱਕ ਦਿਨ ਵਿਚ ਦੋ ਦੋ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੇ ਫੋਨ !
ਬੰਦਾ ਨਾਮ ਸੁਣ ਕੇ ਹੀ ਬੌਂਦਲ ਜਾਵੇ।
ਦੋਵਾਂ ਪਾਸੋਂ ਇੱਕ ਹੀ ਸੁਆਲ।
“ਅਸੀਂ ਤੁਹਾਨੂੰ ਆਪਣੀ ਪਾਰਟੀ ਦਾ ਉਮੀਦਵਾਰ ਬਣਾਉਣਾ ਚਾਹੁੰਦੇ ਹਾਂ।
ਤੁਸੀਂ ਪਾਰਟੀ ਦਫ਼ਤਰ ‌ਆ ਕੇ ਮਿਲੋ ਜੀ।”
ਮੈਂ ਅੱਗਿਓਂ ਕੁਝ ਨਹੀਂ ਬੋਲ ਸਕਿਆ।
ਦੋਵਾਂ ਪਾਰਟੀਆਂ ਦੇ ਆਗੂਆਂ ਦਾ ਲਹਿਜ਼ਾ, ਇੱਕੋ ਜਿਹਾ ਸੀ। ਮੈਨੂੰ ਉਮੀਦਵਾਰ,
ਕਿਉਂ ?
ਮੈਂ ਆਪਣੇ ਆਪ ਨਾਲ ਸੁਆਲ ਕੀਤਾ।
ਸ਼ਾਇਦ ਮੈਂ ਇਹਨਾਂ ਪਾਰਟੀਆਂ ਦੇ ਖਿਲਾਫ਼ ਬਹੁਤ ਲਿਖਦਾ ਰਹਿੰਦਾ ਹਾਂ।
ਕੋਈ ਕਿੜ ਹੀ ਨਾ ਕੱਢਣੀ ਹੋਵੇ।
ਫੇਰ ਸੋਚਿਆ, ਇਹਨਾਂ ਪਾਰਟੀਆਂ ਦੇ ਪੇਜ਼ ‘ਤੇ ਜਦੋਂ ਕੂਮੈਂਟ ਲਿਖੀਂਦੈ, ਉਨੇ ਕੂਮੈਂਟ ਇਹਨਾਂ ਦੇ ਹੱਕ ਚ ਨਹੀਂ ਹੁੰਦੇ ਜਿੰਨੇ ਵਿਰੋਧ ਵਿਚ ਹੁੰਦੇ ਨੇ। ਤੇ ਮੇਰੇ ਕੂਮੈਂਟ ‘ਤੇ ਸਭ ਤੋਂ ਵੱਧ ਲੋਕਾਂ ਵੱਲੋਂ ਇਹਨਾਂ ਪਾਰਟੀਆਂ ਦੀ ਚੀਰ ਫਾੜ ਹੁੰਦੀ ਹੈ।
ਸ਼ਾਮ ਨੂੰ ਫੇਰ ਇੱਕ ਪਾਰਟੀ ਦੇ ਆਗੂ ਦਾ ਫੋਨ ਆ ਗਿਆ, “ਪਾਲ ਸਿਉਂ ਜੀ,ਆਪ ਜੀ ਨੇ ਜੁਆਬ ਨਹੀਂ ਦਿੱਤਾ, ਅਸੀਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਆਪ ਜੀ ਨੂੰ ਸਾਡੀ ਪਾਰਟੀ ਵੱਲੋਂ ਟਿਕਟ ਦੇਣਾ ਚਾਹੁੰਦੇ ਹਾਂ।
ਕੀ ਵਿਚਾਰ ਹੈ?”
ਬੱਸ ਜੀ ! ਮੈਂ ਸਾਰਾ ਦਿਨ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨਾਲ ਵਿਚਾਰ ਕਰਦਾ ਰਿਹਾ, ਗੱਲ ‘ਸਾਲੇ’ ‘ਤੇ ਜਾ ਕੇ ਅਟਕ ਗਈ।
ਅੱਗੋਂ ਸੁਆਲ ਆਇਆ, “ਉਹ ਕਿਵੇਂ ਜੀ ?”
ਅਸੀਂ ਤਾਂ ਟਿਕਟ ਤੁਹਾਨੂੰ ਦੇਣਾ ਚਾਹੁੰਦੇ ਹਾਂ,ਸਾਲੇ ਨੂੰ ਨਹੀਂ।
ਮੈਂ ਉਸ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਦੇਖੋ ਪ੍ਰਧਾਨ ਜੀ,
ਮੈਂ ਆਪਣੇ ਸਾਲੇ ਤੋਂ ਬਿਨਾਂ ਚੋਣ ਕਿਵੇਂ ਲੜ ਸਕਦਾਂ। ਸਾਲੇ ਤੋਂ ਬਿਨਾਂ ਮੇਰੀ ਗੈਰਹਾਜ਼ਰੀ ਚ ਹਲਕਾ ਕੌਣ ਦੇਖੇਗਾ ?
ਮੇਰਾ ਸਾਲਾ ਕਹਿੰਦਾ,
“ਮੈਂ ਆਪਣੀ ਜ਼ਿੰਦਗੀ ਵਧੀਆ ਜਿਉਨੈਂ।”
ਨੌਕਰੀ ਵੀ ਅਜੇ ਚੱਲ ਰਹੀ ਹੈ।
ਸ਼ਾਮ ਨੂੰ ਪੈੱਗ ਸੈ਼ੱਗ ਲਾ ਕੇ ਵਧੀਆ ਸੌਂ ਜਾਈਦੈ।
ਨਾਲੇ ਮੈਨੂੰ ਪੈਸੇ ਇਕੱਠੇ ਕਰਨੇ ਨਹੀਂ ਆਉਂਦੇ, ਠੇਕੇ ਦੇਣੇ ਨਹੀਂ ਆਉਂਦੇ, ਅਫਸਰ ਦੀ ਗਿੱਚੀ ਮਰੋੜਨੀ ਨਹੀਂ ਆਉਂਦੀ। ਲੜਾਈ ਝਗੜੇ ਤੋਂ ਵੀ ਦੂਰ ਰਹੀਂਦੈ।
ਲੋਕਾਂ ਦੀਆਂ ਗਾਲ਼ਾਂ ਤੁਹਾਨੂੰ ਭਾਵੇਂ ਨਾ ਪੈਣ ਪਰ ਸਾਲੇ ਨੂੰ ਕੌਣ ਬਖ਼ਸ਼ਦੈ।
ਨ੍ਹਾ ਜੀਜਾ ਜੀ ਨ੍ਹਾ।
ਮੈਨੂੰ ਬਖਸ਼ੋ, ਲੋਕ ਤਾਂ ਕਹਾਵਤਾਂ ਦਾ ਹਵਾਲਾ ਦੇ ਕੇ ਕਹਿੰਦੇ ਨੇ।
“ਭੈਣ ਘਰ ਭਾਈ ਕੁੱਤਾ, ਸਹੁਰੇ ਘਰ ਜਵਾਈ ਕੁੱਤਾ।”
ਅਜੇ ਤੱਕ ਸ਼ੁਕਨੀ ਨੂੰ ਵੀ ਨਹੀਂ ਛੱਡਿਆ, ਪੰਜ ਹਜ਼ਾਰ ਸਾਲ ਹੋ ਗਏ ਮਹਾਂਭਾਰਤ ਹੋਈ ਨੂੰ।
ਨ੍ਹਾ ਜੀਜਾ ਜੀ ਨ੍ਹਾ।
ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ।”
ਏਸ ਕਰਕੇ ਮੈਂ ਇਲੈਕਸ਼ਨ ਨਹੀਂ ਲੜ ਸਕਦਾ।
ਮੈਨੂੰ ਮੁਆਫ਼ ਕਰੋ।
ਅੱਗੋਂ ਫੋਨ ਵਿਚੋਂ ਸਾ਼ਅ ਸਾ਼ਅ ਦੀ ਆਵਾਜ਼ ਆ ਰਹੀ ਸੀ ਸ਼ਾਇਦ ਨੇਤਾ ਜੀ ਵਿਚਾਰ ਸੁਣ ਕੇ ਫੋਨ ਬੰਦ ਕਰਨਾ ਵੀ ਭੁੱਲ ਗਏ।
(ਜਸਪਾਲ ਜੱਸੀ)
946332125

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਦਾ ਸਕਾਟਲੈਂਡ ‘ਸਿ਼ਲਾਂਗ’
Next articleਨੰਬਰਦਾਰਾਂ ਨੇ ਛੱਪੜ ਅਤੇ ਖੰਡਰ ਬਣ ਰਹੇ ਸਰਕਾਰੀ ਸਕੂਲ ਨੂੰ ਬਣਾਉਣ ਦਾ ਹੋਕਾ ਦਿੱਤਾ – ਯੂਨੀਅਨ