(ਸਮਾਜ ਵੀਕਲੀ)
ਨਾ ਪੁੱਛਿਆ ਕਰ ਰਾਮ ਕਹਾਣੀ ਦਰਦਾਂ ਦੀ,
ਦਿਲ ਦਰਿਆ ਫਿਰ ਖਾਰਾ ਖਾਰਾ ਹੋ ਜਾਣਾ ਈ!
ਤਸਵੀਰ ਨਹੀਂ ਬਣਦੀ, ਅੱਖਾਂ ਤੋਂ, ਨਾਲੇ ਹੱਥਾਂ ਤੋਂ,
ਰੂਹ ਨੇ ਤੜਪ ਕੇ ਪਾਰਾ ਪਾਰਾ ਹੋ ਜਾਣਾ ਈ!
ਬੰਦ ਰਹਿਣ ਦੇ, ਢਿੱਠੀ ਕਬਰ ਫਰੋਲੀਂ ਨਾ
ਰਹਿੰਦ ਖੂਹੰਦ ਕਲਬੂਤ ਕਬਾੜਾ ਹੋ ਜਾਣਾ ਈ!
ਧਰਤ ਨੂੰ ਕੀਹਨੇ ਬੰਜਰ ਆਖ ਸਰਾਪ ਦਿੱਤਾ?
ਉਦਾਸ ਹਵਾ ਹੁਣ ਗਾਰਾ ਗਾਰਾ ਹੋ ਜਾਣਾ ਈ!
ਰੱਬ ਜਾਣੇ ਇਹ ਕਦ ਤਕ ਰਿਸਦਾ ਰਹਿਣਾ ਏ,
ਸਬਰ ਦਾ ਲੋਗੜ੍ਹ ਭਾਰਾ ਭਾਰਾ ਹੋ ਜਾਣਾ ਈ!
ਮੇਰੇ ਮੂੰਹ ਤੇ ਜੰਦਰਾ ਜੜਿਆ ਰਸਮਾਂ ਦਾ ,
ਤੋੜ ਦਿਆਂ ਤਾਂ ਫ਼ੇਰ ਨਿਤਾਰਾ ਹੋ ਜਾਣਾ ਈ!
ਚੰਨ ਚਾੜ੍ਹਨ ਦਾ ਵਾਅਦਾ ਸੀ ਤਿਰਕਾਲਾਂ ਦਾ,
ਅੱਜ ਸਾਰਾ ਅੰਬਰ ਤਾਰਾ ਤਾਰਾ ਹੋ ਜਾਣਾ ਈ!
ਮੈਨੂੰ ਲੱਗਦਾ ਮਰ ਗਏ ਜੁਗਨੂੰ ਟਹਿਕ ਪੈਣੇ,
ਲੁੱਟਿਆ ਜੋਬਨ ਫੇਰ ਕੁਆਰਾ ਹੋ ਜਾਣਾ ਈ!
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly