
(ਸਮਾਜ ਵੀਕਲੀ) ਇੱਕ ਭ੍ਰਿਸ਼ਟ ਸਰਕਾਰੀ ਅਫਸਰ ਸਰਕਾਰੀ ਗੱਡੀ ਤੇ ਕਿਸੇ ਵਿਆਹ ਦੀ ਪਾਰਟੀ ਤੋਂ ਰਾਤ ਵੇਲੇ ਵਾਪਸ ਪਰਤ ਰਿਹਾ ਸੀ। ਯਾਨੀ ਕਿ ਸਰਕਾਰੀ ਗੱਡੀ ਨੂੰ ਨਿੱਜੀ ਕੰਮ ਲਈ ਲੈਕੇ ਗਿਆ ਸੀ। ਉਸ ਅਫਸਰ ਨੇ ਸ਼ਰਾਬ ਜ਼ਿਆਦਾ ਪੀਤੀ ਹੋਈ ਸੀ ਅਤੇ ਗੱਡੀ ਦੇ ਦਰਵਾਜ਼ੇ ਵਲ ਝੁਕਣ ਨਾਲ ਦਰਵਾਜ਼ੇ ਦੇ ਨਾਲ ਲੱਗਿਆ ਹੋਇਆ ਸੀ।ਸੜਕ ਖਰਾਬ ਹੋਣ ਕਰਕੇ ਅਚਾਨਕ ਗੱਡੀ ਨੂੰ ਝਟਕਾ ਲੱਗਾ ਅਤੇ ਗੱਡੀ ਦਾ ਦਰਵਾਜ਼ਾ ਖੁੱਲ ਗਿਆ। ਉਹ ਅਫਸਰ ਚੱਲਦੀ ਗੱਡੀ ਚੋਂ ਸੜਕ ਤੇ ਡਿੱਗ ਪਿਆ। ਪਿੱਛੋਂ ਆਉਂਦਾ ਇੱਕ ਟਰੱਕ ਉਸਦੇ ਉੱਪਰ ਦੀ ਲੰਘ ਗਿਆ ਅਤੇ ਉਸ ਅਫਸਰ ਦੀ ਮੌਕੇ ਤੇ ਹੀ ਮੌਤ ਹੋ ਗਈ। ਰਾਤ ਦਾ ਸਮਾਂ ਸੀ। ਸਵੇਰ ਹੋਈ ਅਤੇ ਦੋ ਅਵਾਰਾ ਕੁੱਤੇ ਲਾਸ਼ ਕੋਲ ਆਏ ਅਤੇ ਲੋਕ ਵੀ ਇਕੱਠੇ ਹੋ ਚੁੱਕੇ ਸਨ। ਇੱਕ ਵਿਅਕਤੀ ਨੇ ਉਸ ਅਫਸਰ ਬਾਰੇ ਹੌਲੀ ਜਿਹੀ ਕਿਹਾ ਕਿ ਵਿਚਾਰਾ ਕੁੱਤੇ ਦੀ ਮੌਤ ਮਾਰਿਆ ਗਿਆ। ਐਨੀ ਗੱਲ ਸੁਣਕੇ ਅਵਾਰਾ ਕੁੱਤੇ ਪਿੰਡ ਵੱਲ ਭੱਜ ਗਏ। ਪਿੰਡ ਪਹੁੰਚਕੇ ਉਹਨਾ ਨੇ ਆਪਣੀ ਕੁੱਤਾ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ ਅਤੇ ਪਿੰਡ ਤੇ ਸਾਰੇ ਕੁੱਤੇ ਉਸ ਵਿੱਚ ਸ਼ਾਮਲ ਹੋਏ। ਹਾਦਸੇ ਵਿਚ ਮਰੇ ਅਫਸਰ ਦਾ ਜ਼ਿਕਰ ਹੋਇਆ। ਫਿਰ ਕੁੱਤਾ ਯੂਨੀਅਨ ਦੇ ਪ੍ਰਧਾਨ ਰੌਕੀ (ਜਰਮਨ ਸ਼ੈਫਰਡ) ਨੇ ਕਿਹਾ ਕਿ ਸਾਨੂੰ ਉਸ ਅਫਸਰ ਦੀ ਮੌਤ ਤੇ ਗਹਿਰਾ ਦੁੱਖ ਹੈ, ਪਰ ਅਜੇਹੇ ਭ੍ਰਿਸ਼ਟ ਸਰਕਾਰੀ ਅਫਸਰ ਕੁੱਤੇ ਦੀ ਮੌਤ ਮਰਕੇ ਸਾਨੂੰ ਕੁੱਤਿਆਂ ਨੂੰ ਬਦਨਾਮ ਕਰ ਜਾਂਦੇ ਹਨ। ਕਿਉਂਕਿ ਸਮੁੱਚੇ ਕੁੱਤਾ ਸਮਾਜ ਦਾ ਨਾਮ ਵਫਾਦਾਰੀ ਅਤੇ ਇਮਾਨਦਾਰੀ ਕਰਕੇ ਜਾਣਿਆਂ ਜਾਂਦਾ ਹੈ। ਇਸਦੀ ਅਜੇਹੀ ਮੌਤ ਨਾਲ ਸਾਡੇ ਹਿਰਦੇ ਵਲੂੰਧਰੇ ਗਏ ਹਨ, ਕਿਉਂਕਿ ਅਜੇਹੇ ਅਫਸਰ ਜਿਸ ਮਹਿਕਮੇਂ ਚ ਕੰਮ ਕਰਦੇ ਹਨ ਉਸ ਮਹਿਕਮੇਂ ਨਾਲ ਹੀ ਧੋਖਾ ਕਰਦੇ ਹਨ। ਅੱਗੇ ਕੁੱਤਾ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜੇਹੇ ਭ੍ਰਿਸ਼ਟ ਅਫਸਰਾਂ ਨੂੰ ਕੁੱਤੇ ਦੀ ਮੌਤ ਮਰਨੋਂ ਰੋਕਿਆ ਜਾਵੇ ਅਤੇ ਅਜੇਹੇ ਅਫਸਰਾਂ ਦੀ ਮੌਤ ਦਾ ਕੋਈ ਹੋਰ ਢੁਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਕਿ ਕੁੱਤਾ ਸਮਾਜ ਬਦਨਾਮ ਨਾ ਹੋਵੇ।



