HOME ਐਕਿਊਪੰਕਚਰ ਮੈਡੀਕਲ ਕੈਂਪ ਸਫਲਤਾਪੂਰਵਕ ਸੰਪੰਨ

ਐਕਿਊਪੰਕਚਰ ਮੈਡੀਕਲ ਕੈਂਪ ਸਫਲਤਾਪੂਰਵਕ ਸੰਪੰਨ

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਡਾ: ਕੋਟਨੀਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ, ਲੁਧਿਆਣਾ ਵੱਲੋਂ ਚੀਨ ਲਈ ਭਾਰਤੀ ਚਿਕਿਤਸਾ ਮਿਸ਼ਨ (1938–1942) ਦੀ 87ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਖੰਨਾ ਦੇ ਸ਼ਿਵ ਮੰਦਰ ਰੋਡ ‘ਤੇ ਤਿੰਨ ਦਿਨਾਂ ਦਾ ਐਕਿਊਪੰਕਚਰ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੇ ਤੀਜੇ ਦਿਨ ਸਾਬਕਾ ਕੈਬਨਿਟ ਮੰਤਰੀ ਸ੍ਰ: ਗੁਰਕੀਰਤ ਸਿੰਘ ਕੋਟਲੀ ਅਤੇ ਸ੍ਰ: ਹਰਜਿੰਦਰ ਸਿੰਘ ਇਕਲਾਹਾ (ਜ਼ਿਲ੍ਹਾ ਪ੍ਰੀਸ਼ਦ ਮੈਂਬਰ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸ੍ਰ: ਇਕਬਾਲ ਸਿੰਘ ਗਿੱਲ (ਆਈ.ਪੀ.ਐੱਸ.), ਸ੍ਰ: ਜਸਵੰਤ ਸਿੰਘ ਛਾਪਾ (ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ), ਡਾ: ਕੇ.ਐਲ. ਪ੍ਰਣਾਮੀ, ਅਸ਼ਵਨੀ ਵਰਮਾ ਅਤੇ ਐਡਵੋਕੇਟ ਗੁਰਜੋਤ ਕੌਰ ਮਾਂਗਟ ਨੇ ਵੀ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਉਨ੍ਹਾਂ ਨੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਕਿਹਾ ਕਿ ਐਕਿਊਪੰਕਚਰ ਅੱਜ ਦੇ ਸਮੇਂ ਵਿੱਚ ਲੋਕਾਂ ਲਈ ਇੱਕ ਵਰਦਾਨ ਸਾਬਤ ਹੋ ਰਿਹਾ ਹੈ, ਜਿਸਦੀ ਤਰੱਕੀ ਲਈ ਸਿਆਸੀ ਹੱਦਾਂ ਤੋਂ ਉੱਪਰ ਉੱਠ ਕੇ ਲੋਕ-ਕਲਿਆਣ ਵਾਸਤੇ ਕੰਮ ਕਰਨ ਦੀ ਲੋੜ ਹੈ। ਡਾ: ਕੇ.ਐਲ. ਪ੍ਰਣਾਮੀ ਨੇ ਦੱਸਿਆ ਕਿ ਐਕਿਊਪੰਕਚਰ ਥੈਰੇਪੀ ਬਿਨਾਂ ਦਵਾਈ ਜਾਂ ਓਪਰੇਸ਼ਨ ਦੇ ਕੰਮ ਕਰਦੀ ਹੈ ਅਤੇ ਇਸ ਦਾ ਸਰੀਰ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ, ਉਲਟ ਇਹ ਇਲਾਜ ਹੋਰ ਢੰਗਾਂ ਦੇ ਮੁਕਾਬਲੇ ਕਾਫੀ ਘੱਟ ਖ਼ਰਚ ਵਾਲਾ ਹੈ। ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਪਿਛਲੇ 50 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਇਹ ਕੈਂਪ ਅੰਤਰਰਾਸ਼ਟਰੀ ਆਜ਼ਾਦੀ ਸੈਨਾਨੀ ਡਾ: ਦੁਆਰਕਾਨਾਥ ਕੋਟਨੀਸ ਅਤੇ ਡਾ: ਵਿਜੈ ਕੁਮਾਰ ਬਾਸੂ ਦੀ ਯਾਦ ਵਿੱਚ ਲਗਾਇਆ ਗਿਆ ਹੈ, ਜਿਨ੍ਹਾਂ ਨੇ 1938 ਤੋਂ 1942 ਤੱਕ ਚੀਨ ਵਿੱਚ ਸੇਵਾ ਕਰਦਿਆਂ ਭਾਰਤ-ਚੀਨ ਦੋਸਤੀ ਅਤੇ ਮਨੁੱਖਤਾ ਦੀ ਉੱਚੀ ਮਿਸਾਲ ਕਾਇਮ ਕੀਤੀ ਸੀ। ਉਨ੍ਹਾਂ ਦੇ ਇਸ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਹਸਪਤਾਲ ਵੱਲੋਂ ਭਾਰਤ ਭਰ ਵਿੱਚ ਮੁਫ਼ਤ ਐਕਿਊਪੰਕਚਰ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਡਾ: ਰਘੁਵੀਰ ਸਿੰਘ, ਡਾ: ਸੰਦੀਪ ਚੋਪੜਾ, ਡਾ: ਬਲਜਿੰਦਰ ਢਿੱਲੋਂ, ਡਾ: ਕੇ.ਐਲ. ਪ੍ਰਣਾਮੀ ਆਦਿ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਅਤੇ ਤਿੰਨ ਦਿਨਾਂ ਦੇ ਇਸ ਕੈਂਪ ਵਿੱਚ ਲਗਭਗ 430 ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਕੈਂਪ ਨੂੰ ਕਾਮਯਾਬ ਬਣਾਉਣ ਵਿੱਚ ਮਨਪ੍ਰੀਤ ਕਪਿਲੇਸ਼, ਮਨਪ੍ਰੀਤ, ਮਨੀਸ਼ਾ, ਗਗਨ ਭਾਟੀਆ, ਰਵਦੀਪ ਕੌਰ, ਅਲੀਸ਼ਾ, ਗਗਨਦੀਪ, ਇੰਦਰਜੀਤ, ਦਲਜੀਤ, ਪੱਲਵੀ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਕੁੱਤਾ ਯੂਨੀਅਨ * (ਵਿਅੰਗਾਤਮਕ ਕਹਾਣੀ)
Next articleਬਲਾਕ ਬਠਿੰਡਾ ਦੀਆਂ ਪ੍ਰਾਇਮਰੀ ਖੇਡਾਂ ਵਿੱਚ ਹੈਂਡ ਬਾਲ ਮੁਕਾਬਲਿਆਂ ਵਿੱਚ ਮਾਲ ਰੋਡ ਅਤੇ ਦੇਸਰਾਜ ਸੈਂਟਰ ਦਾ ਦਬਦਬਾ