ਡੌਗ ਕਲਚਰ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

(ਸਮਾਜ ਵੀਕਲੀ) ਇਨਸਾਨ ਵੀ ਕੀ ਅਜੀਬ ਚੀਜ਼ ਹੈ। ਮਿਹਰਬਾਨ ਹੋ ਜਾਵੇ ਤਾਂ ਸੱਤਵੇਂ ਅਸਮਾਨ ਤੇ ਬਿਠਾ ਦੇਵੇ ਅਤੇ ਨਾਰਾਜ਼ ਹੋ ਜਾਏ ਤਾਂ ਮਲੀਆ ਮੇਟ ਕਰ ਦੇਵੇ। ਇਹ ਕੁਝ ਉਸਨੇ ਕੁੱਤੇ ਨਾਲ ਕਰ ਰੱਖਿਆ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਆਪਣੇ ਮਾਲਕ ਦਾ ਬਹੁਤ ਵਫਾਦਾਰ ਹੁੰਦਾ ਹੈ ਅਤੇ ਲੋਕ ਕੁੱਤੇ ਦੀ ਵਫਾਦਾਰੀ ਦੀਆਂ ਕਸਮਾਂ ਖਾਂਦੇ ਹਨ। ਜਿਸ ਵੇਲੇ ਵੀ ਵਫਾਦਾਰੀ ਦੀ ਗੱਲ ਹੁੰਦੀ ਹੈ ਤਾਂ ਲੋਕ ਆਦਮੀ ਦਾ ਨਾਮ ਨਹੀਂ ਲੈਂਦੇ ਬਲਕਿ ਕੁੱਤੇ ਦੀ ਵਫਾਦਾਰੀ ਦੀ ਗੱਲ ਕਰਦੇ ਹਨ। ਕਹਿੰਦੇ ਨੇ ਕਿ ਮਹਾ ਭਾਰਤ ਦਾ ਯੁੱਧ ਸਮਾਪਤ ਹੋਣ ਤੋਂ ਬਾਅਦ ਜਦੋਂ ਪਾਂਡਵ ਰਾਜ ਪਾਠ, ਸਕੇ ਸਬੰਧੀਆਂ ਆਦਿ ਨੂੰ ਛੱਡ ਕੇ ਹਿਮਾਲਿਆ ਪਰਬਤ ਤੇ ਜਾ ਰਹੇ ਸਨ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਵਫਾਦਾਰ ਕੁੱਤਾ ਵੀ ਨਾਲ ਹੀ ਗਿਆ ਸੀ। ਸਾਡੇ ਸ਼ਾਸਤਰਾਂ ਵਿੱਚ ਕੁੱਤੇ ਦੀ ਬਹੁਤ ਮਹਿਮਾ ਦੱਸੀ ਗਈ ਹੈ। ਆਦਮੀ ਦੇ ਮਰਨ ਤੋਂ ਬਾਅਦ ਜਦੋਂ ਉਸਦੇ ਸ਼ਰਾਧ ਕੀਤੇ ਜਾਂਦੇ ਹਨ ਤਾਂ ਮੰਤਰਾਂ ਦਾ ਉਚਾਰਨ ਕਰਕੇ ਕੁੱਤੇ ਨੂੰ ਭੋਜਨ ਖਿਲਾਉਣ ਦਾ ਵਿਸ਼ੇਸ਼ ਵਰਨਣ ਕੀਤਾ ਗਿਆ ਹੈ। ਪੰਜਾਬ ਵਿੱਚ ਜਦੋਂ ਬੱਚੇ ਲੋਹੜੀ ਮੰਗਦੇ ਹਨ ਤਾਂ ਇਸ ਕਿਸਮ ਦਾ ਗਾਣਾ ਗਾਉਂਦੇ ਹਨ,,, ਪਾ ਮਾਈ ਪਾ, ਕਾਲੇ ਕੁੱਤੇ ਨੂੰ ਵੀ ਪਾ। ਕਾਲਾ ਕੁੱਤਾ ਦੇਵੇ ਦੁਹਾਈ, ਤੇਰੇ ਬੱਚੇ ਜੀਵਨ ਸਾਈਂ,,, ਇਹ ਕਹਿ ਕੇ ਉਹ ਕੁੱਤੇ ਦਾ ਸਮਾਜ ਵਿੱਚ ਮਹੱਤਵ ਦੱਸਦੇ ਹਨ। ਜਿਨਾਂ ਲੋਕਾਂ ਦੇ ਸੰਤਾਨ ਨਹੀਂ ਹੁੰਦੀ ਉਹ ਕੁੱਤੇ ਨੂੰ ਪਾਲ ਕੇ ਸੰਤਾਨ ਸੁਖ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਈ ਲੋਕ ਕੁੱਤੇ ਨੂੰ ਸਾਬਣ ਨਾਲ ਨਹਾਉਂਦੇ ਹਨ, ਠੰਡ ਦੇ ਮੌਸਮ ਵਿੱਚ ਉਸ ਉੱਤੇ ਗਰਮ ਕੱਪੜੇ ਦੀ ਜੈਕਟ ਪਾਉਦੇ ਹਨ, ਘਰ ਦੇ ਬਜ਼ੁਰਗਾਂ ਨੂੰ ਚਾਹੇ ਚਾਹ, ਦੁੱਧ ਜਾਂ ਦਵਾਈ ਮਿਲੇ ਜਾਂ ਨਾ ਮਿਲੇ ਲੇਕਿਨ ਪਾਲਤੂ ਕੁੱਤੇ ਨੂੰ ਬਾਦਸਤੂਰ ਦੁੱਧ ਪਿਲਾਇਆ ਜਾਂਦਾ ਹੈ, ਮੀਟ ਖਿਲਾਇਆ ਜਾਂਦਾ ਹੈ, ਉਸ ਨੂੰ ਸਵੇਰੇ ਸ਼ਾਮ ਸੈਰ ਕਰਾਈ ਜਾਂਦੀ ਹੈ, ਕਈ ਵਾਰ ਪਾਲਤੂ ਕੁੱਤੇ ਬੰਦਿਆਂ ਦੇ ਨਾਲ ਉਸੇ ਹੀ ਬਿਸਤਰ ਤੇ ਸੌਂਦੇ ਵੀ ਹਨ। ਕੁਝ ਡਾਕਟਰਾਂ ਦੀ ਇਹ ਰਾਇ ਹੈ ਕਿ ਜੇਕਰ ਕੁੱਤੇ ਦੇ ਵਾਲਾਂ ਤੇ ਬਾਦਸਤੂਰ ਕੁਝ ਸਮੇਂ ਵਾਸਤੇ ਹੱਥ ਫੇਰਿਆ ਜਾਏ ਤਾਂ ਬੰਦੇ ਨੂੰ ਹਾਰਟ ਅਟੈਕ ਨਹੀਂ ਹੁੰਦਾ।। ਇੱਕ ਖਬਰ ਦੇ ਮੁਤਾਬਿਕ ਕੁਝ ਸਮਾਂ ਪਹਿਲਾਂ ਗੁਲਾਬੀ ਨਗਰੀ, ਜੈਪੁਰ ਵਿੱਚ 18 ਕੁੱਤੇ ਅਤੇ ਕੁੱਤੀਆਂ ਦਾ ਸਮੂਹਿਕ ਵਿਆਹ ਬੜੇ ਸ਼ਾਹੀ ਅੰਦਾਜ਼ ਨਾਲ ਕੀਤਾ ਗਿਆ। ਇਹ ਵਿਆਹ ਹਿੰਦੁਸਤਾਨੀ ਰੀਤੀ ਰਿਵਾਜ ਨਾਲ ਉਝ ਕੀਤਾ ਗਿਆ ਜਿਵੇਂ ਕਿ ਅਸੀਂ ਲੋਕ ਆਪਣੇ ਬੱਚਿਆਂ ਦਾ ਵਿਆਹ ਕਰਦੇ ਹਾਂ। ਇਹ ਫੈਸਲਾ ਕੀਤਾ ਗਿਆ ਕਿ ਕੁੱਤੇ ਬਰਾਤ ਲੈ ਕੇ ਕੁੱਤੀ ਦੇ ਘਰ ਆਉਣਗੇ, ਲਾੜੇ ਅਤੇ ਵਹੁਟੀ ਨੂੰ ਜੈ ਮਾਲਾ ਪੁਆਈ ਜਾਵੇਗੀ, ਫੇਰ ਵੈਦਿਕ ਮੰਤਰਾਂ ਦਾ ਉਚਾਰਨ ਕਰਨ ਦੇ ਬਾਅਦ ਅਗਨੀ ਦੇ ਸੱਤ ਫੇਰੇ ਕਰਵਾ ਕੇ ਉਹਨਾਂ ਦਾ ਵਿਆਹ ਕੀਤਾ ਜਾਏਗਾ। ਬਰਾਤ ਵਿੱਚ ਆਏ ਮਹਿਮਾਨੋ ਵਾਸਤੇ ਪ੍ਰੀਤੀ ਭੋਜ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਏਗਾ। ਇਸ ਮੌਕੇ ਤੇ ਕੁੱਤਿਆਂ ਦਾ ਬਿਊਟੀ ਕੰਟੈਸਟ ਵੀ ਕੀਤਾ ਜਾਏਗਾ। ਸ਼ਾਹੀ ਗੁਲਾਬੀ ਨਗਰੀ, ਜੈਪੁਰ ਦੇ ਲੋਕਾਂ ਨੇ ਸੱਚਮੁੱਚ ਇਤਿਹਾਸ ਰਚ ਦਿੱਤਾ ਹੈ ਜਿਸ ਵਾਸਤੇ ਉਹ ਹਾਰਦਿਕ ਵਧਾਈ ਦੇ ਹੱਕਦਾਰ ਹਨ। ਕੁੱਤਿਆਂ ਦੀ ਇਤਨੀ ਮਹਿਮਾ ਸੁਣਨ ਤੋਂ ਬਾਅਦ ਸ਼ਾਇਦ ਲੋਕ ਕਿਸੇ ਬੰਦੇ ਨੂੰ,, ਕੁੱਤਾ,, ਕੁੱਤੇ ਦਾ ਪੁੱਤਰ,,,, ਕਹਿ ਕੇ ਅਪਮਾਨਿਤ ਨਹੀਂ ਕਰਨਗੇ, ਅਜਿਹਾ ਮੇਰਾ ਵਿਚਾਰ ਹੈ।! ਅੱਜ ਕੱਲ ,,, ਕੁੱਤਾ ਸੰਸਕ੍ਰਿਤੀ,,, ਇਤਨੀ ਵਧ ਗਈ ਹੈ ਕਿ ਲੋਕ ਵਿਦੇਸ਼ੀ ਕੁੱਤਿਆਂ ਨੂੰ ਪਾਲਣਾ ਸਟੇਟਸ ਸਿੰਬਲ ਸਮਝਦੇ ਹਨ। ਵੱਡੇ ਵੱਡੇ ਸ਼ਹਿਰਾਂ ਵਿੱਚ,,, ਡੋਗ ਕਲੀਨਿਕ,, ਖੋਲੇ ਗਏ ਹਨ ਜਿੱਥੇ ਕੁੱਤਿਆਂ ਦੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ, ਕੁੱਤਿਆਂ ਦੀ ਦੌੜ ਦਾ ਮੁਕਾਬਲਾ ਕਰਾਇਆ ਜਾਂਦਾ ਹੈ, ਜਿਸ ਤਰ੍ਹਾਂ ਛੋਟੇ ਬੱਚਿਆਂ ਦੀ ਸੁੰਦਰਤਾ ਬਾਰੇ,,, ਬੇਬੀ ਸ਼ੋ,,, ਹੁੰਦੇ ਹਨ ਉਸੇ ਤਰ੍ਹਾਂ,,, ਡੋਗ ਸ਼ੋ,, ਵੀ ਹੁੰਦੇ ਹਨ। ਅੱਜ ਕੱਲ ਤਾਂ ਪੁਲਿਸ ਅਤੇ ਮਿਲਟਰੀ ਵਿੱਚ ਕੁੱਤਿਆਂ ਨੂੰ ਟਰੇਨਿੰਗ ਦੇ ਕੇ ਮੁਲਜਮਾ ਅਤੇ ਗੈਰ ਕਾਨੂੰਨੀ ਹਥਿਆਰ ਅਤੇ ਬੰਮ ਲੱਭਣ ਵਾਸਤੇ ਕੀਤਾ ਜਾਂਦਾ ਹੈ।ਇਸ ਵਧਦੀ ਹੋਈ ਡੌਗ ਸੰਸਕ੍ਰਿਤੀ ਨੂੰ ਸਲਾਮ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 9416 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੋਟੀ ਉਮਰ ਦਾ ਵੱਡਾ ਕਲਾਕਾਰ
Next articleਕਵਿਤਾ