ਤਿਉਹਾਰਾਂ ਦੀ ਬਦਲਦੀ ਰੂਪ-ਰੇਖਾ..

ਗੁਰਜੀਤ ਕੌਰ

(ਸਮਾਜ ਵੀਕਲੀ)

– ਗੁਰਜੀਤ ਕੌਰ ‘ਮੋਗਾ’

ਪ੍ਰਾਚੀਨ ਕਾਲ ਤੋਂ ਹੀ ਭਾਰਤ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਤਿਉਹਾਰ ਸਾਡੀ ਭਾਰਤੀ ਸੰਸਕ੍ਰਿਤੀ ਦਾ ਅੰਗ ਹਨ। ਅਗਸਤ ਮਹੀਨੇ ਵਿੱਚ ਰੱਖੜੀ ਤੋਂ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਜੋ ਕਿ ਅਪ੍ਰੈਲ ਮਹੀਨੇ ਤੱਕ ਚਲਦੇ ਹਨ।ਫਿਰ ਚੜ੍ਹਦੇ ਸਿਆਲ ਹੀ ਨਵਰਾਤਰੇ, ਦੁਸਹਿਰਾ, ਦੀਵਾਲੀ ਆਦਿ ਤਿਉਹਾਰਾਂ ਦਾ ਸੀਜ਼ਨ ਚੱਲ ਪੈਂਦਾ ਹੈ।ਤਿਉਹਾਰਾਂ ਦੇ ਦਿਨਾਂ ਵਿੱਚ ਮਹਿੰਗਾਈ ਵੀ ਚਰਮ ਸੀਮਾ ਤੇ ਪਹੁੰਚ ਜਾਂਦੀ ਹੈ। ਮਹਿੰਗਾਈ ਦੀ ਮਾਰ ਮੱਧ ਸ਼੍ਰੇਣੀ ਤੋਂ ਲੈ ਕੇ ਗ਼ਰੀਬੀ ਦੀ ਰੇਖਾ ਤੋਂ ਨੀਚੇ ਰਹਿ ਰਹੇ ਲੋਕਾਂ ਨੂੰ ਝੱਲਣੀ ਪੈਂਦੀ ਹੈ, ਜਿਸ ਨਾਲ ਆਮ ਆਦਮੀ ਦਾ ਬਜਟ ਹਿੱਲ ਜਾਂਦਾ ਹੈ। ਹੁਣ ਵੀ ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਵਕਤ ਬਦਲਣ ਨਾਲ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਵੀ ਬਦਲ ਚੁੱਕੇ ਹਨ। ਅਜੋਕੇ ਤਿਉਹਾਰਾਂ ਤੇ ਬਜ਼ਾਰ ਭਾਰੂ ਹੋ ਰਿਹਾ ਹੈ।

ਤਿਉਹਾਰਾਂ ਦਾ ਵਜੂਦ ਬਾਜ਼ਾਰਾਂ ਦੀ ਚਕਾਚੌਂਧ ਵਿੱਚ ਸਿਮਟ ਕੇ ਰਹਿ ਗਿਆ ਹੈ। ਤਿਉਹਾਰਾਂ ਚੋਂ ਰੌਣਕ ਤੇ ਸਾਦਗੀ, ਸਹਿਜ ਗਾਇਬ ਹੈ । ਇਹ ਇੱਕ ਵਿਖਾਵਾ ਬਣ ਕੇ ਰਹਿ ਗਏ ਹਨ। ਖਪਤਕਾਰਾਂ ਨੇ ਇਸ ਨੂੰ ਕਰੋੜਾਂ ਦਾ ਧੰਦਾ ਬਣਾ ਲਿਆ ਹੈ। ਮਿਲਾਵਟਖੋਰ ਵੀ ਪੱਬਾਂ ਭਾਰ ਹੋਏ ਬੈਠੇ ਹਨ। ਰੈਡੀਮੇਡ ਤੇ ਮਹਿੰਗੇ ਭਾਅ ਵਿਕਣ ਵਾਲੀਆਂ ਵਸਤਾਂ ਦਾ ਬੋਲਬਾਲਾ ਹੈ। ਸਾਡੀ ਸੱਭਿਅਤਾ ਬਾਜ਼ਾਰ ਦੇ ਗਲਬੇ ਹੇਠ ਦੱਬੀ ਜਾ ਰਹੀ ਹੈ। ਮਹਿੰਗੇ ਤੋਂ ਮਹਿੰਗੇ ਤੋਹਫ਼ਿਆਂ ਦਾ ਲੈਣ ਦੇਣ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਗਿਫ਼ਟ ਪੈਕ ਬਾਜ਼ਾਰ ਵਿੱਚ ਮਿਲਦੇ ਹਨ ਜੋ ਸਾਡੀ ਸਿਹਤ ਲਈ ਵੀ ਹਾਨੀਕਾਰਕ ਹਨ।
ਹਰ ਚੀਜ਼ ਦਾ ਭਾਅ ਅਸਮਾਨੀ ਚੜ੍ਹਿਆ ਹੁੰਦਾ ਜਾਪਦਾ ਹੈ। ਘਰ ਵਿੱਚ ਬਣਦੀਆਂ ਮਿੱਠੀਆਂ ਵਸਤੂਆਂ ਦੀ ਜਗ੍ਹਾ ਖੁੱਲ੍ਹੇਆਮ ਵਿਕਦੀਆਂ ਮਿਲਾਵਟੀ ਮਠਿਆਈਆਂ ਨੇ ਲੈ ਲਈ ਹੈ ਜੋ ਸਿਹਤ ਲਈ ਖਤਰੇ ਦੀ ਘੰਟੀ ਹੈ। ਹਾਨੀਕਾਰਕ, ਰੰਗਾਂ ਤੇ ਮਿਲਾਵਟੀ ਦੁੱਧ ਖੋਏ ਤੋਂ ਤਿਆਰ ਮਠਿਆਈਆਂ ਇਨ੍ਹੀਂ ਦਿਨੀਂ ਬੜੇ ਧੜੱਲੇ ਨਾਲ ਵਿਕਦੀਆਂ ਹਨ। ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਹੋਇਆ ਜਾਪਦਾ ਹੈ। ਦੀਵਿਆਂ ਦੀ ਜਗ੍ਹਾ ਚਾਈਨਾ ਲੜੀਆਂ ਨੇ ਲੈ ਲਈ ਹੈ।ਅਜਿਹਾ ਹੋਣ ਨਾਲ ਦੀਵੇ ਬਣਾਉਣ ਵਾਲੇ ਘੁਮਿਆਰ ਦੇ ਧੰਦੇ ਨੂੰ ਭਾਰੀ ਸੱਟ ਵੱਜੀ ਹੈ। ਰੰਗ ਬਿਰੰਗੀਆਂ ਲੜੀਆਂ, ਫੁੱਲ, ਪਟਾਕੇ ਹਰ ਕਿਸੇ ਨੂੰ ਆਕਰਸ਼ਿਤ ਕਰਦੇ ਹਨ। ਜਿਥੇ ਇਹ ਬਾਜ਼ਾਰ ਦੀ ਸ਼ੋਭਾ ਵਧਾਉਂਦੇ ਹਨ ਉਥੇ ਆਮ ਆਦਮੀ ਦੀ ਜੇਬ ਤੇ ਵੀ ਭਾਰੂ ਰਹਿੰਦੇ ਹਨ ।ਤਰ੍ਹਾਂ ਤਰ੍ਹਾਂ ਦੇ ਪਟਾਕੇ ਬਾਜ਼ਾਰ ਵਿੱਚ ਲਾਏ ਜਾਂਦੇ ਹਨ ।ਜਿੱਥੇ ਪਟਾਕੇ ਸਾਡਾ ਪੈਸਾ ਬਰਬਾਦ ਕਰਦੇ ਹਨ ਉੱਥੇ ਅਨੇਕਾਂ ਤਰ੍ਹਾਂ ਦਾ ਨੁਕਸਾਨ ਵੀ ਪਟਾਕਿਆਂ ਨਾਲ ਹੁੰਦਾ ਹੈ। ਪਟਾਕੇ ਚਲਾਉਣਾ ਸਮਝੋ ਪੈਸਿਆਂ ਨੂੰ ਫੂਕਣਾ ਹੀ ਹੈ। ਮੁਕਾਬਲੇ ਬਾਜ਼ੀ ਦਾ ਦੌਰ ਚੱਲ ਰਿਹਾ ਹੈ।ਹਰ ਕੰਪਨੀ ਨਵੇਂ ਹੱਥ ਕੰਡੇ ਅਪਣਾ ਕੇ ਆਪਣਾ ਸਾਮਾਨ ਵੇਚਣਾ ਚਾਹੁੰਦੀ ਹੈ। ਬਰਾਂਡਿਡ ਵਸਤੂਆਂ ਨੇ ਅਜੋਕੀ ਪੀੜ੍ਹੀ ਤੋਂ ਨੂੰ ਇਸ ਕਦਰ ਆਪਣੀ ਲਪੇਟ ‘ਚ ਲੈ ਲਿਆ ਹੈ ਕਿ ਇਨ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਦੇ। ਡਿਸਕਾਉਂਟ ਦੇ ਨਾਂ ਤੇ ਤਿਉਹਾਰਾਂ ਦੀ ਆੜ ‘ਚ ਕੰਪਨੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ। ਇਲੈਕਟ੍ਰੋਨਿਕ ਵਸਤੂਆਂ ਤੇ ਭਾਰੀ ਛੂਟ ਦਾ ਲੇਬਲ ਲਗਾ ਕੇ ਗਾਹਕਾਂ ਨੂੰ ਖਿੱਚਿਆ ਜਾ ਰਿਹਾ ਹੈ। ਅੱਜ ਲਾਲਚ ਨੇ ਇਸ ਤਿਉਹਾਰ ਨੂੰ ਖਰਚੀਲਾ ਬਣਾ ਦਿੱਤਾ ਹੈ ।

ਹਰ ਨਿੱਕੇ ਮੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ ਹਰੇਕ ਦੀ ਇਸ ਤਿਉਹਾਰ ਵਿਚ ਚਾਂਦੀ ਹੁੰਦੀ ਹੈ। ਇੱਕ ਦਿਹਾੜੀਦਾਰ ਜਾਂ ਰਿਕਸ਼ਾ ਚਾਲਕ ਇਸ ਚਮਕ ਦਮਕ ਵਾਲੇ ਬਾਜ਼ਾਰ ਅੱਗੇ ਬੇਵੱਸ ਹੋਇਆ ਝੂਰਦਾ ਦਿੱਸਦਾ ਹੈ। ਮਹਿੰਗੇ ਤੋਹਫਿਆਂ ਦੇ ਆਦਾਨ ਪ੍ਰਦਾਨ ਵਿੱਚੋਂ ਖ਼ੁਸ਼ੀਆਂ ਖੇੜੇ ਗਾਇਬ ਹਨ। ਸੋ ਲੋੜ ਹੈ ਦੀਵਾਲੀ ਨੂੰ ਪੁਰਾਤਨ ਰਵਾਇਤਾਂ ਅਨੁਸਾਰ ਮਨਾਉਣ ਦੀ। ਮਹਿੰਗੇ ਤੋਹਫਿਆਂ ਨੂੰ ਤੌਬਾ ਕਰੀਏ। ਸਾਦੀ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਤਾਂ ਹੀ ਅਜਿਹੇ ਮਹਿੰਗਾਈ ਦੇ ਦੌਰ ਵਿੱਚ ਅਸੀਂ ਆਵਦੀ ਜੇਬ ਬਚਾ ਸਕਦੇ ਹਾਂ।

 

Previous articleਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਵਾਈ ਗਈ
Next articleBAD ENDING FOR MR DONALD TRUMP