(ਸਮਾਜ ਵੀਕਲੀ) ਕ੍ਰਾਂਤੀਕਾਰੀ ਰਹਿਬਰ, ਸੰਤ ਸ਼੍ਰੋਮਣੀ, ਬ੍ਰਹਮ ਗਿਆਨੀ, ਸਤਿਗੁਰੂ ਨਾਮਦੇਵ ਜੀ (1270-1350) ਦਾ ਜੀਵਨ 13ਵੀਂ ਸਦੀ ਵਿੱਚ ਸਮਾਜਿਕ ਗੈਰ-ਬਰਾਬਰੀ ਅਤੇ ਜਾਤੀਵਾਦੀ ਮਾਨਸਿਕਤਾ ਵਿਰੁੱਧ ਇੱਕ ਸੰਘਰਸ਼ਮਈ ਲੜਾਈ ਦਾ ਪ੍ਰਤੀਕ ਹੈ। ਆਪ ਨੇ ਪੰਜਾਬ ਦੀ ਪਵਿੱਤਰ ਧਰਤੀ, ਖਾਸਕਰ ਘੁਮਾਣ ਨੂੰ ਕੇਂਦਰ ਬਣਾ ਕੇ, ਵਰਣ ਵਿਵਸਥਾ ਦੇ ਜ਼ੁਲਮੀ ਢਾਂਚੇ ਨੂੰ ਚੁਣੌਤੀ ਦਿੱਤੀ ਅਤੇ ਸਮਾਜ ਵਿੱਚ ਸਮਾਨਤਾ, ਭਾਈਚਾਰਾ ਅਤੇ ਮਾਨਵੀ ਮੁੱਲਾਂ ਦੀ ਸਥਾਪਨਾ ਲਈ ਅਣਥੱਕ ਸੰਘਰਸ਼ ਕੀਤਾ। ਆਪਦੀ ਮਾਨਵਵਾਦੀ ਦੀ ਵਿਚਾਰਧਾਰਾ ਨੇ ਨਾ ਸਿਰਫ਼ ਉਸ ਸਮੇਂ ਦੇ ਸਮਾਜ ਨੂੰ ਝੰਜੋੜਿਆ, ਸਗੋਂ ਭਵਿੱਖ ਵਿੱਚ ਸਿੱਖ ਲਹਿਰ ਦੀ ਨੀਂਹ ਰੱਖਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਸੰਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਸੰਤ ਸਤਿਗੁਰੂ ਕਬੀਰ ਜੀ ਅਤੇ ਸਤਿਗੁਰੂ ਰਵਿਦਾਸ ਜੀ ਸੰਤ ਸਤਿਗੁਰੂ ਸੈਣ ਜੀ ਨੇ ਅੱਗੇ ਵਧਾਇਆ, ਜਿਨ੍ਹਾਂ ਨੇ ਉਹਨਾਂ ਦੇ ਸਮਾਨਤਾ ਅਤੇ ਮਾਨਵਤਾਵਾਦੀ ਸੁਨੇਹੇ ਨੂੰ ਪ੍ਰਸਾਰਿਤ ਕੀਤਾ।
ਸੰਤ ਨਾਮਦੇਵ ਜੀ ਦਾ ਜੀਵਨ ਅਤੇ ਸਮਾਜਿਕ ਸੰਘਰਸ਼
ਸੰਤ ਨਾਮਦੇਵ ਜੀ ਦਾ ਜਨਮ 1270 ਈਸਵੀ ਵਿੱਚ ਮਹਾਂਰਾਸ਼ਟਰ ਦੇ ਨਰਸੀ-ਬਾਮਣੀ ਵਿੱਚ ਇੱਕ ਆਮ ਪਰਿਵਾਰ ਵਿੱਚ ਹੋਇਆ ਸੀ। ਉਹ ਇੱਕ ਛੀਂਬਾ(ਦਰਜ਼ੀ) ਜਾਤੀ ਨਾਲ ਸਬੰਧਤ ਸਨ, ਜਿਸ ਨੂੰ ਉਸ ਸਮੇਂ ਸਮਾਜ ਵਿੱਚ ਨੀਚ ਸਮਝਿਆ ਜਾਂਦਾ ਸੀ। ਬਚਪਨ ਤੋਂ ਹੀ ਉਹਨਾਂ ਦਾ ਝੁਕਾਅ ਭਗਤੀ ਅਤੇ ਈਸ਼ਵਰ-ਪ੍ਰੇਮ ਵੱਲ ਸੀ। ਆਪ ਨੇ ਸਮਾਜ ਦੀ ਜਾਤੀਵਾਦੀ ਮਾਨਸਿਕਤਾ ਨੂੰ ਬਚਪਨ ਵਿੱਚ ਹੀ ਮਹਿਸੂਸ ਕੀਤਾ, ਜਦੋਂ ਉਹਨਾਂ ਨੂੰ ਮੰਦਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਿਆ ਗਿਆ। ਇਸ ਘਟਨਾ ਨੇ ਉਹਨਾਂ ਦੇ ਮਨ ਵਿੱਚ ਗਹਿਰੀ ਛਾਪ ਛੱਡੀ ਅਤੇ ਉਹਨਾਂ ਨੇ ਜਾਤੀਵਾਦ ਦੇ ਵਿਰੁੱਧ ਆਵਾਜ਼ ਉਠਾਉਣ ਦਾ ਪ੍ਰਣ ਕੀਤਾ। ਆਪ ਇਕ ਕ੍ਰਾਂਤੀਕਾਰੀ ਰਹਿਬਰ ਸਨ।
ਸੰਤ ਨਾਮਦੇਵ ਜੀ ਦੇ ਜੀਵਨ ਦੀ ਮਹਤਵਪੂਰਣ ਘਟਨਾ ਹੈ ਜਦੋਂ ਮੰਦਰ ਦੇ ਪੁਜਾਰੀਆਂ ਨੇ ਉਹਨਾਂ ਨੂੰ “ਹੀਨ ਜਾਤੀ” ਦੇ ਨਾਂ ‘ਤੇ ਮੰਦਰ ਵਿੱਚੋਂ ਧੱਕੇ ਨਾਲ ਕੱਢ ਦਿੱਤਾ। ਸੰਤ ਨਾਮਦੇਵ ਜੀ ਨੇ ਇਸ ਅਪਮਾਨ ਨੂੰ ਸਹਿਣ ਦੀ ਬਜਾਏ ਇਸ ਦਾ ਵਿਰੋਧ ਕੀਤਾ। ਪ੍ਰਮਾਤਮਾ ਦੀ ਭਗਤੀ ਅਤੇ ਭਾਈਚਾਰਕ ਸਮਾਨਤਾ ਦੇ ਸੁਨੇਹੇ ਨੂੰ ਆਪਣੇ ਸ਼ਬਦਾਂ, ਭਜਨਾਂ ਤੇ ਕੀਰਤਨ ਰਾਹੀਂ ਲੋਕਾਂ ਤੱਕ ਪਹੁੰਚਾਇਆ।, ਜਦੋਂ ਪੁਜਾਰੀਆਂ ਨੇ ਉਹਨਾਂ ਨੂੰ ਮੰਦਰ ਵਿੱਚੋਂ ਕੱਢਿਆ, ਤਾਂ ਆਪ ਮੰਦਰ ਦੇ ਪਿਛਵਾੜੇ ਜਾਕੇ ਭਜਨ ਕੀਰਤਨ ਕਰਨ ਲੱਗ ਪਏ। ਉਥੇ ਹੀ ਆਪ ਦੇ ਸ਼ਰਧਾਲੂਆਂ ਦੀ ਭੀੜ ਉਮੜ ਪਈ, ਦਿਨੋਂ ਦਿਨੀਂ ਆਪ ਦੀ ਮਹਿਮਾ ਵਧਦੀ ਗਈ ਤੇ ਉਥੇ ਹੀ ਦੇਹੁਰਾ ਤਾਮੀਰ ਕਰਵਾ ਦਿਤਾ ਗਿਆ ਜਿਸ ਦਾ ਭਾਵ ਹੈ ਦੇਹੁਰਾ ਘੁਮਾ ਕੇ ਸੰਤ ਨਾਮਦੇਵ ਜੀ ਵੱਲ ਕਰ ਦਿੱਤਾ। ਆਪ ਨੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਪ੍ਰਮਾਤਮਾ ਸਭ ਦਾ ਸਾਂਝਾ ਹੈ, ਸਰਬ ਵਿਆਪਕ ਹੈ ਜੋ ਜਾਤ-ਪਾਤ ਦੀਆਂ ਹੱਦਾਂ ਤੋਂ ਪਰੇ ਹੈ। ਆਪ ਦਾ ਪਾਵਨ ਸ਼ਬਦ ਹੈ:
ਹਸਤ ਖੇਲਤ ਤੇਰੇ ਦੇਹੁਰੇ ਆਇਆ ॥ ਭਗਤ ਕਰਤ ਨਾਮਾ ਪਕਰਿ ਉਠਾਇਆ ॥੧॥ ਹੀਨੜੀ ਜਾਤ ਮੇਰੀ ਜਾਦਮੁ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ ਲੈ ਕਮਲੀ ਚਲਿਓ ਪਲਟਾਇ ॥ ਦੇਹੁਰੈ ਪਾਛੈ ਬੈਠਾ ਜਾਇ ॥੨॥ ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ਭਗਤ ਜਨਾਂ ਕਉ ਦੇਹੁਰਾ ਫਿਰੈ॥੩॥੬॥
{ ਗੁਰੂ ਗ੍ਰੰਥ ਸਾਹਿਬ ਜੀ ਪੰਨਾ 1164}
ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵਧੇਰੇ ਹਿੱਸਾ ਪੰਡਰਪੁਰ ਵਿਚ ਗੁਜ਼ਾਰਿਆ; ਉੱਥੋਂ ਦੇ ਵਸਨੀਕ ਜਾਣਦੇ ਹੀ ਸਨ ਕਿ ਨਾਮਦੇਵ ਛੀਂਬਾ ਹੈ, ਉਹ ਸ਼ੂਦਰ ਜਾਣ ਕੇ ਉਹਨਾਂ ਨੂੰ ਨਫ਼ਰਤ ਕਰਦੇ ਸਨ। ਧਾਰਮਿਕ ਅਡੰਬਰਾਂ, ਅਵਤਾਰਵਾਦ ਜਾਤ ਪਾਤ ਦਾ ਵਿਰੋਧ ਕਰਨ ਕਰਕੇ ਠੰਡੇ ਪੁਜਾਰੀਆਂ ਵਲੋਂ ਉਹਨਾਂ ਦੀਆਂ ਹਾਕਮਾਂ ਕੋਲ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦੇਕੇ ਕੱਢ ਦਿੱਤਾ ਗਿਆ।
ਪੰਜਾਬ ਵਿੱਚ ਸੰਤ ਨਾਮਦੇਵ ਜੀ ਦਾ ਯੋਗਦਾਨ
ਸੰਤ ਨਾਮਦੇਵ ਜੀ ਨੇ ਆਪਣੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਪੰਜਾਬ ਵਿੱਚ, ਖਾਸਕਰ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਬਿਤਾਇਆ। ਇੱਥੇ ਉਹਨਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਮਾਜ ਵਿੱਚ ਸਮਾਨਤਾ ਅਤੇ ਭਾਈਚਾਰੇ ਦਾ ਸੁਨੇਹਾ ਫੈਲਾਇਆ। ਉਹਨਾਂ ਨੇ ਜਾਤੀਵਾਦੀ ਠੇਕੇਦਾਰਾਂ ਅਤੇ ਹਾਕਮਾਂ ਦੇ ਵਿਰੁੱਧ ਬਗਾਵਤ ਕੀਤੀ ਅਤੇ ਸਮਾਜ ਦੇ ਕਰੂਰ ਰਵੱਈਏ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੀਆਂ ਰਚਨਾਵਾਂ ਵਿੱਚ ਸਰਲਤਾ, ਪ੍ਰਮਾਤਮਾ ਪ੍ਰਤੀ ਸ਼ਰਧਾ ਅਤੇ ਸਮਾਜਿਕ ਨਿਆਂ ਦੀ ਭਾਵਨਾ ਸਾਫ਼ ਝਲਕਦੀ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚੋਂ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ, ਜੋ ਉਹਨਾਂ ਦੀ ਵਿਚਾਰਧਾਰਾ ਦੀ ਗਹਿਰਾਈ ਅਤੇ ਸਾਰਥਕਤਾ ਨੂੰ ਦਰਸਾਉਂਦੇ ਹਨ।
ਉਹਨਾਂ ਦੀਆਂ ਰਚਨਾਵਾਂ ਵਿੱਚ ਪ੍ਰਮਾਤਮਾ ਦੀ ਸਰਵਵਿਆਪਕਤਾ, ਧਾਰਮਿਕ ਅਡੰਬਰਾਂ ਤੇ ਪਾਖੰਡ ਦਾ ਵਿਰੋਧ ਅਤੇ ਬਰਾਬਰੀ ਵਾਲੇ ਭਾਈਚਾਰੇ ਦਾ ਸੁਨੇਹਾ ਹੈ। ਉਹਨਾਂ ਨੇ ਕਿਹਾ:
ਈਭੈ ਬੀਠਲੁ ਊਭੈ ਬੀਠਲੁ ਬੀਠਲੁ ਬਿਨ ਸੰਸਾਰ ਨਹੀਂ।।
ਸਾਰੇ ਜੀਵਾਂ ਵਿੱਚ ਇੱਕੋ ਪ੍ਰਮਾਤਮਾ ਵਸਦਾ ਹੈ, ਅਤੇ ਜਾਤ-ਪਾਤ ਦੀਆਂ ਵੰਡੀਆਂ ਮਨੁੱਖੀ ਮਨ ਦੀ ਉਪਜ ਹੈ। ਆਪ ਨੇ ਅਵਤਾਰ ਵਾਦ ਦਾ ਬੜੇ ਵਿਅੰਗਮਈ ਅੰਦਾਜ਼ ਵਿਚ ਖੰਡਨ ਕੀਤਾ।ਉਨ ਦਾ ਪ੍ਰਸਿੱਧ ਸ਼ਬਦ ਹੈ:-
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕਉ ਸਮਝਾਊ ਰੇ॥ ਰਹਾਉ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥
ਲੇ ਕਰਿ ਠੇਂਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ
ਆਵਤੁ ਦੇਖਿਆ ਥਾ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ॥੨॥
ਪਾਂਡੇ ਤੁਮਰਾ ਰਾਮਚੰਦ ਸੋ ਭੀ ਆਵਤੁ ਦੇਖਿਆ ਥਾ॥
ਰਾਵਣ ਸੇਤੀ ਸਰਵਰ ਹੋਈ ਘਰ ਕੀ ਜੋਇ ਗਵਾਈ ਥੀ ॥੩॥
ਹਿੰਦੂ ਅੰਨ੍ਹਾ ਤੁਰਕੂ ਕਾਣਾ॥ ਦੁਹੂੰ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ॥੪॥੩॥੭॥
(ਅੰਗ 874 ਰਾਗ ਗੋਂਡ ਸੰਤ ਨਾਮਦੇਵ ਜੀ)
ਸਮਾਜਿਕ ਗੈਰ-ਬਰਾਬਰੀ ਵਿਰੁੱਧ ਬਗ਼ਾਵਤ
ਸੰਤ ਨਾਮਦੇਵ ਜੀ ਨੇ ਵਰਣ ਵਿਵਸਥਾ ਦੇ ਮੁੱਦਈਆਂ ਨੂੰ ਸਿੱਧੀ ਚੁਣੌਤੀ ਦਿੱਤੀ। ਉਹਨਾਂ ਨੇ ਸਮਾਜ ਦੇ ਉੱਚ ਵਰਗ ਦੀ ਮਾਨਸਿਕਤਾ ਨੂੰ ਆਪਣੀਆਂ ਰਚਨਾਵਾਂ ਅਤੇ ਸਿੱਖਿਆਵਾਂ ਰਾਹੀਂ ਵੰਗਾਰਿਆ। ਜਦੋਂ ਉਹਨਾਂ ਨੂੰ ਮੰਦਰ ਵਿੱਚੋਂ ਕੱਢਿਆ ਗਿਆ ਜਾਂ ਦੇਸ਼ ਨਿਕਾਲੇ ਦੀ ਸਜ਼ਾ ਦਿੱਤੀ ਗਈ, ਉਹਨਾਂ ਨੇ ਹਾਰ ਨਾ ਮੰਨੀ ਅਤੇ ਆਪਣੇ ਸੁਨੇਹੇ ਨੂੰ ਹੋਰ ਵੀ ਜੋਰਦਾਰ ਢੰਗ ਨਾਲ ਫੈਲਾਇਆ। ਆਪ ਦੀਆਂ ਸਿੱਖਿਆਵਾਂ ਵਿੱਚ ਇਹ ਸੁਨੇਹਾ ਸੀ ਕਿ ਸੱਚਾ ਧਰਮ ਜਾਤ-ਪਾਤ ਤੋਂ ਉੱਪਰ ਹੈ ਅਤੇ ਸਭ ਮਨੁੱਖ ਇੱਕੋ ਪ੍ਰਮਾਤਮਾ ਦੀ ਸੰਤਾਨ ਹਨ।
ਉਹਨਾਂ ਦੀ ਇਸ ਲੜਾਈ ਨੇ ਪੰਜਾਬ ਦੀ ਧਰਤੀ ਨੂੰ ਸਮਾਜਿਕ ਬਦਲਾਅ ਦਾ ਕੇਂਦਰ ਬਣਾਇਆ। ਆਪ ਦੀ ਵਿਚਾਰਧਾਰਾ ਨੇ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਲਈ ਜ਼ਮੀਨ ਤਿਆਰ ਕੀਤੀ, ਜਿਨ੍ਹਾਂ ਨੇ ਬਾਅਦ ਵਿੱਚ ਜਾਤੀਵਾਦ ਅਤੇ ਸਮਾਜਿਕ ਗੈਰ-ਬਰਾਬਰੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸਮਾਨਤਾ ਅਤੇ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ।
ਸੰਤ ਨਾਮਦੇਵ ਜੀ ਦੀ ਵਿਚਾਰਧਾਰਾ ਨੂੰ ਸੰਤ ਕਬੀਰ ਜੀ (1398-1518) ਅਤੇ ਸਤਿਗੁਰੂ ਰਵਿਦਾਸ ਜੀ (1450-1520) ਨੇ ਨਾ ਸਿਰਫ਼ ਅਪਣਾਇਆ, ਸਗੋਂ ਉਸ ਨੂੰ ਹੋਰ ਵੀ ਵਿਸਤਾਰ ਦਿੱਤਾ। ਸੰਤ ਕਬੀਰ ਜੀ ਨੇ ਆਪਣੀਆਂ ਦੋਹਿਆਂ ਅਤੇ ਸ਼ਬਦਾਂ ਰਾਹੀਂ ਜਾਤੀਵਾਦ ਅਤੇ ਧਾਰਮਿਕ ਕਟੜਤਾ ਦੀ ਨਿਖੇਧੀ ਕੀਤੀ।
ਸਤਿਗੁਰੂ ਰਵਿਦਾਸ ਜੀ, ਜੋ ਖੁਦ ਵੀ ਸਮਾਜ ਦੀ ਤਥਾ
ਕਥਿਤ “ਨੀਵੀਂ ਜਾਤੀ” ਨਾਲ ਸਬੰਧਤ ਸਨ, ਨੇ ਸੰਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਸਮਾਜ ਵਿੱਚ ਸਮਾਨਤਾ ਅਤੇ ਮਾਨਵੀ ਮੁੱਲਾਂ ਦੀ ਸਥਾਪਨਾ ਲਈ ਸੰਘਰਸ਼ ਕੀਤਾ। ਉਹਨਾਂ ਦੀਆਂ ਰਚਨਾਵਾਂ ਵਿੱਚ ਵੀ ਜਾਤੀਵਾਦ ਦੀ ਨਿੰਦਾ ਅਤੇ ਪ੍ਰਮਾਤਮਾ ਦੀ ਸਰਵ ਵਿਆਪਕਤਾ ਦਾ ਸੁਨੇਹਾ ਮਿਲਦਾ ਹੈ।ਆਪ ਦੇ ਸ਼ਬਦ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਹਨ, ਜੋ ਸਮਾਜਿਕ ਸੁਧਾਰ ਦੀ ਇੱਕ ਮਿਸਾਲ ਹਨ।
ਸੰਤ ਨਾਮਦੇਵ ਜੀ ਦੀ ਵਿਚਾਰਧਾਰਾ ਅਤੇ ਸੰਘਰਸ਼ ਨੇ ਸਿੱਖ ਲਹਿਰ ਦੀ ਨੀਂਹ ਰੱਖੀ। ਉਹਨਾਂ ਦੀਆਂ ਸਿੱਖਿਆਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਪ੍ਰਭਾਵਿਤ ਕੀਤਾ। ਸਿੱਖ ਧਰਮ ਦੀ ਸਮਾਨਤਾ, ਸਰਬੱਤ ਦੇ ਭਲੇ ਅਤੇ ਜਾਤ-ਪਾਤ ਨੂੰ ਨਕਾਰਦੀ ਵਿਚਾਰਧਾਰਾ ਵਿੱਚ ਸੰਤ ਨਾਮਦੇਵ ਜੀ ਦੇ ਵਿਚਾਰਾਂ ਦੀ ਝਲਕ ਸਾਫ਼ ਦਿਸਦੀ ਹੈ। ਉਹਨਾਂ ਦੀ ਵਿਰਾਸਤ ਅੱਜ ਵੀ ਘੁਮਾਣ ਦੇ ਗੁਰਦੁਆਰਾ ਸੰਤ ਨਾਮਦੇਵ ਜੀ ਅਤੇ ਉਹਨਾਂ ਦੀਆਂ ਰਚਨਾਵਾਂ ਰਾਹੀਂ ਜਿਉਂਦੀ ਹੈ।
ਸੰਤ ਸਤਿਗੁਰੂ ਨਾਮਦੇਵ ਜੀ ਨੇ 13ਵੀਂ ਸਦੀ ਵਿੱਚ ਸਮਾਜਿਕ ਗੈਰ-ਬਰਾਬਰੀ ਅਤੇ ਜਾਤੀਵਾਦ ਦੇ ਵਿਰੁੱਧ ਇੱਕ ਅਜਿਹੀ ਲਹਿਰ ਚਲਾਈ, ਜਿਸ ਨੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ। ਉਹਨਾਂ ਦੀਆਂ ਸਿੱਖਿਆਵਾਂ ਨੇ ਸਮਾਨਤਾ, ਭਾਈਚਾਰੇ ਅਤੇ ਮਾਨਵੀ ਮੁੱਲਾਂ ਦੀ ਸਥਾਪਨਾ ਕੀਤੀ, ਜੋ ਸੰਤ ਕਬੀਰ ਜੀ, ਸਤਿਗੁਰੂ ਰਵਿਦਾਸ ਜੀ ਅਤੇ ਸਿੱਖ ਗੁਰੂ ਸਾਹਿਬਾਨ ਦੁਆਰਾ ਅੱਗੇ ਵਧੀ। ਉਹਨਾਂ ਦਾ ਜੀਵਨ ਅਤੇ ਸੰਘਰਸ਼ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸੱਚ ਅਤੇ ਨਿਆਂ ਦੀ ਲੜਾਈ ਕਿਸੇ ਵੀ ਸਮਾਜਿਕ ਰੁਕਾਵਟ ਨੂੰ ਪਾਰ ਕਰ ਸਕਦੀ ਹੈ।
ਲਾਲ ਸਿੰਘ ਸੁਲਹਾਣੀ
9872155120



