“ਮਨਰੇਗਾ ਹੈ ਕਾਰਗਰ ਹਥਿਆਰ,
ਅੱਲਖ ਜਗਾਉਣ ਲਈ ਹੋਵੋ ਤਿਆਰ”
ਰਾਹੋਂ/ਨਵਾਂਸ਼ਹਿਰ/ਅੱਪਰਾ/ਫਿਲੌਰ (ਸਮਾਜ ਵੀਕਲੀ) (ਜੱਸੀ): “ਨਾਲਸਾ (ਲੀਗਲ ਸਰਵਿਸ ਟੂ ਦ ਵਰਕਰ ਇਨ ਅਨ-ਆਰਗੇਨਾਈਜ਼ਡ ਸੈਕਟਰ) ਸਕੀਮ-2015” ਤਹਿਤ ਗੈਰ ਸੰਗਠਿਤ ਖੇਤਰ ਦੇ ਕਿਰਤੀਆਂ ਦੀ ਭਲਾਈ ਲਈ ਕਾਰਜਸ਼ੀਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਮੰਨਣਾ ਹੈ ਕਿ ਦਿਹਾਤੀ ਖੇਤਰ ਵਿੱਚੋਂ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਮਨਰੇਗਾ ਇੱਕ ਕਾਰਗਰ ਹਥਿਆਰ ਹੈ। ਇਸ ਲਈ ਰੋਜ਼ਗਾਰ ਦੇ ਸਾਧਨਾਂ ਦੀ ਵੱਡੀ ਕਮੀ ਨੂੰ ਦੇਖਦਿਆਂ ਗੁਰਬਤ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਦਿਹਾਤੀ ਮਜ਼ਦੂਰ ਤਬਕੇ ਨੂੰ ਇਸ ਮਾਰ ਤੋਂ ਬਚਾਉਣ ਲਈ ਅਥਾਰਟੀ ਵਲੋਂ “ਮਨਰੇਗਾ ਹੈ ਕਾਰਗਰ ਹਥਿਆਰ-ਅੱਲਖ ਜਗਾਉਣ ਲਈ ਹੋਵੋ ਤਿਆਰ” ਨਾਅਰੇ ਹੇਠ ਮਜ਼ਦੂਰ ਸੰਗਠਨ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ. ਐੱਲ.ਓ.) ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪਾਂ ਰਾਹੀਂ ਯਤਨ ਅਰੰਭੇ ਗਏ ਸਨ।
ਇਸ ਕਾਰਜ ਦੀ ਸਫਲਤਾ ਵਿੱਚ ਉਦਾਹਰਣ ਵਜੋਂ ਪਿੰਡ ਕੋਟ ਰਾਂਝਾ ਅਤੇ ਕਮਾਮ ਦੇ ਮਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਗ ਦੇ ਬਾਵਜੂਦ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸੀ ਜਦਕਿ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ (ਸਟੇਟ ਐਵਾਰਡੀ) ਦੇ ਜਨ ਹਿੱਤ ਯਤਨਾਂ ਸਦਕਾ ਉਨ੍ਹਾਂ ਨੂੰ ਮਨਰੇਗਾ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਵਿੱਤੀ ਸਾਲ 2022-23 ਦੌਰਾਨ 100 ਦਿਨ ਦਾ ਰੋਜ਼ਗਾਰ ਪ੍ਰਾਪਤ ਹੋਇਆ।
ਜਿਲ੍ਹੇ ਦੇ ਦਰੀਆਪੁਰ, ਹੱਪੋਵਾਲ, ਨਾਈਮਜਾਰਾ, ਉਸਮਾਨਪੁਰ, ਹਿਆਲਾ, ਗਰਚਾ, ਪੁੰਨੂਮਜਾਰਾ, ਰਤਨਾਣਾ, ਬੈਰਸੀਆਂ, ਢਾਹਾਂ, ਚਾਹਲ ਖੁਰਦ, ਸੈਦਪੁਰ ਅਤੇ ਪੱਲੀਆਂ ਖੁਰਦ ਆਦਿ ਪਿੰਡਾਂ ਦੇ ਮਜ਼ਦੂਰ ਹੁਣ ਲਗਾਤਾਰ ਰੋਜ਼ਗਾਰ ਅਤੇ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਇਸ ਤਰ੍ਹਾਂ ਅਥਾਰਟੀ ਮਨਰੇਗਾ ਮਜ਼ਦੂਰਾਂ ਦੇ ਰੋਜ਼ਗਾਰ ਅਤੇ ਉਸਾਰੀ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦਾ ਵਸੀਲਾ ਬਣੀ ਹੋਈ ਹੈ। ਮਜ਼ਦੂਰਾਂ ਨੇ ਇਹ ਵੀ ਦੱਸਿਆ ਕਿ ਅਥਾਰਟੀ ਦੇ ਯਤਨਾਂ ਸਦਕਾ ਮਨਰੇਗਾ ਵਿੱਚ ਹੋ ਰਹੀਆਂ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਅਤੇ ਲਾਪਰਵਾਹੀਆਂ ਖਤਮ ਹੋਈਆਂ ਹਨ ਅਤੇ ਆਮ ਲੋਕਾਂ ਦੀ ਸਮਾਜਿਕ ਸੁਰੱਖਿਆ ਸਕੀਮਾਂ ਤੱਕ ਪਹੁੰਚ ਬਹੁਤ ਆਸਾਨ ਹੋਈ ਹੈ। ਅਥਾਰਟੀ ਦੇ ਪੀ.ਐੱਲ.ਵੀ. ਬਲਦੇਵ ਭਾਰਤੀ ਨੇ ਦੱਸਿਆ ਕਿ ‘ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗ੍ਰੰਟੀ ਕਾਨੂੰਨ-2005’ ਤਹਿਤ ਰੋਜ਼ਗਾਰ ਲੈਣ ਲਈ ਗ੍ਰਾਮ ਪੰਚਾਇਤ ਜਾਂ ਏ.ਪੀ.ਓ./ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਅਰਜੀ ਦਿੱਤੀ ਜਾ ਸਕਦੀ ਹੈ। ਇਸ ਅਰਜ਼ੀ ਦੀ ਰਸੀਦ ਲੈਣਾ ਜਰੂਰੀ ਹੈ। ਇਸ ਤੋਂ ਬਾਅਦ ਜੇਕਰ 15 ਦਿਨ ਦੇ ਅੰਦਰ ਅੰਦਰ ਰੋਜ਼ਗਾਰ ਨਹੀਂ ਮਿਲਦਾ ਤਾਂ ਬਿਨੈਕਾਰ ਮਜ਼ਦੂਰ ਬੇਰੁਜ਼ਗਾਰੀ ਭੱਤੇ ਦੇ ਹੱਕਦਾਰ ਹੋ ਜਾਂਦੇ ਹਨ।
‘ਉਸਾਰੀ ਮਜ਼ਦੂਰ ਭਲਾਈ ਕਾਨੂੰਨ -1996’ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐੱਲ.ਵੀ. ਬਲਦੇਵ ਭਾਰਤੀ ਨੇ ਦੱਸਿਆ ਕਿ ਮਨਰੇਗਾ ਤਹਿਤ ਉਸਾਰੀ ਖੇਤਰ ਵਿੱਚ ਇੱਕ ਸਾਲ ਦੌਰਾਨ 90 ਦਿਨ ਮਜ਼ਦੂਰੀ ਕਰਨ ਵਾਲੇ ਪੁਰਸ਼ ਅਤੇ ਔਰਤਾਂ ਮਜ਼ਦੂਰ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਰਜਿਸਟਰਡ ਲਾਭਪਾਤਰੀ ਬਣ ਕੇ ਵੱਡਮੁੱਲੀਆਂ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ। ਇਸ ਲਈ ਮਨਰੇਗਾ ਨੂੰ ਕੇਵਲ ਮਜ਼ਦੂਰਾਂ ਲਈ ਰੋਜ਼ਗਾਰ ਦਾ ਸਾਧਨ ਹੀ ਨਹੀਂ ਬਲਕਿ ਸਮਾਜ ਦੇ ਵੱਡੇ ਕਮਜ਼ੋਰ ਹਿੱਸੇ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਦੇ ਸਾਧਨ ਵਜੋਂ ਵੀ ਦੇਖਿਆ ਜਾ ਰਿਹਾ ਹੈ।
*ਉਸਾਰੀ ਕਿਰਤੀ ਅਤੇ ਰਜਿਸਟ੍ਰੇਸ਼ਨ*
ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਮਨਰੇਗਾ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ.ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ
ਮਜ਼ਦੂਰ, ਜਿਹਨਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਸੇਵਾ ਕੇਂਦਰ ਵਿੱਚ ਲੋੜੀਂਦੇ ਦਸਤਾਵੇਜ਼, 25/-ਰੁ. ਰਜਿਸਟ੍ਰੇਸ਼ਨ ਫੀਸ ਅਤੇ 10/-ਰੁ. ਮਾਸਿਕ ਅੰਸ਼ਦਾਨ (ਘੱਟੋ-ਘੱਟ 3 ਸਾਲ ਲਈ 25+360=385/-ਰੁ.) ਜਮ੍ਹਾਂ ਕਰਵਾ ਕੇ ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਚੰਡੀਗੜ੍ਹ ਦੇ ਲਾਭਪਾਤਰੀ ਬਣ ਕੇ ਭਲਾਈ ਸਕੀਮਾਂ ਦਾ ਲਾਭ ਲੈ ਸਕਦੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly