ਜਿਲ੍ਹਾ ਚੈਂਪੀਆਨ ਹਾਕੀ ਖਿਡਾਰਨਾਂ ਨੂੰ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਹਾਕੀ ਕਿੱਟਾਂ, ਟਰੈਕ ਸੂਟ ਬੂਟ ਦਿੱਤੇ ਗਏ।

ਕੈਬਨਿਟ ਮੰਤਰੀ ਧਲੀਵਾਲ ਵੱਲੋਂ ਜਲਾਲਦੀਵਾਲ ਵਿੱਚ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੈਡੀਅਮ ਬਣਾਉਣ ਦਾ ਦਿੱਤਾ ਭਰੋਸਾ

ਸਾਡੇ ਪਿੰਡਾਂ ਵਿੱਚ ਬਹੁਤ ਖਿਡਾਰੀ ਤੇ ਕਲਾਕਾਰ ਪਏ ਨੇ ਜਿਨਾਂ ਨੂੰ ਤਰਾਸ਼ਣ ਦੀ ਲੋੜ ਹੈ : ਪ੍ਰੋ. ਗੁਰਭਜਨ ਸਿੰਘ ਗਿੱਲ

ਨਸ਼ਿਆਂ ਤੋਂ ਬਚਣ, ਵੱਡੇ ਖਿਡਾਰੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਕਿਤਾਬਾਂ ਪੜਣੀਆਂ ਬਹੁਤ ਜ਼ਰੂਰੀ ਹਨ : ਗੁਰਪ੍ਰੀਤ ਸਿੰਘ ਤੂਰ

ਰਾਏਕੋਟ (ਸਮਾਜ ਵੀਕਲੀ) : ਗੁਰਭਿੰਦਰ ਗੁਰੀ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਹਾਕੀ ਵਿੰਗ ਵਲੋਂ ਜ਼ਿਲਾ ਚੈਂਪੀਅਨ ਹਾਕੀ ਖਿਡਾਰਨਾਂ ਤੇ ਵਿੰਗ ਦੇ ਖਿਡਾਰੀਆਂ ਨੂੰ ਦਾਨੀ ਪਰਵਾਰਾਂ ਦਰਸ਼ਨ ਸਿੰਘ ਢਿਲੋਂ ਅਮਰੀਕਾ, ਬੰਤ ਸਿੰਘ ਪੂਨੀਆ ਕਨੇਡਾ, ਹਰਦੀਪ ਪੂਨੀਆ ਦੇ ਸਹਿਯੋਗ ਨਾਲ ਹਾਕੀ ਕਿੱਟਾਂ, ਟਰੈਕ ਸੂਟ ਬੂਟ ਦੇ ਕੇ ਮਨੋਬਲ ਵਧਾਉਣ ਲਈ ਤੇ ਜ਼ਿੰਦਗੀ ਵਿੱਚ ਖੇਡਾਂ ਵਿੱਚ ਅੱਗੇ ਵਧਣ ਲਈ ਸੇਧ ਦੇਣ ਲਈ ਇੱਕਤਰਤਾ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਕੀਤੀ, ਜਿਸ ਵਿੱਚ ਮੁੱਖ ਮਹਿਮਾਨ ਸ, ਗੁਰਭਜਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਤੂਰ ਰਿਟਾ ਆਈਪੀਐਸ, ਪ੍ਰਿੰਸੀਪਲ ਬਲਵੰਤ ਸਿੰਘ ਚੱਕਰ ਸ਼ਾਮਿਲ ਹੋਏ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਬੱਚਿਆਂ ਨਾਲ ਗੱਲ ਕਰਦਿਆਂ ਕਿਹਾ ਕਿ ਥੁੜਾਂ ਮਾਰੇ ਘਰਾਂ ਵਿਚੋਂ ਹੀ ਹੁਣ ਤੀਕ ਸੂਰਜ ਉੱਗੇ ਨੇ। ਸਾਡੇ ਪਿੰਡਾਂ ਵਿੱਚ ਬਹੁਤ ਖਿਡਾਰੀ ਤੇ ਕਲਾਕਾਰ ਪਏ ਨੇ ਜਿਨਾਂ ਨੂੰ ਤਰਾਸ਼ਣ ਦੀ ਲੋੜ ਹੈ।

ਪਿੰਡਾਂ ਨੂੰ ਮਿਲ ਕੇ ਹੰਭਲਾ ਮਾਰਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਕੂਲ ਚ ਪੜ੍ਹਦੇ ਬੱਚਿਆਂ ਨੂੰ ਸਿਰਕੱਢ ਖਾਰੀਆਂ, ਲਿਖਾਰੀਆਂ, ਵਿਗਿਆਨੀਆਂ ਤੇ ਮਿਹਨਤੀ ਲੋਕਾਂ ਦੀਆਂ ਬਾਤਾਂ ਸੁਣਾ ਕੇ ਇਨ੍ਹਾਂ ਦੇ ਸੁਪਨੇ ਬਦਲੋ। ਉਨ੍ਹਾਂ ਹਾਕੀ ਖੇਤਰ ਦੀਆਂ ਫ਼ਰੀਦਕੋਟ ਵਾਲੀਆਂ ਸੈਣੀ ਸਿਸਟਰਜ਼ ਦਾ ਹਵਾਲਾ ਦੇ ਕੇ ਦੱਸਿਆ ਕਿ ਹਿੰਮਤ ਅੱਗੇ ਮੁਸੀਬਤਾਂ ਰਾਹ ਛੱਡ ਜਾਂਦੀਆਂ ਹਨ। ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਨਸ਼ਿਆਂ ਤੋਂ ਬਚਣ, ਵੱਡੇ ਖਿਡਾਰੀਆਂ ਦੇ ਜੀਵਨ ਤੋਂ ਸੇਧ ਲੈਣ ਲਈ ਕਿਤਾਬਾਂ ਪੜਣੀਆਂ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਬਲਵੰਤ ਸਿੰਘ ਨੇ ਪਿੰਡ ਚੱਕਰ (ਲੁਧਿਆਣਾ)ਨੂੰ ਇੰਟਰਨੈਸ਼ਨਲ ਪੱਧਰ ਤੇ ਨਾਮਣਾ ਦਿਵਾਉਣ ਵਾਲੇ ਖਿਡਾਰੀਆਂ ਦੇ ਪਹਿਲੇ ਦਿਨਾਂ ਦੇ ਤਜਰਬੇ ਦੱਸ ਕੇ ਹੋਰ ਅੱਗੇ ਵਧਣ ਲਈ ਪ੍ਰੇਰਿਆ। ਤਿੰਨ ਸਕੀਆਂ ਭੈਣਾਂ ਜੋ ਪਿੰਡ ਵਿੱਚ ਹਾਕੀ ਖੇਡਣ ਦੀ ਬਦੌਲਤ ਅੱਜ ਪੀ ਆਈ ਐਸ ਪਟਿਆਲਾ ਵਿਚ ਖੇਡ ਰਹੀਆਂ ਹਨ ਨੂੰ ਗੁਰਭਜਨ ਸਿੰਘ ਗਿੱਲ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪਿੰਡ ਵਾਸੀ ਡਾਃ ਹਰਮਿੰਦਰ ਸਿੰਘ ਸਿੱਧੂ ਨੇ ਕੌਮੀ ਪੱਧਰ ਦੀਆਂ ਖਿਡਾਰਨਾਂ ਤਿਆਰ ਕਰਨ ਲਈ ਕੋਚ ਸਾਹਿਬਾਨ ਬਲਜੀਤ ਕੌਰ ਤੇ ਜਗਦੇਵ ਸਿੰਘ ਦੀ ਮਿਹਨਤ ਮੂੰਹੋਂ ਬੋਲਦੀ ਵਾਰਤਾ ਸੁਣਾਈ।

ਪਿੰਡ ਦੀਆਂ ਖੇਡ ਪ੍ਰਾਪਤੀਆਂ ਦਾ ਜ਼ਿਕਰ ਸੁਣ ਕੇ ਪ੍ਰੋ. ਗੁਰਭਜਨ ਸਿੰਘ ਗਿੱਲ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਸਰਪੰਚ ਜਗਜੀਤ ਸਿੰਘ ਧਾਲੀਵਾਲ ਦੀ ਗੱਲ ਕਰਵਾਈ। ਜਿਸ ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਜਲਾਲਦੀਵਾਲ ਦੇ ਸਰਪੰਚ ਨੂੰ ਪੰਚਾਇਤੀ ਮਤਾ ਪਾ ਕੇ ਭੇਜਣ ਲਈ ਕਿਹਾ, ਪੰਚਾਇਤ ਨੇ ਪੀ.ਏ. ਯੂ ਲੁਧਿਆਣਾ ਦੌਰੇ ਤੇ ਆਏ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਡਾ. ਹਰਮਿੰਦਰ ਸਿੰਘ ਸਿੱਧੂ ਰਾਹੀਂ ਮਤਾ ਸੌਂਪ ਦਿੱਤਾ। ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ ਮਤੇ ਉੱਪਰ ਅਗਲੇਰੀ ਕਾਰਵਾਈ ਤੁਰੰਤ ਆਰੰਭ ਹੋ ਜਾਵੇਗੀ ਤੇ ਜਲਦੀ ਹੀ ਪਿੰਡ ਜਲਾਲਦੀਵਾਲ ‘ਚ ਸੁਤੰਤਰਤਾ ਸੰਗਰਾਮੀ ਗਦਰੀ ਬਾਬਾ ਦੁੱਲਾ ਸਿੰਘ ਜੀ ਦੀ ਯਾਦ ਵਿੱਚ ਖੇਡ ਸਟੈਡੀਅਮ ਉਸਾਰੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਵੀ ਗੱਲ ਕਰਕੇ ਭਰਪੂਰ ਸਹਿਯੋਗ ਦੀ ਮੰਗ ਕੀਤੀ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪਿੰਡ ਦੀ ਬਾਬਾ ਦੁੱਲਾ ਸਿੰਘ ਲਾਇਬ੍ਰੇਰੀ ਲਾਇਬ੍ਰੇਰੀ ਲਈ ਆਪਣੀ ਵੱਡ ਆਕਾਰੀ ਕਿਤਾਬ “ਅੱਖਰ ਅੱਖਰ “ਲਾਇਬ੍ਰੇਰੀ ਦੇ ਜਨਰਲ ਸੈਕਟਰੀ ਸਃ ਗੁਰਸੇਵ ਸਿੰਘ ਤੇ ਜੈਲਦਾਰ ਕੁਲਵੰਤ ਸਿੰਘ ਪੂਨੀਆਨੂੰ ਭੇਂਟ ਕੀਤੀ। ਆਏ ਮਹਿਮਾਨਾਂ ਦਾ ਧੰਨਵਾਦ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਨੇ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ‌ ਮੈਂਬਰ ਪੁਨੀਤ ਕਸ਼ਿਅਪ, ਜਗੀਰ ਸਿੰਘ ਬੋਪਾਰਾਏ, ਨਿਰਮਲ ਸਿੰਘ ਪੂਨੀਆ ਕਾਕਾ ਮੈਂਬਰ ਗੋਲੂ ਸਰਾਂ , ਦਲਜੀਤ ਸਿੰਘ ਸੋਖਲ ਦਰਬਾਰਾ ਜੱਸੀ ਸੰਧੂਆਂ ਸਿੰਘ ਕੁਲਦੀਪ ਸਿੰਘ ਪੂਨੀਆ, ਗੋਰਾ ਮਰਾਹੜ, ਡੇਨੀਅਲ, ਦਰਸ਼ਨ ਜੱਸੀ , ਅਮਰਜੀਤ ਸਿੰਘ ਵੀ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ
Next articleਸਰਕਾਰੀ ਸਕੂਲ ਬਨਾਮ ਸਿੱਖਿਆ