ਅੰਮ੍ਰਿਤਸਰ (ਸਮਾਜ ਵੀਕਲੀ): ਸ੍ਰੀ ਹਰਿਮੰਦਰ ਸਾਹਿਬ ਵਿਚ 18 ਦਸੰਬਰ ਨੂੰ ਹੋਈ ਬੇਅਦਬੀ ਦੀ ਕੋਸ਼ਿਸ਼ ਦੇ ਦੋਸ਼ੀ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ ਹੈ। ਹੁਣ ਸ਼੍ਰੋਮਣੀ ਕਮੇਟੀ ਨੇ ਇਸ ਅਣਪਛਾਤੇ ਵਿਅਕਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਜੰਗਲਾ ਟੱਪ ਕੇ ਬੇਅਦਬੀ ਦਾ ਯਤਨ ਕਰਨ ਵਾਲੇ ਨੂੰ ਮੌਕੇ ’ਤੇ ਹਾਜ਼ਰ ਸ੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੇ ਲੋਕਾਂ ਨੇ ਕਾਬੂ ਕਰ ਲਿਆ ਸੀ, ਜਿਸ ਦੀ ਬਾਅਦ ਵਿਚ ਪੁੱਛਗਿੱਛ ਦੌਰਾਨ ਕੀਤੀ ਗਈ ਕੁੱਟਮਾਰ ਵਿਚ ਮੌਤ ਹੋ ਗਈ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੋਸ਼ੀ ਅਤੇ ਉਸ ਦੇ ਪਰਿਵਾਰ ਸਬੰਧੀ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਵਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ 5 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਦੋਸ਼ੀ ਦੀ ਪਛਾਣ ਨਾਲ ਸਬੰਧਤ ਕੋਈ ਜਾਣਕਾਰੀ ਦੇਵੇਗਾ, ਉਸ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।
ਇਸ ਮਾਮਲੇ ਵਿਚ ਹੁੱਣ ਤਕ ਪੁਲੀਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ 15 ਦਸੰਬਰ ਤੋਂ ਇੱਥੇ ਹੀ ਸੀ ਅਤੇ 18 ਦਸੰਬਰ ਤੱਕ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੋ ਕੇ ਆਇਆ ਸੀ। ਉਹ ਇਕ ਰਾਤ ਇੱਥੇ ਹੈਰੀਟੇਜ ਸਟ੍ਰੀਟ ਵਿਚ ਧਰਮ ਸਿੰਘ ਮਾਰਕੀਟ ਵਿਚ ਦੁਕਾਨਾਂ ਦੇ ਅੱਗੇ ਬਣੇੇ ਵਰਾਂਡਿਆ ਵਿਚ ਸੁੱਤਾ ਸੀ। ਉਸ ਦਿਨ ਚੌਂਕੀਦਾਰ ਵਲੋਂ ਉਸ ਨੂੰ ਦੁਕਾਨ ਦੇ ਬਾਹਰੋਂ ਉਠਾ ਕੇ ਭਜਾਇਆ ਗਿਆ ਸੀ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਪੁਲੀਸ ਦੀ ਜਾਂਚ ਜਾਰੀ ਹੈ ਪਰ ਹੁਣ ਤਕ ਇਸ ਵਿਅਕਤੀ ਦੀ ਸ਼ਨਾਖ਼ਤ ਨਹੀ ਹੋ ਸਕੀ ਹੈ। ਜਾਂਚ ਟੀਮ ਵਲੋਂ ਸੀਸੀਟੀਵੀ ਕੈਮਰਿਆਂ ਦੀ ਹੁਣ 13 ਅਤੇ 14 ਦਸੰਬਰ ਦੀ ਫੁਟੇਜ ਨੂੰ ਘੋਖਿਆ ਜਾ ਰਿਹਾ ਹੈ। ਸ਼ਨਾਖ਼ਤ ਵਾਸਤੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਗਈ ਸੀ ਪਰ ਇਸ ਤੋਂ ਵੀ ਕੋਈ ਸੁਰਾਗ ਹੁਣ ਤੱਕ ਹੱਥ ਨਹੀ ਲੱਗਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly