ਬੇਅਦਬੀ ਕਾਂਡ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਡੇਰੇ ਦੀਆਂ ਰਿਹਾਇਸ਼ੀ ਕਲੋਨੀਆਂ ’ਤੇ ਛਾਪਾ

ਫਰੀਦਕੋਟ (ਸਮਾਜ ਵੀਕਲੀ):  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਿੱਚ  ਲੋੜੀਂਦੇ ਤਿੰਨ ਪ੍ਰਮੁੱਖ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੀ ਪੁਲੀਸ ਟੁਕੜੀ ਨੇ ਹਰਿਆਣੇ ਵਿੱਚ ਛਾਪੇ ਮਾਰੇ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪ੍ਰਦੀਪ ਕਲੇਰ ਨੂੰ ਗ੍ਰਿਫ਼ਤਾਰ ਕਰਨ ਲਈ ਡੇਰੇ ਵੱਲੋਂ  ਸਿਰਸਾ ਸ਼ਹਿਰ ਵਿੱਚ ਡੇਰੇ ਦੇ ਆਸ-ਪਾਸ  ਵਸਾਈਆਂ ਰਿਹਾਇਸ਼ੀ ਕਲੋਨੀਆਂ ਵਿੱਚ ਛਾਪਾ ਮਾਰਿਆ ਪਰ ਕੋਈ ਵੀ ਮੁਲਜ਼ਮ ਐੱਸਆਈਟੀ ਦੇ ਹੱਥ ਨਹੀਂ ਆਇਆ।

ਜਾਂਚ ਟੀਮ ਨੇ ਇਹ ਛਾਪੇ ਮਾਰਨ ਤੋਂ ਪਹਿਲਾਂ ਲੋੜੀਂਦੇ ਤਿੰਨ ਮੁਲਜ਼ਮਾਂ ਦੇ ਫ਼ਰੀਦਕੋਟ ਦੀ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਏ ਹੋਏ ਸਨ ਅਤੇ ਅਦਾਲਤ ਨੇ ਜਾਂਚ ਟੀਮ ਨੂੰ ਤਿੰਨੇ ਕੌਮੀ ਕਮੇਟੀ ਮੈਂਬਰ 30 ਜੁਲਾਈ ਤੱਕ ਗ੍ਰਿਫ਼ਤਾਰ ਕਰਨ ਦੇ ਆਦੇਸ਼ ਦਿੱਤੇ ਸਨ ਅਤੇ ਜਾਂਚ ਟੀਮ ਨੂੰ ਆਦੇਸ਼ ਦਿੱਤਾ ਸੀ। ਵਿਸ਼ੇਸ਼ ਜਾਂਚ ਟੀਮ ਦੀ ਅਪੀਲ ’ਤੇ ਮੈਜਿਸਟ੍ਰੇਟ ਮਿਸ ਤਰਜਨੀ ਨੇ ਉਪਰੋਕਤ ਤਿੰਨਾਂ ਡੇਰਾ ਕਮੇਟੀ ਮੈਂਬਰਾਂ ਦੇ 9 ਅਗਸਤ ਲਈ ਦੁਬਾਰਾ ਫਿਰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ।

ਗ੍ਰਹਿ ਵਿਭਾਗ ਵੱਲੋਂ ਡੇਰਾ ਪ੍ਰੇਮੀਆਂ ਖ਼ਿਲਾਫ਼ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ

ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਅੱਜ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਰਣਜੀਤ ਸਿੰਘ, ਪ੍ਰਦੀਪ ਸਿੰਘ, ਬਲਜੀਤ ਸਿੰਘ ਅਤੇ ਰਣਦੀਪ ਸਿੰਘ ਖ਼ਿਲਾਫ਼ ਫੌਜਦਾਰੀ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਨਿਯਮਾਂ ਅਨੁਸਾਰ ਬੇਅਦਬੀ ਦਾ ਕੇਸ ਚਲਾਉਣ ਤੋਂ ਪਹਿਲਾਂ ਪੰਜਾਬ ਦੇ ਗ੍ਰਹਿ ਵਿਭਾਗ ਦੀ ਮਨਜ਼ੂਰੀ ਲਾਜ਼ਮੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਖਬੀਰ ਤੇ ਅਮਰਿੰਦਰ ਬਿਜਲੀ ਸਮਝੌਤੇ ਰੱਦ ਨਹੀਂ ਕਰਨਗੇ: ਹਰਪਾਲ ਚੀਮਾ
Next articleਸੰਸਦ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਰੱਦ ਕਰਨੇ ਅਸੰਭਵ: ਭਾਜਪਾ ਆਗੂ