ਅਸ਼ਵਨੀ ਸੇਖੜੀ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਚਰਚਾ

ਬਟਾਲਾ (ਸਮਾਜ ਵੀਕਲੀ): ਕਾਂਗਰਸ ਦੇ ਸੀਨੀਅਰ ਆਗੂ ਅਤੇ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਦੇ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸੋਮਵਾਰ ਨੂੰ ਸ਼ਾਮਲ ਹੋਣ ਦੀ ਚਰਚਾ ਟੀਵੀ ਦੇ ਕੁਝ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਤੇ ਜ਼ੋਰਾਂ ’ਤੇ ਹੈ। ਉਂਝ ਵੀ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਕਿਸੇ ਨਾਮਵਰ ਹਿੰਦੂ ਆਗੂ ਨੂੰ ਟਿਕਟ ਦੇਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।

ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਖਿਆ ਕਿ ਜੇਕਰ ਅਸ਼ਵਨੀ ਸੇਖੜੀ ਪਾਰਟੀ ਵਿੱਚ ਆਉਂਦੇ ਹਨ ਤਾਂ ਉਸ ਦਾ ਭਰਵਾਂ ਸਵਾਗਤ ਹੋਵੇਗਾ। ਇਸੇ ਦੌਰਾਨ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਚਰਚਾ ਦਾ ਅਸ਼ਵਨੀ ਸੇਖੜੀ ਵੱਲੋਂ ਕੋਈ ਖੰਡਨ ਨਾ ਕੀਤੇ ਜਾਣ ’ਤੇ ਸਿਆਸੀ ਸੂਝ ਰੱਖਦੇ ਲੋਕ ਕਈ ਅਰਥ ਕੱਢ ਰਹੇ ਹਨ। ਹਲਕੇ ’ਚ ਇਹ ਵੀ ਅੱਜ ਚਰਚਾ ਰਹੀ ਕਿ 28 ਜੂਨ ਨੂੰ ਅਸ਼ਵਨੀ ਸੇਖੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ। ਉਸ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ’ਤੇ ਹਲਕੇ ਤੋਂ ਟਿਕਟ ਮਿਲਣਾ ਤੈਅ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਂਗਰਸ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਅੱਜ ਅਸ਼ਵਨੀ ਸੇਖੜੀ ਨਾਲ ਮੀਟਿੰਗ ਕਰਕੇ ਗਿਲੇ-ਸ਼ਿਕਵਿਆਂ ਸਬੰਧੀ ਉਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਭਲਕੇ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੰਦਿਆਂ ਪਾਰਟੀ ਨਾ ਛੱਡਣ ਦੀ ਅਪੀਲ ਕੀਤੀ ਹੈ।

ਸੇਖੜੀ 1985, 2002 ਅਤੇ 2012 ਵਿੱਚ ਬਟਾਲਾ ਤੋਂ ਕਾਂਗਰਸ ਦੇ ਵਿਧਾਇਕ ਰਹੇ। ਉਹ 2002 ਵਿੱਚ ਕਾਂਗਰਸ ਸਰਕਾਰ ਬਣਨ ’ਤੇ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਉਸ ਦੇ ਪਿਤਾ ਮਰਹੂਮ ਵਿਸ਼ਵਾਮਿੱਤਰ ਸੇਖੜੀ ਵੀ ਬਟਾਲਾ ਤੋਂ ਕਈ ਵਾਰ ਵਿਧਾਇਕ ਰਹੇ ਸਨ। ਅਸ਼ਵਨੀ ਸੇਖੜੀ ਦੇ ਸਕੇ ਭਰਾ ਇੰਦਰ ਸੇਖੜੀ ਵੀ 2017 ਦੀਆਂ ਚੋਣਾਂ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ। ਇਸ ਸਬੰਧੀ ਅਸ਼ਵਨੀ ਸੇਖੜੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਿਜਲੀ ਸਮਝੌਤਿਆਂ ਨੇ ਹੱਥ ਬੰਨ੍ਹੇ ਪੰਜਾਬ ਸਰਕਾਰ ਦੇ
Next articleਕਿਸਾਨਾਂ ਨੇ ਉਦਘਾਟਨ ਕਰਨ ਆਇਆ ਕਾਂਗਰਸੀ ਵਿਧਾਇਕ ਘੇਰਿਆ