‘ਅਖੰਡ ਭਾਰਤ’ ਲਈ 370 ਨੂੰ ਮਨਸੂਖ਼ ਕਰਨਾ ਜ਼ਰੂਰੀ ਸੀ: ਨਾਇਡੂ

ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਅਸਥਾਈ ਪ੍ਰਬੰਧ ਸੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਸ ਧਾਰਾ ਨੂੰ ਖ਼ਤਮ ਕੀਤੇ ਜਾਣਾ ਲਾਜ਼ਮੀ ਹੋ ਗਿਆ ਸੀ। ਸ੍ਰੀ ਨਾਇਡੂ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿੱਚ ਛੱਤੀਸਗੜ੍ਹ ਦੇ ਮਰਹੂਮ ਰਾਜਪਾਲ ਬਲਰਾਮਜੀ ਦਾਸ ਟੰਡਨ ਦੀ ਪਹਿਲੀ ਬਰਸੀ ਮੌਕੇ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਏ ਸਨ। ਉਪ ਰਾਸ਼ਟਰਪਤੀ ਨੇ ਆਡੀਟੋਰੀਅਮ ਵਿੱਚ ਜੁੜੇ ਇਕੱਠ ਨੂੰ ਸੰਬੋਧਨ ਦੌਰਾਨ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਪਾਰਲੀਮੈਂਟ ਵਿੱਚ 17 ਨਵੰਬਰ 1963 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਨੇ ਵੀ ਸਾਫ ਕੀਤਾ ਸੀ ਕਿ ਧਾਰਾ 370 ਮਹਿਜ਼ ਅਸਥਾਈ ਪ੍ਰਬੰਧ ਹੈ ਅਤੇ ਇਹ ਦੇਸ਼ ਦੇ ਸੰਵਿਧਾਨ ਦਾ ਸਥਾਈ ਹਿੱਸਾ ਨਹੀਂ ਹੈ। ਸ਼੍ਰੀ ਨਾਇਡੂ ਨੇ ਇਸ ਮੌਕੇ ਉਸ ਵੇਲੇ ਇਸ ਸਬੰਧ ਵਿੱਚ ਅਖ਼ਬਾਰਾਂ ਵਿਚ ਛਪੀਆਂ ਕੁਝ ਖ਼ਬਰਾਂ ਵੀ ਪੜ੍ਹ ਕੇ ਸੁਣਾਈਆਂ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਧਾਰਾ 370 ਨੂੰ ਖ਼ਤਮ ਕਰਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਦੇਸ਼ ਦੀ ਏਕਤਾ, ਸੁਰੱਖਿਆ ਅਤੇ ਅਖੰਡਤਾ ਨਾਲ ਜੁੜਿਆ ਮੁੱਦਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਮੀਡੀਆ ਦੇ ਇਕ ਹਿੱਸੇ ਵੱਲੋਂ ਇਸ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਜਮਹੂਰੀਅਤ ਲਈ ਜ਼ਰੂਰੀ ਹੈ ਕਿ ਜਮਹੂਰੀ ਆਦਰਸ਼ਾਂ ਅਤੇ ਸੰਸਥਾਵਾਂ ਵਿੱਚ ਜਨਤਾ ਦਾ ਭਰੋਸਾ ਬਣਿਆ ਰਹੇ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿੱਚ ਦਲਾਂ ਦੀ ਰਾਜਨੀਤੀ ਸੁਭਾਵਿਕ ਹੈ ਕਿਉਂਕਿ ਵੱਖ-ਵੱਖ ਰਾਜਨੀਤਕ ਦਲ ਹੀ ਨਵੀਂ ਤੇ ਬਦਲਵੀਂ ਰਾਜਨੀਤੀ ਦਾ ਬਦਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਰਾਸ਼ਟਰ ਹਿੱਤ ਅਤੇ ਸਮਾਜਿਕ ਆਦਰਸ਼ਾਂ ਦਾ ਕੋਈ ਬਦਲ ਨਹੀਂ ਹੋ ਸਕਦਾ ਅਤੇ ਰਾਸ਼ਟਰ ਹਿੱਤ ਦੇ ਮੁੱਦਿਆਂ ਉਪਰ ਰਾਜਨੀਤੀ ਤੋਂ ਉਪਰ ਉਠ ਕੇ ਸਰਬਸੰਮਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਨੁਮਾਇੰਦਿਆਂ ਦੀ ਜ਼ਿੰਮੇਵਾਰੀ ਵੱਧ ਗਈ ਹੈ, ਕਿਉਂਕਿ ਲੋਕ ਉਨ੍ਹਾਂ ਤੋਂ ਵਧੇਰੇ ਆਸਾਂ ਰੱਖਦੇ ਹਨ। ਸ੍ਰੀ ਨਾਇਡੂ ਨੇ ਕਿਹਾ ਕਿ ਉਹ ਖ਼ੁਦ ਨਿਆਂਇਕ ਸੁਧਾਰਾਂ ਅਤੇ ਪ੍ਰਸ਼ਾਸਨ ਦੀ ਮਜ਼ਬੂਤੀ ਲਈ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਸਕਾਰਾਤਮਕ ਬਹਿਸ ਦੀ ਮੰਗ ਕਰਦੇ ਰਹੇ ਹਨ। ਸ਼੍ਰੀ ਨਾਇਡੂ ਨੇ ਮਰਹੂਮ ਬਲਰਾਮਜੀ ਦਾਸ ਟੰਡਨ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ਼੍ਰੀ ਟੰਡਨ ਨੇ ਬਿਨਾਂ ਕਿਸੇ ਸਵਰਾਥ ਤੋਂ ਦੇਸ਼ ਦੀ ਸੇਵਾ ਕੀਤੀ ਅਤੇ ਉਹ ਇਕ ਸੱਚੇ ਦੇਸ਼ ਭਗਤ ਸਨ।

Previous article“ਸ਼੍ਰੀ ਜਪੁਜੀ ਸਾਹਿਬ ਹੁਣ 130 ਕਰੋੜ ਚੀਨੀ ਵੀ ਪੜ੍ਹਨ ਲੱਗੇ ਸਿੱਖ ਧਰਮ ਲਈ ਬਹੁਤ ਹੀ ਵੱਡੀ ਪ੍ਰਾਪਤੀ !
Next articleਚੀਨ ਨੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ‘ਅਤਿਵਾਦੀ’ ਦੱਸ ਕੇ ਭੰਡਿਆ