‘ਫਿਲਮ ਕਲੀ ਜੋਟਾ’ ਬਾਰੇ ਵਿਚਾਰ ਚਰਚਾ-

ਵਿਰਕ ਪੁਸ਼ਪਿੰਦਰ

ਵਿਰਕ ਪੁਸ਼ਪਿੰਦਰ

(ਸਮਾਜ ਵੀਕਲੀ)- ਹਰਿੰਦਰ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਇੰਨੇ ਸੂਖਮ ਅਤੇ ਸੰਵੇਦਨਸ਼ੀਲ ਵਿਸ਼ੇ ਉੱਤੇ ਫਿਲਮ ਲਿਖੀ। ਹੁਣ ਤੱਕ ਹਰ ਫ਼ਿਲਮ ਵਿੱਚ ਗੁਲਾਬ ਜਾਮਣਾਂ ਨੂੰ ਚਟਨੀ ਲਾ ਲਾ ਕੇ ਹੀ ਖਾ ਰਹੇ ਸੀ। ਪਾਲੀਵੁੱਡ ਵਿੱਚ ਬਹੁਤ ਘੱਟ ਅਜਿਹੇ ਸੂਖਮ ਵਿਸ਼ਿਆ ਉੱਤੇ ਫਿਲਮਾਂ ਬਣਦੀਆਂ ਹਨ ਪਰ ਸ਼ਾਇਦ ਦਰਸ਼ਕ ਦੇਖਣਾ ਹੀ ਪਸੰਦ ਨਹੀਂ ਕਰਦੇ।

ਮਾਨਸਿਕ ਬਲਾਤਕਾਰ ਜਿਸ ਨੂੰ ਕੋਈ ਅਪਰਾਧ ਹੀ ਨਹੀਂ ਸਮਝਿਆ ਜਾਂਦਾ ਜੋ ਮਨੁੱਖ ਨੂੰ ਅਜੀਵਨ ਲਈ ਤੋੜ ਕੇ ਰੱਖ ਦਿੰਦਾ ਹੈ। ਮੈਂ ਇਕ ਔਰਤ ਹੋਣ ਦੇ ਨਾਤੇ ਇਹ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਸਾਡੇ ਸਮਾਜ ਵਿੱਚ ਅਜਿਹਾ ਬਲਾਤਕਾਰ ਹਰ ਔਰਤ ਸਹਿਣ ਕਰਦੀ ਹੈ। ਚਾਹੇ ਉਹ ਘਰ ਹੋਵੇ ਜਾਂ ਘਰ ਤੋਂ ਬਾਹਰ ਦੀ ਸਥਿਤੀ ਹੋਵੇ। ਇਹ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਕਿ ਅਜਿਹੇ ਬਲਾਤਕਾਰ ਨੂੰ ਔਰਤ ਕਿੰਨੀ ਉਮਰ ਤੋ ਸਹਿਣਾ ਸ਼ੁਰੂ ਕਰ ਦਿੰਦੀ ਹੈ। ਜਦੋਂ ਤੋਂ ਇੱਕ ਬੱਚੀ ਨੇ ਹੋਸ਼ ਵੀ ਨਹੀਂ ਸੰਭਾਲੀ ਹੁੰਦੀ! ਕੁਝ ਅਜਿਹੀਆਂ ਘਟਨਾਵਾਂ ਉਮਰ ਤੋਂ ਪਹਿਲਾਂ ਹੀ ਉਸ ਮਾਸੂਮ ਬੱਚੀ ਨੂੰ ਔਰਤ ਬਣਾ ਦਿੰਦੀਆਂ ਹਨ।

ਫਿਲਮ ਦੇਖੀ ਤਾਂ ‘ਕੁਲਵੰਤ ਸਿੰਘ ਵਿਰਕ’ ਦੀ ਕਹਾਣੀ ‘ਸ਼ੇਰਨੀਆਂ’ ਯਾਦ ਆ ਗਈ। ਜਿਸ ਵਿੱਚ ਆਜ਼ਾਦੀ ਤੋਂ ਬਾਅਦ ਦੇ ਨਵ-ਭਾਰਤ ਦੀਆਂ ਪੜ੍ਹੀਆਂ ਲਿਖੀਆਂ ਨੌਕਰੀ ਪੇਸ਼ਾ ਔਰਤਾਂ ਆਵਾਜਾਈ ਦੀ ਸੌਖ ਲਈ ਸਾਈਕਲ ਚਲਾਉਣਾ ਸਿੱਖ ਰਹੀਆਂ ਸਨ। ਪ੍ਰੰਤੂ ਲੇਖਕ ਦੇ ਮਨ ਵਿੱਚ ਉਹਨਾਂ ਨੂੰ ਦੇਖ ਕੇ ਪਹਿਲਾਂ ਕੁਝ ਭੱਦੇ ਵਿਚਾਰ ਆਉਂਦੇ ਹਨ।

ਇਸ ਫਿਲਮ ਦਾ ਸਮਾਂ ਅੱਜ ਤੋਂ ਪੰਦਰਾਂ ਵੀਹ ਵਰ੍ਹੇ ਪਹਿਲਾਂ ਦਾ ਦਿਖਾਇਆ ਗਿਆ ਹੈ। ਪ੍ਰੰਤੂ ਅੱਜ ਵੀ ਸਥਿਤੀ ਉਹੀ ਹੈ ਕੁਝ ਨਹੀਂ ਬਦਲਿਆ!

ਇੱਕ ਕੰਮਕਾਜੀ ਔਰਤ ਜਦੋਂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਦੀ ਹੈ ਤਾਂ ਸਮਾਜ ਉਸ ਨੂੰ ਪਬਲਿਕ ਪ੍ਰਾਪਰਟੀ ਸਮਝ ਅਜਿਹਾ ਵਰਤਾਰਾ ਆਮ ਹੀ ਕਰਦਾ ਹੈ। ਬਸ ਔਰਤਾਂ ਹੀ ਉਸ ਨੂੰ ਅਣਦੇਖਿਆ ਕਰ ਦਿੰਦੀਆਂ ਹਨ। ਔਰਤਾਂ ਵੱਲੋਂ ਅਣਦੇਖਿਆ ਕਰਨ ਨਾਲ ਸਮੱਸਿਆ ਹੱਲ ਨਹੀਂ ਹੁੰਦੀ ਸਗੋਂ ਹੋਰ ਵੀ ਭਿਆਨਕ ਰੂਪ ਧਾਰਦੀ ਜਾਂਦੀ ਹੈ। ਅਣਦੇਖਿਆ ਕਰਨ ਨਾਲ ਉਸ ਮਰਦ ਦਾ ਹੌਂਸਲਾ ਹੋਰ ਵੀ ਵੱਧ ਜਾਂਦਾ ਹੈ ਤੇ ਉਹ ਔਰਤ ਸਮਾਜ ਰੂਪੀ ਪਾਗਲਖਾਨੇ ਵਿੱਚ ਹੋਰ ਸਿਮਟਦੀ ਜਾਂਦੀ ਹੈ।

ਫ਼ਿਲਮ ਵਿੱਚ ਰਾਬੀਆ ਦੇ ਭਰਾ ਦੇ ਕਿਰਦਾਰ ਨੂੰ ਦੇਖਿਆ ਤੇ ਅਨੁਭਵ ਕੀਤਾ ਕਿ ਸਾਡੇ ਸਮਾਜ ਵਿੱਚ ਮੁੰਡੇ ਨੂੰ ਕੁੜੀ ਨਾਲੋਂ ਅੱਜ ਵੀ ਵੱਧ ਤਵੱਜੋ ਮਿਲਦੀ ਹੈ। ਮੁੰਡਿਆਂ ਨੂੰ ਲੋੜ ਤੋਂ ਵੱਧ ਲਾਡ ਪਿਆਰ ਉਹਨਾਂ ਦਾ ਸਾਰਾ ਭਵਿੱਖ ਖਰਾਬ ਕਰ ਦਿੰਦਾ ਹੈ।

ਅੱਜ ਜਿੰਨ੍ਹਾਂ ਖਿਆਲ ਕੁੜੀਆਂ ਦਾ ਰੱਖਣਾ ਪੈਂਦਾ ਹੈ, ਉਨ੍ਹਾਂ ਹੀ ਮੁੰਡਿਆਂ ਦਾ ਰੱਖਣ ਦੀ ਵੀ ਜ਼ਰੂਰਤ ਹੈ। ਕੁੜੀਆਂ ਪੜ੍ਹ ਲਿਖ ਕੇ ਤਰੱਕੀ ਕਰਦੀਆਂ ਜਾ ਰਹੀਆਂ ਹਨ ਤੇ ਮੁੰਡੇ ਪਿਓ ਦਾਦੇ ਦੀ ਖੂਨ-ਪਸੀਨੇ ਨਾਲ ਬਣਾਈ ਜ਼ਮੀਨ ਦੇ ਮੁਫ਼ਤ ਵਿੱਚ ਹੀ ਮਾਲਕ ਬਣ ਬੈਠਦੇ ਹਨ ਤੇ ਭੈੜੀ ਸੰਗਤ ਦਾ ਸ਼ਿਕਾਰ ਹੁੰਦੇ ਹਨ।

ਫਿਲਮ ਵਿੱਚ ਰਾਬੀਆ ਜੋ ਆਜ਼ਾਦੀ ਨੂੰ ਪਿਆਰ ਕਰਦੀ ਹੈ ਅਤੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਪ੍ਰੰਤੂ ਉਸ ਦੇ ਖੁੱਲ੍ਹੇ ਸੁਭਾਅ ਕਰਕੇ ਚਰਿੱਤਰਹੀਣ ਹੋਣ ਦਾ ਦੋਸ਼ ਲੱਗਦਾ ਹੈ ਤੇ ਉਹ ਮਾਨਸਿਕ ਬਲਾਤਕਾਰ ਦਾ ਸ਼ਿਕਾਰ ਹੋ ਪਾਗਲਖਾਨੇ ਪਹੁੰਚ ਜਾਂਦੀ ਹੈ। ਖੁੱਲ੍ਹ ਕੇ ਜਿਉਣਾ ਜਾਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਬਤੀਤ ਕਰਨਾ ਚਰਿੱਤਰਹੀਣ ਹੋਣਾ ਨਹੀਂ ਹੁੰਦਾ।

ਬਚਪਨ ਤੋਂ ਕੁੜੀਆਂ ਨੂੰ ਖਾਣ ਪੀਣ ਤੋਂ ਟੋਕਿਆ ਜਾਂਦਾ ਹੈ, ਹਰ ਕੁੜੀ ਨੂੰ ਜ਼ਿਆਦਾ ਮੋਟੀ ਹੈ, ਜ਼ਿਆਦਾ ਪਤਲੀ ਹੈ, ਰੰਗ ਸਾਂਵਲਾ ਹੈ,ਕੱਦ ਛੋਟਾ ਹੈ, ਨੱਕ ਮੋਟਾ ਹੈ, ਤੀਹ ਸਾਲ ਦੀ ਹੋ ਗਈ ਹਲੇ ਵਿਆਹ ਨਹੀਂ ਹੋਇਆ, ਇੰਨਾਂ ਪੜ੍ਹ ਲਿਖ ਗਈ ਇੰਨਾਂ ਪੜਿਆ ਮੁੰਡਾ ਨਹੀਂ ਮਿਲਣਾ ਆਦਿ ਆਦਿ।

ਕੀ ਇਹ ਮਾਨਸਿਕ ਬਲਾਤਕਾਰ ਨਹੀਂ ਹੈ?

ਕੀ ਕੁੜੀਆਂ ਨੂੰ ਕੇਵਲ ਵਿਆਹ ਲਈ ਹੀ ਤਿਆਰ ਕੀਤਾ ਜਾਂਦਾ ਹੈ?

ਔਰਤਾਂ ਦੇ ਕੰਮ-ਕਾਜ ਅਤੇ ਫ਼ੈਸ਼ਨ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ ਜਾਂਦੇ ਹਨ?

ਜਿਹੜੀਆਂ ਔਰਤਾਂ ਸਮਾਜ ਵਿੱਚ ਵਿਚਰਦੀਆਂ ਹਨ ਉਨ੍ਹਾਂ ਨੂੰ ਖੁੱਲ੍ਹੇ ਸੁਭਾਅ ਦੀਆਂ ਕਹਿ ਕੇ ਨਿੰਦਿਆ ਜਾਂਦਾ ਹੈ।

ਪੁਲਿਸ, ਵਕੀਲ, ਨਰਸ, ਐਕਟਰਸ, ਨੇਤਾ ਅਤੇ ਲੇਖਕ ਕੁੜੀਆਂ ਉੱਤੇ ਅਕਸਰ ਚਿੱਕੜ ਸੁੱਟਿਆ ਜਾਂਦਾ ਹੈ। ਜ਼ਿਆਦਾ ਸੋਸ਼ਲ ਹੋਣ ਕਰਕੇ ਆਮ ਕੁੜੀਆਂ ਤੋਂ ਇਨ੍ਹਾਂ ਦਾ ਵਤੀਰਾ ਥੋੜਾ ਭਿੰਨ ਹੁੰਦਾ ਹੈ। ਲੋਕ ਰਿਸ਼ਤਾ ਕਰਨ ਤੋਂ ਵੀ ਕੰਨੀਂ ਕਤਰਾਉਂਦੇ ਹਨ। ਕੀ ਇਹ ਮਾਨਸਿਕ ਬਲਾਤਕਾਰ ਨਹੀਂ ਹੈ?

ਵਿਸ਼ੇ ਪੱਖ ਤੋਂ ਇਹ ਫ਼ਿਲਮ ਬਹੁਤ ਵਧੀਆ ਲੱਗੀ ਅਤੇ ਉਮੀਦ ਕਰਦੇ ਹਾਂ ਕਿ ਹਰਿੰਦਰ ਦੀ ਕਲਮ ਵਿੱਚੋਂ ਹੋਰ ਵੀ ਅਜਿਹੇ ਸੂਖਮ ਵਿਸ਼ੇ ਦਰਸ਼ਕਾਂ ਦੇ ਸਨਮੁਖ ਹੋਣਗੇ, ਤਾਂ ਜੋ ਅਸੀਂ ਇਸ ਸਮਾਜ ਦਾ ਨਜ਼ਰੀਆ ਬਦਲ ਸਕੀਏ!

 

Previous articleਏਹੁ ਹਮਾਰਾ ਜੀਵਣਾ ਹੈ -221
Next articleਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਰਵਾਈ ਗਈ ਅਥਲੈਟਿਕਸ-ਮੀਟ ਦੇ ਚਰਚੇ