ਭਰਵੇਂ ਮੀਂਹ ਨੇ ਰਾਹਤ ਦੇ ਨਾਲ ਲਿਆਂਦੀ ਆਫ਼ਤ

ਬਠਿੰਡਾ (ਸਮਾਜ ਵੀਕਲੀ): ਮਾਲਵਾ ਖੇਤਰ ਵਿੱਚ ਲਗਤਾਰ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਅੱਜ ਸਵੇਰ ਤੋਂ ਪੈ ਰਹੀ ਬਾਰਸ਼ ਨੇ ਲੋਕਾਂ ਨੂੰ ਕਾਫੀ ਰਾਹਤ ਦਿੱਤੀ। ਬਾਰਸ਼ ਕਾਰਨ ਬਠਿੰਡਾ ਖੇਤਰ ਦੇ ਕਈ ਵਾਰਡਾਂ ਦੀ ਬਿਜਲੀ ਗੁੱਲ ਰਹੀ ਅਤੇ ਸ਼ਹਿਰ ਦੀਆਂ ਸੜਕਾਂ ਪਾਵਰ ਹਾਊਸ ਰੋਡ, ਵੀਰ ਕਲੋਨੀ, ਮਾਲ ਰੋਡ, ਪਰਸ ਰਾਮ ਨਗਰ ਕੋਰਟ ਕੰਪਲੈਕਸ ਨਜ਼ਦੀਕ ਪਾਣੀ ਖੜ੍ਹ ਗਿਆ। ਸਵੇਰ ਤੋਂ ਰੁਕ ਰੁਕ ਕੇ ਪਈ ਬਾਰਸ਼ ਨੇ ਨਗਰ ਨਿਗਮ ਬਠਿੰਡਾ ਦੇ ਪ੍ਰਬੰਧਾਂ ਦੀ ਮੁੜ ਪੋਲ ਖੋਲ੍ਹ ਦਿੱਤੀ। ਅੱਜ ਦੇ ਮੀਂਹ ਨਾਲ ਖੇਤੀ ਸੈਕਟਰ ਨੂੰ ਭਰਵਾਂ ਹੁੰਗਾਰਾ ਮਿਲਿਆ। ਝੋਨੇ ਅਤੇ ਨਰਮੇ ਦੀ ਫਸਲ ਨੂੰ ਮੀਂਹ ਨੇ ਘਿਓ ਦਾ ਕੰਮ ਕੀਤਾ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰ 12 ਐਮ.ਐਮ ਬਾਰਸ਼ ਦਰਜ ਕੀਤੀ ਗਈ ਅੱਜ ਬਠਿੰਡਾ ਦਾ ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਦਰਜ ਕੀਤਾ ਜਦੋਂ ਕਿ ਵੱਧ ਤੋਂ ਵੱਧ 31.6 ਸੈਲਸੀਅਸ ਰਿਹਾ।

ਭੁੱਚੋ ਮੰਡੀ (ਸਮਾਜ ਵੀਕਲੀ): ਲੰਘੀ ਰਾਤ ਤੋਂ ਲੈ ਕੇ ਅੱਜ ਦੁਪਹਿਰ ਤੱਕ ਰੁਕ ਰੁਕ ਕੇ ਪਏ ਭਾਰੀ ਮੀਂਹ ਨੇ ਇਲਾਕੇ ਨੂੰ ਜਲਥਲ ਕਰ ਦਿੱਤਾ। ਭਰਵੇਂ ਮੀਂਹ ਕਾਰਨ ਖੇਤੀ ਬਿਜਲੀ ਦੀ ਮੰਗ ਘਟਨ ਕਾਰਨ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਮਿਲੇਗੀ। ਭਾਰੀ ਬਾਰਸ਼ ਕਾਰਨ ਸ਼ਹਿਰ ਦੀਆਂ ਨੀਵੀਆਂ ਥਾਵਾਂ, ਪਾਰਕ, ਗਲੀਆਂ ਅਤੇ ਮਾਲ ਰੋਡ ਪਾਣੀ ਨਾਲ ਭਰ ਗਈਆਂ। ਕਿਸਾਨਾਂ ਵੱਲੋਂ ਇਸ ਮੀਂਹ ਨੂੰ ਹਰ ਫਸਲ ਲਈ ਲਾਹੇਵੰਦ ਦੱਸਿਆ ਗਿਆ। ਕਿਸਾਨ ਲਖਵੀਰ ਸਿੰਘ ਲਹਿਰਾ ਅਤੇ ਸੋਨੂੰ ਸਰਾਂ ਭੁੱਚੋ ਖੁਰਦ ਨੇ ਕਿਹਾ ਕਿ ਮੀਂਹ ਟਿਕਵਾਂ ਪੈਣ ਕਾਰਨ ਕਿਸੇ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ।

ਮਾਨਸਾ (ਸਮਾਜ ਵੀਕਲੀ): ਅੱਜ ਸਵੇਰੇ ਪਏ ਮੀਂਹ ਨੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਮੁੜ ਪਾਣੀ ਭਰ ਦਿੱਤਾ। ਗਲੀਆਂ ਮੁਹੱਲਿਆਂ ਵਿੱਚ ਪਹਿਲਾਂ ਤੋਂ ਖੜ੍ਹਾ ਪਾਣੀ ਅਜੇ ਨਿਕਲਿਆ ਹੀ ਨਹੀਂ ਸੀ ਕਿ ਇਸ ਮੀਂਹ ਨੇ ਹੋਰ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਨਗਰ ਕੌਂਸਲ ਮਾਨਸਾ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਵੀ ਸ਼ਹਿਰ ਦੇ ਬੱਸ ਸਟੈਂਡ ਹੋਰ ਸਾਰੇ ਮੁੱਖ ਮਾਰਗਾਂ ’ਤੇ ਜਲ-ਥਲ ਹੋਇਆ ਪਿਆ ਸੀ, ਜਿਸ ਕਾਰਨ ਇੱਥੋਂ ਲੰਘਣ ਵਾਲਿਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਬੇਸ਼ੱਕ ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਸੀ, ਪਰ ਅੱਜ ਪਏ ਮੀਂਹ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇੇ।

ਸਰਦੂਲਗੜ੍ਹ (ਸਮਾਜ ਵੀਕਲੀ): ਬੁੱਧਵਾਰ ਦੀ ਰਾਤ ਨੂੰ ਪਏ ਮੀਂਹ ਅਤੇ ਅੱਜ ਦਿਨੇ ਰੁਕ-ਰੁਕ ਕੇ ਹੁੰਦੀ ਬੂੰਦਾਂ-ਬਾਂਦੀ ਨੇ ਪਾਣੀ ਦੀ ਘਾਟ ਨਾਲ ਮੱਚ ਰਹੀਆਂ ਫ਼ਸਲਾਂ ਅਤੇ ਆਮ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ। ਬਲਾਕ ਖੇਤੀਬਾੜੀ ਅਫਸਰ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਇਸ ਬਰਸਾਤ ਨਾਲ ਨਰਮੇ ਅਤੇ ਝੋਨੇ ਦੀ ਫਸਲ ਨੂੰ ਕਾਫੀ ਲਾਭ ਮਿਲੇਗਾ।

ਜਲਾਲਾਬਾਦ (ਸਮਾਜ ਵੀਕਲੀ): ਇਲਾਕੇ ਵਿੱਚ ਬੁੱਧਵਾਰ ਸ਼ਾਮ ਨੂੰ ਸ਼ੁਰੂ ਹੋਈ ਬਰਸਾਤ ਨਾਲ ਸ਼ਹਿਰ ਦੇ ਕਈ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਪਰ ਬਰਸਾਤ ਰੁਕ ਜਾਣ ਤੋਂ ਬਾਅਦ ਨਗਰ ਕੌਂਸਲ ਵੱਲੋਂ ਤੁਰੰਤ ਪਾਣੀ ਕਢਵਾਉਣ ਦੇ ਪ੍ਰਬੰਧ ਕੀਤੇ ਗਏ। ਬਰਸਾਤ ਬੰਦ ਹੋਣ ਤੋਂ ਬਾਅਦ ਗਲੀਆਂ ’ਚ ਭਰੇ ਬਰਸਾਤ ਦੇ ਪਾਣੀ ਦੀ ਨਿਕਾਸੀ ਕਰਵਾਉਣ ਲਈ ਸ਼ਹਿਰ ਦੇ ਪ੍ਰਧਾਨ ਵਿਕਾਸਦੀਪ ਚੌਧਰੀ ਨੇ ਖੁਦ ਕਮਾਨ ਸੰਭਾਲੀ ਅਤੇ ਸਫਾਈ ਸੇਵਕਾਂ, ਸੀਵਰਮੈਨਾਂ ਨੂੰ ਲੈ ਕੇ ਗਲੀਆਂ ’ਚ ਜਮ੍ਹਾਂ ਪਾਣੀ ਦੀ ਨਿਕਾਸੀ ਕਰਵਾਉਣ ਦਾ ਪ੍ਰਬੰਧ ਕੀਤਾ।

ਤਲਵੰਡੀ ਸਾਬੋ (ਸਮਾਜ ਵੀਕਲੀ): ਇਲਾਕੇ ਅੰਦਰ ਅੱਜ ਪਏ ਮੋਹਲੇਧਾਰ ਮੀਂਹ ਨੇ ਲੋਕਾਂ ਦੀ ਵੱਸ ਕਰਵਾ ਦਿੱਤੀ। ਖੇਤਾਂ ਵਿੱਚ ਜ਼ਿਆਦਾ ਪਾਣੀ ਭਰਨ ਕਰਕੇ ਸਬਜ਼ੀਆਂ, ਦਾਲਾਂ ਅਤੇ ਨਰਮੇ ਦੀ ਫਸਲ ਤਬਾਹ ਹੋਣ ਦਾ ਖਦਸ਼ਾ ਹੈ। ਸਥਾਨਕ ਸ਼ਹਿਰ ਵਿੱਚ ਸੀਵਰੇਜ ਤੇ ਪਿੰਡਾਂ ਦੇ ਛੱਪੜ ਓਵਰ ਫਲੋਅ ਹੋ ਗਏ ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਬਹੁਤ ਸਾਰੇ ਪਿੰਡਾਂ ਵਿੱਚ ਦੀਵਾਰਾਂ ਡਿੱਗਣ ਅਤੇ ਮਕਾਨਾਂ ਵਿੱਚ ਤਰੇੜਾਂ ਵੀ ਪੈ ਗਈਆਂ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਗਾਸਸ ਜਾਸੂਸੀ ਮਾਮਲੇ ’ਚ ਸੁਪਰੀਮ ਕੋਰਟ ਨੂੰ ਦਖ਼ਲ ਦੇਣ ਦੀ ਅਪੀਲ
Next articleDelhi govt to takeover Bal Bharati School – Rohini with L-G’s approval: Sisodia