ਮੋਗਾ (ਸਮਾਜ ਵੀਕਲੀ) ਬੁੱਧ ਸਿੰਘ ਨੀਲੋਂ :- ਕਿਰਤੀ ਅਤੇ ਲੋੜਵੰਦ ਲੋਕਾਂ ਨੂੰ ਸੰਗਠਿਤ ਕਰਕੇ ਮੁੱਦਾਹੀਣ ਸਿਆਸਤ ਨੂੰ ਰੋਕਣਾ ਅੱਜ ਸਮੇਂ ਦੀ ਲੋੜ ਹੈ। ਅਸੀਂ ਅਸੂਲ ਮੰਚ ਪੰਜਾਬ ਦੀ ਅਗਵਾਈ ਹੇਠ 2016 ਤੋਂ ਸਰੀਰਕ ਚੁਣੌਤੀਆਂ ਵਾਲੇ ਵਰਗਾਂ ਦੀ ਭਲਾਈ, ਰੋਜ਼ਗਾਰ ਅਤੇ ਸਨਮਾਨਯੋਗ ਪੈਨਸ਼ਨ ਦੀ ਲੜਾਈ ਇਸੇ ਵਰਗ ਦੀ ਸ਼ਕਤੀ ਨਾਲ ਸ਼ੁਰੂ ਕੀਤੀ ਸੀ। ਨਤੀਜਨ ਅਕਾਲੀ ਭਾਜਪਾ ਵੱਲੋਂ ਸਾਢੇ 9 ਸਾਲ ਕੇਵਲ 250 ਰੁਪਏ ਦਿੱਤੀ ਗਈ ਪੈਨਸ਼ਨ ਉਨਾਂ ਨੂੰ 500 ਕਰਨੀ ਪਈ। ਉਸ ਵੇਲੇ ਡਿਸੇਬਿਲਿਟੀ ਐਕਟ ਅਨੁਸਾਰ ਨੌਕਰੀਆਂ ਦਾ ਰਹਿੰਦਾ ਬੈਕਲੋਗ ਵੀ ਅਕਤੂਬਰ 2016 ਤੋਂ ਦੇਣਾ ਸ਼ੁਰੂ ਹੋਇਆ । ਇਸ ਪੈਨਸ਼ਨ ਦਾ ਲਾਭ ਇਸ ਵਰਗ ਦੇ ਲਾਭਪਾਤਰੀਆਂ ਦੇ ਨਾਲ ਨਾਲ ਸਮਾਜਿਕ ਸੁਰੱਖਿਆ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਅਤੇ ਵਿਧਵਾ ਬੀਬੀਆਂ ਨੂੰ ਵੀ ਹੋਇਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਇਸ ਵਿਸ਼ੇਸ਼ ਵਰਗ ਲਈ ਜਾਰੀ ਕਰਵਾਏ ਗਏ ਵੱਖਰੇ ਚੋਣ ਮੈਨੀਫੈਸਟੋ ਅਨੁਸਾਰ 1500 ਰੁਪਏ ਪੈਨਸ਼ਨ ਦੇ ਕੀਤੇ ਵਾਇਦੇ ਵੀ ਕਾਂਗਰਸ ਸਰਕਾਰ ਨੇ ਪਹਿਲੋਂ ਜੁਲਾਈ 2017 ਵਿਚ 750 ਰੁਪਏ ਦੇ ਕੇ ਅਤੇ ਅਖੀਰਲੇ ਸਾਲ 1500 ਰੁਪਏ ਦੇ ਕੇ ਪੂਰੇ ਕੀਤੇ। ਅੱਜ ਜਿੱਥੇ ਸਾਡੇ ਸੂਬੇ ਵਿਚ ਸਰਕਾਰ ਅਤੇ ਜਨਤਾ ਦੋਵੇਂ ਕਰਜ਼ ਹੇਠ ਦੱਬੇ ਪਏ ਹਨ, ਉਥੇ ਨਸ਼ਾ, ਬੇਰੋਜ਼ਗਾਰੀ, ਮਹਿਗਾਈ ਅਤੇ ਭ੍ਰਿਸ਼ਟਾਚਾਰ ਅੰਬਰ ਵੇਲ ਵਾਂਗ ਵੱਧ ਕੇ ਸੂਬੇ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੇ ਹਨ । ਦੂਜੇ ਬੰਨੇ ਗੈਂਗਸਟਰ-ਵਾਦ ਅਤੇ ਵੱਖ ਵੱਖ ਮਾਫੀਏ ਰਾਜਨੀਤਕ ਲੀਡਰਾਂ ਅਤੇ ਅਫਸਰਸ਼ਾਹਾਂ ਦੀ ਸ਼ਹਿ ਅਤੇ ਮਿਲੀਭੁਗਤ ਨਾਲ ਕਾਲੇ ਬਦਲਾਂ ਵਾਂਗ ਹਨੇਰ ਪਾਈ ਬੈਠੇ ਹਨ । ਤੀਜੀ ਮਾਰ ਇਹ ਪੈ ਰਹੀ ਹੈ ਕਿ ਸਾਡੀਆਂ ਸਾਰੀਆਂ ਰਾਜਨੀਤਕ ਧਿਰਾਂ ਬਿਨਾ ਕਿਸੇ ਰੋਡ ਮੈਪ ਦੇ ਮੁੱਦਾਹੀਣ ਸਿਆਸਤ ਨੂੰ ਚਮਕਾਉਣ ਲਈ ਹਰ ਭ੍ਰਿਸ਼ਟ ਰਾਜਨੀਤਕ ਹਰਬਾ ਇਸਤੇਮਾਲ ਕਰ ਰਹੀਆਂ ਹਨ। ਪੰਜਾਬ ਨੂੰ ਬਚਾਉਣ ਲਈ , ਇਥੋਂ ਦੀ ਰਾਜਨੀਤੀ ਨੂੰ ਲੀਹ ਉਤੇ ਪਾਉਣ ਲਈ ਹੁਣ ਇਕੋ ਇਕ ਰਾਹ ਬਚਦਾ ਹੈ ਕਿ ਹਰ ਵਰਗ ਦੇ ਲੋਕ ਸੰਗਠਿਤ ਹੋ ਕੇ ਇਕ ਦੂਜੇ ਵਰਗ ਨਾਲ ਜੁੜ ਕੇ ਆਪਣੇ ਹਿੱਸੇ ਦੀ ਆਜ਼ਾਦੀ ਲਈ ਲਹਿਰ ਖੜੀ ਕਰਨ। ਅੱਜ ਨੌਜਵਾਨ ਵਰਗ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲੈਕੇ, ਬੇਰੋਜ਼ਗਾਰ ਘੁੰਮ ਰਹੇ ਨੌਜਵਾਨਾਂ ਤਕ ” ਮਹਿੰਗਾਈ ਅਨੁਸਾਰ ਕਮਾਈ ” ਦੇ ਨਾਹਰੇ ਹੇਠ ਸਮੇਂ ਦੀਆਂ ਸਰਕਾਰਾਂ ਅਤੇ ਰਾਜਸੀ ਪਾਰਟੀਆਂ ਤੋਂ ਇਕ ਪੁੱਖਤਾ ਰੋਜ਼ਗਾਰ ਪ੍ਰੋਗਰਾਮ ਦੀ ਮੰਗ ਕਰਨੀ ਚਾਹੀਦੀ ਹੈ। ਇਹ ਵਿਚਾਰ ਲੋਕ ਅਧਿਕਾਰ ਲਹਿਰ ਦੇ ਸਰਗਰਮ ਆਗੂ ਬਲਵਿੰਦਰ ਸਿੰਘ ਨੇ ਅੱਜ ਮੋਗਾ ਵਿਖੇ ਇਕ ਸਮਾਗਮ ਦੌਰਾਨ ਦਿੱਤੇ । ਇਸ ਸਮਾਗਮ ਵਿੱਚ ਲਹਿਰ ਦੇ ਮੈਂਬਰਾਂ ਤੋਂ ਇਲਾਵਾ ਅਪੰਗ ਸੁਅੰਗ ਲੋਕਮੰਚ ਦੇ ਆਗੂਆਂ ਅਤੇ ਸਾਬਕਾ ਸੈਨਿਕਾਂ ਵਿੰਗਾਂ ਦੇ ਅਹੁਦੇਦਾਰਾਂ ਨੇ ਭਾਗ ਲਿਆ। ਬੇਸਹਾਰਾ ਲੋਕਾਂ ਦਾ ਸਹਾਰਾ ਬਣੇ ਪ੍ਰਭ ਆਸਰਾ ਟਰਸਟ ਦੇ ਮੁੱਖ ਸੇਵਾਦਾਰ ਭਾਈ ਸ਼ਮਸ਼ੇਰ ਸਿੰਘ , ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਲੁਧਿਆਣਾ ਤੋਂ ਸਨਤਕਾਰਾਂ ਦੇ ਪ੍ਰਧਾਨ ਤਰੁਣ ਜੈਨ ਬਾਵਾ ਵਿਸ਼ੇਸ਼ ਤੌਰ ਉੱਤੇ ਹਾਜਰ ਹੋਏ। ਵੱਖ-ਵੱਖ ਖੇਤਰ ਦੇ ਮਾਹਿਰ ਇਨਾਂ ਆਗੂਆਂ ਨੇ ਅੱਜ ਦੀ ਇਸ ਸ਼ੁਰੂਆਤ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਦੱਸਿਆ ਅਤੇ ਹਰੇਕ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪੰਜਾਬ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਰਗ ਦੇ ਸੰਗਠਨ ਦਾ ਸੂਬਾ ਪੱਧਰੀ ਪ੍ਰਧਾਨ ਡਾ ਹਰਨੇਕ ਸਿੰਘ ਰੋਡੇ ਨੂੰ ਚੁਣਿਆ ਗਿਆ ਅਤੇ ਨਾਲ ਹੀ ਉਨ੍ਹਾਂ ਵਲੋਂ ਆਪਣੇ ਵਿੰਗ ਦੇ ਸੁਖਰਾਜ ਸਿੰਘ ਬਰਾੜ ਫਾਜ਼ਿਲਕਾ , ਲਖਵਿੰਦਰ ਸਿੰਘ ਜਲੰਧਰ ਦਿਹਾਤੀ, ਗੁਰਦਾਸ ਸਿੰਘ ਫਿਰੋਜ਼ਪੁਰ, ਕਮਲਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ, ਤਜਿੰਦਰ ਸਿੰਘ ਬਾਵਾ ਜਿਲਾ ਬਰਨਾਲਾ , ਸਲਵਿੰਦਰ ਸਿੰਘ ਮੁਕਤਸਰ ਸਾਹਿਬ, ਦਰਸ਼ਨ ਸਿੰਘ ਪਠਾਨਕੋਟ ਸਮੇਤ 15 ਜਿਲ੍ਹਿਆਂ ਦੇ ਪ੍ਰਧਾਨ ਵੀ ਐਲਾਨੇ ਗਏ। ਸੰਘਰਸ਼ਮਈ ਅਤੇ ਵਿਧਵਾ ਬੀਬੀਆਂ ਦੇ ਵਿੰਗ ਦੀ ਪੰਜਾਬ ਦੀ ਜਿੰਮੇਵਾਰੀ ਸਮਾਜਿਕ ਕਾਰਕੁਨ ਬੀਬੀ ਰਮਨਦੀਪ ਕੌਰ ਮਰਖਾਈ ਨੂੰ ਪੰਜਾਬ ਪ੍ਰਧਾਨ ਵਜੋਂ ਸੌਂਪੀ ਗਈ। ਇਸ ਸਮੇਂ ਰਮਨਦੀਪ ਕੌਰ ਬਰਾੜ ਜਿਲਾ ਫਰੀਦਕੋਟ, ਬਲਜਿੰਦਰ ਕੌਰ ਜਿਲਾ ਮੋਗਾ, ਜੀਤ ਕੌਰ ਜਿਲਾ ਮਾਨਸਾ, ਬਲਵਿੰਦਰ ਕੌਰ ਮੋਹਾਲੀ , ਕੁਲਦੀਪ ਕੌਰ ਬਰਨਾਲਾ ਸਮੇਤ 10 ਜਿਲ੍ਹਿਆਂ ਵਿੱਚ ਸੂਝਵਾਨ ਅਤੇ ਸੰਘਰਸ਼ਸ਼ੀਲ ਬੀਬੀਆਂ ਨੂੰ ਪੀੜ੍ਹਤ ਭੈਣਾਂ ਅਤੇ ਵਿਧਵਾ ਬੀਬੀਆਂ ਦਾ ਇਹ ਪਲੇਟਫਾਰਮ ਹਲਕਾ ਪੱਧਰੀ ਖੜਾ ਕਰਨ ਦਾ ਜ਼ਿੰਮਾ ਦਿੱਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਅੰਦਰ ਇਹ ਦੋਵੇਂ ਪਲੇਟਫਾਰਮ ਸਾਰੇ ਜਿਲਿਆਂ ਅਤੇ ਸਮੁੱਚੇ ਵਿਧਾਨ ਸਭਾ ਹਲਕਿਆਂ ਤੱਕ ਸੰਗਠਿਤ ਕੀਤੇ ਜਾਣਗੇ। ਇਹ ਦੋਵੇਂ ਸੰਗਠਨ ਜਿੱਥੇ ਆਪੋ ਆਪਣੇ ਹੱਕਾਂ ਦੀ ਰਾਖੀ ਅਤੇ ਸਨਮਾਨ ਬਹਾਲੀ ਲਈ ਲਾਮਬੰਧ ਹੋਣਗੇ, ਉਥੇ ਸਮਜਿਕ ਸੁਰੱਖਿਆ ਪੈਨਸ਼ਨ “ਮਹਿਗਾਈ ਅਨੁਸਾਰ 5000 ਰੁਪਏ “ਮਹੀਨਾ ਕਰਾਉਣ ਦੀ ਮੁੱਢਲੀ ਲੋੜ ਲਈ ਇਕਜੁੱਟ ਹੋਕੇ ਕੰਮ ਕਰਨਗੇ। ਸਮਾਜਿਕ ਸੁਰੱਖਿਆ ਬਜ਼ੁਰਗ ਪੈਨਸ਼ਨਰਾਂ ਦਾ ਸੰਗਠਿਤ ਢਾਂਚਾ ਵੀ ਸੂਝਵਾਨ ਤੇ ਦੂਰਅੰਦੇਸ਼ ਸੰਘਰਸ਼ੀ ਸਾਬਕਾ ਮੁਲਾਜ਼ਮਾਂ ਨਾਲ ਮਿਲ ਕੇ ਬਹੁਤ ਜਲਦੀ ਉਸਾਰਿਆ ਜਾਵੇਗਾ। ਇਸ ਮੌਕੇ ਹੋਰਾਂ ਤੋਂ ਇਲਾਵਾ ਬੁੱਧ ਸਿੰਘ ਨੀਲੋਂ , ਕੈਪਟਨ ਕੁਲਵੰਤ ਸਿੰਘ, ਕੈਪਟਨ ਨਛੱਤਰ ਸਿੰਘ, ਜਗਦੀਪ ਸਿੰਘ ਢਿੱਲੋ , ਗੁਰਮੀਤ ਸਿੰਘ ਬਰਾੜ ਫਰੀਦਕੋਟ , ਪ੍ਰੋ. ਦਰਸ਼ਨ ਸਿੰਘ ਕੋਟਕਪੂਰਾ, ਡਾ ਸੁਰਜੀਤ ਸਿੰਘ ਘੋਲੀਆ, ਮਾਸਟਰ ਗੁਰਮੇਲ ਸਿੰਘ ਬੋਡੇ, ਡਾ. ਕੁਲਦੀਪ ਸਿੰਘ ਗਿੱਲ , ਹਰਿੰਦਰ ਸਿੰਘ ਗਿੱਲ ਮੋਗਾ, ਜਗਸੀਰ ਸਿੰਘ ਗਿੱਲ ਹੋਲਾਂ ਵਾਲੀ, ਮਜ਼ਦੂਰ ਆਗੂ ਬੱਗਾ ਸਿੰਘ , ਡਾ ਰੂਪ ਸਿੰਘ ਮਲਵਾਲ, ਸੁਰਿੰਦਰ ਸਿੰਘ ਮੈਂਬਰ ਓ ਬੀ ਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



