HOME ਲੰਗਰਾਂ ਦੀ ਦਸ਼ਾ ਤੇ ਦਿਸ਼ਾ

ਲੰਗਰਾਂ ਦੀ ਦਸ਼ਾ ਤੇ ਦਿਸ਼ਾ

ਗੁਰਜਿੰਦਰ ਸਿੰਘ ਸਾਹਦੜਾ
   (ਸਮਾਜ ਵੀਕਲੀ)  ਲੰਗਰ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਦੇਖੀਏ ਕਿ ਲੰਗਰ ਦੀ ਕਵਾਇਦ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ ਤਾਂ ਜਿੱਥੋਂ ਤੱਕ ਪੜ੍ਹਦੇ/ਸੁਣਦੇ ਆਏ, ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ (ਜਿਹਨਾਂ ਨੂੰ ਪਿਆਰ ਤੇ ਸਤਿਕਾਰ ਨਾਲ ਬਾਬਾ ਨਾਨਕ ਵੀ ਕਿਹਾ ਜਾਂਦਾ ਹੈ) ਨੂੰ ਜਦੋਂ ਉਹਨਾਂ ਦੇ ਪਿਤਾ ਸ਼੍ਰੀ ਮਹਿਤਾ ਕਾਲ਼ੂ ਜੀ ਨੇ ਵਪਾਰ ਕਰਨ ਲਈ ਵੀਹ ਦਮੜੇ ਦਿੱਤੇ ਤਾਂ ਉਹਨਾਂ ਨੇ ਇਹਨਾਂ ਰੁਪਈਆਂ ਦਾ ਭੋਜਨ ਖਰੀਦ ਕੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਦਿੱਤਾ ਤੇ ਇਸਨੂੰ ‘ਸੱਚ ਦੇ ਵਪਾਰ’ ਦਾ ਨਾਂ ਦਿੱਤਾ। ਬਾਅਦ ਵਿੱਚ ਜਦੋਂ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ ਤਾਂ ਤੀਜੇ ਗੁਰੂ ਅਮਰਦਾਸ ਜੀ ਨੇ ‘ਸੰਗਤ ਤੇ ਪੰਗਤ’ ਦੀ ਰੀਤ ਤੋਰਦਿਆਂ ਬਕਾਇਦਾ ਲੰਗਰ ਦੀ ਪਰੰਪਰਾ/ਰਵਾਇਤ ਸ਼ੁਰੂ ਕਰ ਦਿੱਤੀ। ਅੱਜ ਇਹ ਲੰਗਰ ਦੁਨੀਆ ਭਰ ਵਿੱਚ ਪ੍ਰਚਲਿਤ ਹੋ ਚੁੱਕਾ ਹੈ ਤੇ ਤਕਰੀਬਨ ਹਰ ਗੁਰਦੁਆਰਾ ਸਾਹਬ ਵਿੱਚ ਵਰਤਾਇਆ ਜਾਂਦਾ ਹੈ। ਇੱਥੇ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਰਾਜੇ-ਮਹਾਰਾਜੇ ਅਤੇ ਅਮੀਰ ਲੋਕ ਆਪਣੀਆਂ ਮਨੋਕਾਮਨਾਵਾਂ ਤੇ ਇੱਛਾਵਾਂ ਦੀ ਪੂਰਤੀ ਲਈ ਜਾਂ ਹੋਰ ਦਿਆਲੂ ਪ੍ਰਵਿਰਤੀ ਦੇ ਲੋਕ ਗ਼ਰੀਬਾਂ ਲਈ ਤਿਆਰ ਕੀਤੇ ਭੋਜਨ ਦੀ ਵਿਵਸਥਾ ਕਰਦੇ ਸਨ ਜਿਸ ਨੂੰ ਕਿ ਜੱਗ ਜਾਂ ਭੰਡਾਰੇ ਦਾ ਨਾਂ ਦਿੱਤਾ ਜਾਂਦਾ ਸੀ। ਬਦਲੇ ਵਿੱਚ ਲੋਕ ਉਹ ਭੋਜਨ ਛਕ ਕੇ ਜੱਗ/ਭੰਡਾਰਾ ਲਗਾਉਣ ਵਾਲੇ ਦਾ ਗੁਣ-ਗਾਣ ਕਰਦੇ ਸਨ ਤੇ ਢੇਰ ਸਾਰੀਆਂ ਅਸੀਸਾਂ ਤੇ ਦੁਆਵਾਂ ਦਿੰਦੇ ਸਨ। ਇਸੇ ਕਰਕੇ ਜੱਗ ਜਾਂ ਭੰਡਾਰਾ ਲਗਾਉਣ ਨੂੰ ਧਰਮ ਦਾ ਕੰਮ ਸਮਝਿਆ/ਮੰਨਿਆ ਜਾਂਦਾ ਸੀ।
 ਅਜੋਕੇ ਹਾਲਾਤਾਂ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਬਾਬੇ ਨਾਨਕ ਵੱਲੋਂ “ਭੁੱਖੇ ਸਾਧੂਆਂ” ਦਾ ਢਿੱਡ ਭਰਨ ਲਈ ਛਕਾਇਆ ਭੋਜਨ, ਬਾਅਦ ਵਿੱਚ ਲੋੜਵੰਦਾਂ ਲਈ ਲੰਗਰ ‘ਚ ਤਬਦੀਲ ਹੁੰਦਾ ਹੋਇਆ, ਅੱਜ ਮਹਿਜ ਸ਼ਾਨ ਤੇ ਦਿਖਾਵੇ ਵਿੱਚ ਤਬਦੀਲ ਹੋ ਕੇ ਰਹਿ ਗਿਆ ਹੈ। ਬਹੁਤੀ ਥਾਵੇਂ ਦੇਖਣ ਵਿੱਚ ਆਉਂਦਾ ਹੈ ਕਿ ਕਈ-ਕਈ ਲੰਗਰ ਕੋਲ-ਕੋਲ ਚੱਲ ਰਹੇ ਹੁੰਦੇ ਨੇ ਤੇ ਆਉਂਦੇ-ਜਾਂਦਿਆਂ ਨੂੰ ਆਪਣੇ ਲਾਏ ਲੰਗਰ ਵਿੱਚ ਰੋਕਣ ਦਾ ‘ਸੇਵਾਦਾਰਾਂ’ ਦਾ ਆਪਸ ਵਿੱਚ ਪੂਰਾ ਮੁਕਾਬਲਾ ਤੇ ਕਸ਼ਮਕਸ਼ ਚੱਲ ਰਹੀ ਹੁੰਦਾ ਹੈ। ਬਹੁਤੇ ਥਾਈਂ ਤਾਂ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਗੱਡੀਆਂ ਨੂੰ ਰੋਕਣ ਦੇ ਮਕਸਦ ਤਹਿਤ ਪੁਰਾਣੇ ਟਾਇਰਾਂ ਜਾਂ ਹੋਰ ਰੋਕਾਂ ਦੇ ਨਾਲ ਅੱਧੀ ਸੜਕ ਘੇਰੀ ਹੁੰਦੀ ਹੈ ਜਿਸ ਕਾਰਨ ਵਾਹਨਾਂ ਦਾ ਜਾਮ ਲਗਦਾ ਹੈ ਤੇ ਕੋਈ ਅਣ-ਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਹਨਾਂ ਚੱਲ ਰਹੇ ਲੰਗਰਾਂ ‘ਚੋ ਕਈ ‘ਸਰਦੇ-ਪੁੱਜਦੇ ਲੋਕ’ ਚੱਕਵੇਂ ਲੰਗਰ ਦੇ ਰੂਪ ਵਿੱਚ ਬਾਲਟੀਆਂ-ਡੱਬੇ (ਨਾ ਹੋਣ ਤਾਂ ਲਿਫਾਫੇ ਵੀ ਚੱਲਦੇ ਨੇ) ਭਰ ਕੇ ਲੈ ਜਾਂਦੇ ਨੇ ਜਾਂ ਫਿਰ ਅੱਧ-ਪਚੱਧ ਖਾ ਕੇ ਬਾਕੀ ਦਾ ਸੁੱਟ ਕੇ ਬਰਬਾਦ ਕਰਦੇ ਨੇ। ਆਥਣੇ ਜਿਹੇ ‘ਸੇਵਾਦਾਰ’, ਸਮਾਂ ਰਹਿੰਦਿਆਂ, ਲੰਗਰ ਦਾ ਕੰਮ ਮੁਕਾ ਕੇ ਆਪੋ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ। ‘ਰੱਜਿਆਂ ਹੋਇਆਂ’ ਨੂੰ ਜਬਰਦਸਤੀ ਰੋਕ ਕੇ, ਧੱਕੇ ਨਾਲ ਲੰਗਰ ਛਕਾਉਣ ਨੂੰ ਹੀ ਲੰਗਰ ਦੀ ਪ੍ਰਾਪਤੀ ਤੇ ਸਫਲਤਾ ਸਮਝ/ਮੰਨ ਲਿਆ ਜਾਂਦਾ ਹੈ। ਦਾਨੀ ਸੱਜਣ ਸਪੀਕਰਾਂ ਵਿੱਚ ਆਪਣਾ ਨਾਂ, ਮਹਿਮਾ ਅਤੇ ਉਸਤਤ ਸੁਣ ਕੇ ਖੁਸ਼ ਹੋ ਜਾਂਦੇ ਨੇ ਤੇ ਪ੍ਰਬੰਧਕਾਂ ਦੀ ਉਹਨਾਂ ਦੇ ਸਿਰ ਤੇ ‘ਬੱਲੇ-ਬੱਲੇ’ ਹੋ ਜਾਂਦੀ ਹੈ ਪਰ ਹਕੀਕਤ ਵਿੱਚ ਅਸਲ ਲੋੜਵੰਦ ਲੰਗਰ ਦੀ ਪਹੁੰਚ ਤੋਂ ਕਿਤੇ ਪਰਾਂ ਰਹਿ ਜਾਂਦਾ ਹੈ।
ਇਨ੍ਹਾਂ ਬੇਲੋੜੇ ਤੇ ਬੇਵਜ੍ਹਾ ਚੱਲਦੇ ਲੰਗਰਾਂ ਨੇ ਇਹ ਹਾਲਾਤ ਕਰ ਦਿੱਤੇ ਨੇ ਕਿ ਬਹੁਤੇ ਥਾਈਂ ਤਾਂ ਲੋਕ ਸੁਆਦ ਲਈ ਹੀ ਮੇਲਿਆਂ ਵਿੱਚ ਤੁਰੇ ਫਿਰਦੇ ਨੇ। “ਨਾਲੇ ਤਾਂ ਦੋ ਦਿਨ ਘੁੰਮ ਆਵਾਂਗੇ ਤੇ ਨਾਲੇ ਵਿਹਲੀਆਂ ਛਕ ਆਵਾਂਗੇ।” ਇੱਥੇ ਇਹ ਗੱਲ ਕਰਨੀ ਵੀ ਜ਼ਰੂਰੀ ਹੋਵੇਗੀ ਜੇਕਰ ਲੰਗਰਾਂ ਦੀ ਮਾਤਰਾ ਸੀਮਤ ਕਰ ਦਿੱਤੀ ਜਾਵੇ ਤੇ ਵੰਨ-ਸੁਵੰਨੇ, ਸੁਆਦਿਸ਼ਟ ਪਦਾਰਥ ਘਟਾ ਕੇ ਸਾਦਾ ਭੋਜਨ ਹੀ ਵਰਤਾਇਆ ਜਾਵੇ ਤਾਂ ਬਹੁਤ ਹੱਦ ਤੱਕ ਮੇਲਿਆਂ ਵਿੱਚ ਘੁੰਮਦੇ ਹੁੱਲੜਬਾਜ਼ਾਂ ਦੀ ਗਿਣਤੀ ਤੇ ਕੰਟਰੋਲ ਹੋ ਜਾਵੇਗਾ। ਸ਼ਰਾਰਤੀ ਅਨਸਰਾਂ ਦੀ ਗਿਣਤੀ ਘਟੇਗੀ। ਸਿੱਟੇ ਵਜੋਂ ਅਣ-ਸੁਖਾਵੀਆਂ ਘਟਨਾਵਾਂ ਵੀ ਘੱਟ ਹੋਣਗੀਆਂ ਤੇ ਸ਼ਰਧਾ ਵੱਸ ਜਾਣ ਵਾਲੇ ਲੋਕਾਂ (ਸ਼ਰਧਾਲੂਆਂ) ਲਈ ਵੀ ਬਹੁਤ ਕੁਝ ਸਹਿਜ ਹੋ ਜਾਵੇਗਾ।
ਬਹੁਤੇ ਵੀਰ ਇਹ ਤਰਕ ਵੀ ਦਿੰਦੇ ਨੇ ਕਿ ਲੰਗਰ ਐਥੇ ਸਾਡੇ ਈ ਚੱਲਦੇ ਨੇ, ਬਾਹਰਲੇ ਦੇਸ਼ਾਂ ਚ ਕੋਈ ਨੀ ਪੁੱਛਦਾ। ਅਸਲ ਵਿੱਚ ਉਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਸੋਚ ਤੇ ਤਰੀਕਾ ਅਲੱਗ ਏ। ਸਾਡੇ ਵਾਂਗੂੰ ਵਿਖਾਵਾ ਨੀ ਕਰਦੇ ਉਹ ਲੋਕ। ਜਿਹਦੇ ਕੋਲ ਵਾਧੂ ਜਾਂ ਬੇਲੋੜੀ ਚੀਜ ਹੁੰਦੀ ਏ, ਉਹ ਚੁੱਪ ਕਰਕੇ ਇੱਕ ਨਿਸ਼ਚਿਤ ਥਾਂ ਤੇ ਰੱਖ ਦਿੰਦਾ ਏ ਤੇ ਜਿਹਨੂੰ ਲੋੜ ਹੁੰਦੀ ਏ, ਉਹ ਚੁੱਕ ਕੇ ਲੈ ਜਾਂਦਾ ਏ। ਬੱਸ ਗੱਲ ਖਤਮ। ਕੋਈ ਰੌਲਾ-ਰੱਪਾ ਨੀ, ਕੋਈ ਸ਼ੋਰ-ਸ਼ਰਾਬਾ ਨੀ। ਅਸਲ ਵਿੱਚ ਸਾਡੇ ਵਾਂਗੂੰ ਮਹਿਜ਼ ਦਾਲ-ਰੋਟੀ ਨੂੰ ਹੀ ਲੰਗਰ ਨੀ ਸਮਝਦੇ ਉਹ ਲੋਕ। ਨਾਂ ਖਾਣੇ ਨੂੰ ਬੇਵਜ੍ਹਾ ਬਰਬਾਦ ਕਰਦੇ ਨੇ, ਨਾਂ ਸਾਡੇ ਵਾਂਗ ਭੁੱਖ ਖਿਲਾਰਦੇ ਨੇ ਤੇ ਨਾਂ ਹੀ ਸਾਡੇ ਜਿੰਨੇ ਭੁੱਖੇ ਹੁੰਦੇ ਨੇ ‘ਉਹ ਲੋਕ’।
ਆਖਰ ਵਿੱਚ ਇੱਕ ਗੱਲ ਕਹਾਂਗਾ ਕਿ ਸਰਕਾਰਾਂ ਦੀਆਂ ਮੁਫ਼ਤ ਦੀਆਂ ਸਹੂਲਤਾਂ ਨੇ ਲੋਕ ਤਾਂ ਪਹਿਲਾਂ ਹੀ ਨਿਕੰਮੇ ਬਣਾ ਕੇ ਰੱਖ ਦਿੱਤੇ ਨੇ। ਕਿੰਨਾ ਚੰਗਾ ਹੋਵੇ ਜੇਕਰ ਲੋੜਵੰਦਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਲੰਗਰਾਂ ਦੀ ਰੂਪ-ਰੇਖਾ ਤੇ ਦਿੱਖ ਨੂੰ ਬਦਲਿਆ ਜਾਵੇ। ਬਜਾਏ ਰੋਟੀ-ਦਾਲ ਜਾਂ ਹੋਰ ਸੁਆਦਿਸ਼ਟ ਪਕਵਾਨਾਂ ਦੇ ਕਿਤਾਬਾਂ ਦੇ ਲੰਗਰ ਲਗਾਏ ਜਾਣ, ਗਰੀਬ ਤੇ ਹੋਣਹਾਰ ਬੱਚਿਆਂ ਦੀ ਪੜ੍ਹਾਈ ਤੇ ਖੇਡਾਂ ਵਿੱਚ ਮਦਦ ਕਰੀ ਜਾਵੇ। ਕਿਸੇ ਨੂੰ ਰੁਜ਼ਗਾਰ ਪਾਇਆ ਜਾਵੇ।  ਭੁੱਖੇ ਨੂੰ ਅੰਨ ਦੀ ਤਰਾਂ ਨੰਗੇ ਨੂੰ ਕੱਪੜਾ ਦਿੱਤਾ ਜਾਵੇ। ਲੋੜਵੰਦ ਮਰੀਜ਼ਾਂ ਦੀ ਦਵਾ-ਦਾਰੂ ਨਾਲ ਮਦਦ ਕਰੀ ਜਾਵੇ। ਬਾਹਰ ਸੜਕਾਂ ਤੇ ਲੰਗਰ ਲਗਾ ਕੇ ਜਬਰੀ ਲੋਕਾਂ ਨੂੰ ਛਕਾਉਣ ਨਾਲੋਂ ਉਹੀ ਲੰਗਰ ਹਸਪਤਾਲਾਂ ਵਿੱਚ ਲਗਾਏ ਜਾਣ। ਸਹੀ ਮਾਅਨਿਆਂ ਵਿੱਚ ਇਹੀ ਕਹਾਇਆ ਜਾਵੇਗਾ ‘ਅਸਲ ਲੰਗਰ’।
(ਨੋਟ-ਮੇਰੇ ਇਸ ਲੇਖ ਦਾ ਸੰਬੰਧ ਸਿਰਫ ਤੇ ਸਿਰਫ ਸੜਕਾਂ-ਰਾਹਾਂ ਤੇ ਚੱਲਦੇ ਲੰਗਰਾਂ ਨਾਲ ਹੈ ਤੇ ਇਸ ਨੂੰ ਗੁਰਦੁਆਰਿਆਂ ਜਾਂ ਮੰਦਰਾਂ ਵਿੱਚ ਚੱਲਦੇ ਲੰਗਰਾਂ ਨਾਲ ਨਾ ਜੋੜ ਕੇ ਵੇਖਿਆ ਜਾਵੇ।)
ਗੁਰਜਿੰਦਰ ਸਿੰਘ ਸਾਹਦੜਾ
9815302341
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦੀ ਦਿਹਾੜੇ ਦੌਰਾਨ ਟਰੈਕਰ ਚਾਲਕਾਂ ਦੀ ਹੁਲੜਬਾਜ਼ੀ ਨੇ ਚੌਥੀ ਜਮਾਤ ਚ ਪੜ੍ਹਦੀ ਮਾਸੂਮ ਬੱਚੀ ਨੂੰ ਕੁਚਲਿਆ
Next articleਪੰਜਾਬੀ ਸਾਹਿਤ ਸਭਾ ਧੂਰੀ ਦੀ ਮਹੀਨਾਵਾਰ ਮਿਲਣੀ ਦੇ ਨਾਲ ਕਵਿਤਾ ਸਕੂਲ ਸ਼ੁਰੂ