ਵੱਖਰੇਵਾਂ

ਨਛੱਤਰ ਸਿੰਘ ਭੋਗਲ

(ਸਮਾਜ ਵੀਕਲੀ)

ਤੈਨੂੰ ਸੱਜਣਾ ਹੋਣ ਮੁਬਾਰਕ, *ਤਿਆਸਮੇ ਅਤੇ ਚੁਬਾਰੇ,
ਸਾਡੇ ਲਈ ਨੇ ‘ਸੁਰਗਾਂ ਵਰਗੇ, ਕੁਲੀਆਂ ਛੰਨਾਂ ਢਾਰੇ।

*ਮਕਰਾਣੇ ਦੇ ਪੱਥਰ ਵਾਲ਼ੀਆਂ, ਫਰਸ਼ਾਂ, ਕੰਧਾਂ-ਛੱਤਾਂ,
ਯਾਰ ਦੀ ਕੁੱਲੀ ਤੋਂ ਨਾ ਸੋਹਣੇ, ਤੇਰੇ ਮਹਿਲ ਮੁਨਾਰੇ।

ਅੱਜ ਦਾ ਕ੍ਰਿਸ਼ਨ ਸੁਦਾਮੇ ਕੋਲ਼ੋਂ, ਕੋਹਾਂ ਦੂਰ ਹੋ ਬਹਿੰਦਾ,
ਮਲਿਕ ਭਾਗੋ ਹੁਕਮ ਚਲਾਵੇ, ਲਾਲੋ ਬਣੇ ਵਿਚਾਰੇ।

ਤੱਤੀ ਰੇਤ ਸੀਸ ਤੇ ਪੈਂਦੀ, ਤੱਤੀ ਤਵੀ ਤੇ ਆਸਣ,
“ਤੇਰਾ ਭਾਣਾ ਮੀਠਾ ਲਾਗੇ”, ਮੁੱਖ ਤੋਂ ਬਚਨ ਉਚਾਰੇ।

ਪੈਸੇ ਦੀ ਝਿੱਲਮਣ ਤੇ ਮਰਦੀ, ਅੱਜ ਦੀ ਦੁਨੀਆ ਸਾਰੀ,
ਅਸਲ ਹੀਰੇ ਦੀ ਪਰਖ ਤੋਂ ਖੁੰਝੇ, ਹੁਣ ਦੇ ਪਾਰਖੂ ਭਾਰੇ।

ਮਾਰੂਥਲ ਦੀਆਂ ਤੱਤੀਆਂ ਰੇਤਾਂ, ਤਰਸ ਕਦੇ ਨਾ ਖਾਵਣ,
ਸੱਸੀ ਵਰਗੀਆਂ ਨਾਜ਼ਕ ਜਿੰਦਾਂ, ਭੁੰਨ ਸੁੱਟਣ ਭਠਿਆਰੇ।

ਕਾਂਸ਼ੀ ਸ਼ਹਿਰ ਬ੍ਰਾਹਮਣ ਬਸਤੀ, ਜਾਤ-ਵਰਣ ਦਾ ਡੇਰਾ,
ਨਵੀਂ ਕ੍ਰਾਂਤੀ ਲੈ ਕੇ ਆਏ, ਧੰਨ ਰਵਿਦਾਸ ਪਿਆਰੇ।

ਬੋਤਾ ਸਿੰਘ ਤੇ ਗਰਜਾ ਸਿੰਘ ਜੀ, ਬੀਰ ਬਹਾਦਰ ਯੋਧੇ,
ਪਿੱਠਾਂ ਜੋੜ ਕੇ ਡਾਂਗ ਵਰ੍ਹਾਈ, ਛਾਂਗ ਸੁੱਟੇ ਹਤਿਆਰੇ।

ਤੰਦ ਪਿਆਰ ਦੀ ਗੰਢਣ ਵਾਲ਼ੇ, ਤਾਣੀ ਨਹੀਂ ਉੁਲਝਾਉਂਦੇ,
ਜੋ ਅੱਟੀ ਮੁੱਲ ਪੁਆਉਂਦੇ ਵੇਖੋ, ਮੈਂ ਉਸ ਤੋਂ ਬਲਿਹਾਰੇ।

ਤੋੜ ਵਿਛੋੜੀਆਂ ਕਦੇ ਨਾ ਕਰੀਏ, ਯਾਰ ਦੇ ਵਿਹੜੇ ਬਹਿਕੇ,
ਮੌਤ ਮਿਲ਼ੇ, ਲੱਖ ਵਾਰੀ ਮਿਲ ਜਾਏ, ਪੈਣ ਮਾਮਲੇ ਭਾਰੇ।

ਮੈਂ ਧਰਤੀ ਦੀ ਤਹਿ ਤੋਂ ਨੀਵਾਂ, ਤੂੰ ਅੰਬਰ ਨੂੰ ਛੂਹਵੇਂ,
ਮੇਰੀ ਉਮਰ ਵੀ ਤੈਨੂੰ ਲੱਗੇ, ਜੀਓ ਮੇਰੇ ਮੀਤ ਪਿਆਰੇ।

ਆਖਣ ਨੂੰ ਤਾਂ ਇਸ਼ਕ ਦਾ ਰੁਤਬਾ, ਹੁੰਦਾ ਰੱਬ ਬਰਾਬਰ,
ਮੋਰੀ ਵਾਲ਼ੀ ਇੱਟ ਕਦੇ ਵੀ, ਲੱਗਦੀ ਨਹੀਂ ਚੁਬਾਰੇ।

ਸਾਰੇ ਜੱਗ ਤੋਂ ਬਾਹਲ਼ਾ ਸੋਹਣਾ, ਕਹਿੰਦੇ ਬਲਖ-ਬੁਖਾਰਾ,
ਭੋਗਲ ਉੱਥੇ ਉਹ ਸੁੱਖ ਨਹੀਂਓ, ਜੋ ਛੱਜੂ ਵਾਲ਼ੇ ਚੁਬਾਰੇ।

ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)
*ਤਿਆਸਮਾ= ਚੁਬਾਰੇ ਦੇ ਉੱਤੇ ਹੋਰ ਚੁਬਾਰਾ
*ਮਕਰਾਣਾ= ਪੱਥਰ ਲਈ ਮਸ਼ਹੂਰ ਰਾਜਸਥਾਨ ਦਾ ਇਕ ਸ਼ਹਿਰ

Previous articleਸਿਹਤਮੰਦ ਸਰੀਰ ਲਈ ਪੈਦਲ ਚੱਲਣਾ ਜ਼ਰੂਰੀ
Next articleਇੰਟਰਨੈਸ਼ਨਲ ਕਬੱਡੀ ਕੁਮੈਂਟੇਟਰ ਬੀਰ੍ਹਾ ਰੈਲਮਾਜਰਾ ਨੂੰ ਸਦਮਾ