ਕੀ ਗੁਰੂ ਨਾਨਕ ਸਾਹਿਬ ਮਾਲ਼ਾ ਪਹਿਨਦੇ ਸਨ?
(ਸਮਾਜ ਵੀਕਲੀ)- ਪੋਸਟ ਨਾਲ਼ ਲਗਾਈ ਗਈ ਗੁਰੂ ਨਾਨਕ ਸਾਹਿਬ ਦੀ ਕਲਪਿਤ ਤਸਵੀਰ ਦੇਖ ਕੇ ਇਵੇਂ ਲੱਗਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਮਾਲਾ ਨਾਲ ਬੜਾ ਪਿਆਰ ਸੀ।
ਉਨ੍ਹਾਂ ਦੀ ਇਸ ਫੋਟੋ ਵਿੱਚ ਗੁਰੂ ਨਾਨਕ ਸਾਹਿਬ ਦੇ ਸਿਰ ਦੇ ਪਿਛੇ ਮਾਲਾ ਦਾ ਚੱਕਰ ਬਣਿਆ ਹੋਇਆ ਹੈ, ਉਨ੍ਹਾਂ ਨੇ ਆਪਣੀ ਦਸਤਾਰ (ਪੱਗ) ਤੇ ਵੀ ਦੋਹਰੀ ਮਾਲਾ ਲਪੇਟੀ ਹੋਈ ਹੈ, ਗਲ਼ ਵਿੱਚ ਵੀ ਦੋਹਰੀ ਮਾਲਾ ਪਾਈ ਹੋਈ ਹੈ ਅਤੇ ਗੁੱਟ ਤੇ ਵੀ ਦੋਹਰੀ ਮਾਲਾ ਬੰਨ੍ਹੀ ਹੋਈ ਹੈ।
ਇਸ ਤੋਂ ਇਵੇਂ ਲਗਦਾ ਹੈ ਕਿ ਗੁਰੂ ਨਾਨਕ ਸਾਹਿਬ ਮਾਲਾ ਤੋਂ ਬਿਨਾਂ ਰਹਿੰਦੇ ਹੀ ਨਹੀਂ ਹੋਣੇ। ਪਰ ਜਦੋਂ ਮੈਂ ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਹਾਂ ਤਾਂ ਤਸਵੀਰ ਕੁਝ ਹੋਰ ਹੀ ਦਿਸਦੀ ਹੈ ਤੇ ਗੁਰਬਾਣੀ ਅਜਿਹੀਆਂ ਮਾਲ਼ਾਂ ਦਾ ਅਨੇਕਾਂ ਥਾਵਾਂ ਤੇ ਖੰਡਨ ਕਰਦੀ ਹੈ। ਸਮਝ ਨਹੀ ਆ ਰਹੀ ਕਿ ਬਾਣੀ ਨੂੰ ਸੱਚ ਮੰਨੀਏ ਜਾਂ ਸਿੱਖਾਂ ਦੇ ਘਰਾਂ ਵਿੱਚ ਲੱਗੀਆਂ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਨੂੰ ਸੱਚ ਮੰਨੀਏ?
ਕੀ ਅਸੀਂ ਅਜਿਹੀਆਂ ਫੋਟੋਆਂ ਰਾਹੀਂ ਗੁਰੂਆਂ ਦੀ ਨਿਰਾਦਰੀ ਨਹੀਂ ਕਰਦੇ ਕਿ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਕੁਝ ਹੋਰ ਕਹਿੰਦੇ ਸਨ ਤੇ ਆਪਣੇ ਜੀਵਨ ਵਿੱਚ ਕੁਝ ਹੋਰ ਕਰਦੇ ਸਨ?
ਫੋਟੋ ਵਿੱਚ ‘ਦੁੱਖ ਭੰਜਨ ਤੇਰਾ ਨਾਮ’ ਲਿਖ ਕੇ ਗੁਰੂ ਨਾਨਕ ਸਾਹਿਬ ਹੱਥ ਵਿੱਚ ਗੁਰੂ ਰਾਮਦਾਸ ਬਿਠਾਏ ਹੋਏ ਹਨ, ਜੋ ਰਜਨੀ ਤੇ ਉਸਦੇ ਕੋਹੜੀ ਪਤੀ ਨੂੰ ਅਸ਼ੀਰਵਾਦ ਦੇ ਰਹੇ ਹਨ ਤਾਂ ਕਿ ਉਸਦਾ ਕੋਹੜ ਦੂਰ ਹੋ ਸਕੇ, ਇੱਕ ਪਾਸੇ ਕਹਿੰਦੇ ਹਨ ਕਿ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਚੁੱਭੀ ਮਾਰ ਕੇ ਕੋਹੜ ਦੂਰ ਹੋਇਆ ਸੀ?
ਮਾਡਰਨ ਸਿੱਖ ਧਰਮ ਹੁਣ ਪੂਰੀ ਤਰ੍ਹਾਂ ਕਰਮਕਾਂਡੀ ਬਣ ਚੁੱਕਾ ਹੈ। ਸਭ ਪਾਸੇ ਅੰਧ-ਵਿਸ਼ਵਾਸ਼ ਅਤੇ ਪਾਖੰਡ ਦਾ ਬੋਲ-ਬਾਲਾ ਹੈ। ਗੁਰਬਾਣੀ ਵਿੱਚ ਜਿਨ੍ਹਾਂ ਕਰਮਕਾਂਡਾਂ, ਪੂਜਾ-ਪਾਠ, ਧਾਰਮਿਕ ਪਾਖੰਡਾਂ ਦਾ ਵਿਰੋਧ ਹੈ, ਉਹ ਸਭ ਕੁਝ ਨਵੇਂ ਨਾਵਾਂ ਹੇਠ ਸਿੱਖ ਸਮਾਜ ਪੂਰੀ ਸ਼ਰਧਾ ਨਾਲ਼ ਕਰਦਾ ਹੈ।
ਆਉ ਮਾਲ਼ਾ ਸਬੰਧੀ ਕੁਝ ਗੁਰਬਾਣੀ ਫੁਰਮਾਨ ਦੇਖੀਏ:
ਗਲਿ ਮਾਲਾ ਤਿਲਕੁ ਲਿਲਾਟੰ॥ਦੁਇ ਧੋਤੀ ਬਸਤਰ ਕਪਾਟੰ॥ਜੇ ਜਾਣਸਿ ਬ੍ਰਹਮੰ ਕਰਮੰ॥ਸਭਿ ਫੋਕਟ ਨਿਸਚਉ ਕਰਮੰ॥
ਧੋਤੀ ਊਜਲ ਤਿਲਕੁ ਗਲਿ ਮਾਲਾ॥ਅੰਤਰਿ ਕ੍ਰੋਧ ਪੜਹਿ ਨਾਟ ਸਾਲਾ॥
ਹਰਿ ਹਰਿ ਅਖਰ ਦੁਰਿ ਇਹ ਮਾਲਾ॥ਜਪਤਿ ਜਪਤਿ ਭਏ ਦੀਨ ਦਇਆਲਾ॥
ਮਾਲਾ ਫੇਰੈ ਮੰਗੈ ਬਿਭੂਤ॥ਇਹਿ ਬਿਧਿ ਕੋਇ ਨ ਤਰਿਉ ਮੀਤ॥
ਮਾਥੇ ਤਿਲਕੁ ਹਥਿ ਮਾਲਾ ਬਾਨਾ॥ਲੋਗਨ ਰਾਮ ਖਿਲਾਉਨਾ ਜਾਨਾ॥
ਕਾਜੀ ਹੋਇ ਕੈ ਬਹੈ ਨਿਆਇ॥ਫੇਰੇ ਤਸਬੀ ਕਰੇ ਖੁਦਾਇ॥ਵਢੀ ਲੈ ਕੇ ਹਕੁ ਗਵਾਏ॥
ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਤਰ ਲਾਇਆ।
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਨਾਮ॥
ਇਸ ਤਰ੍ਹਾਂ ਦੇ ਅਨੇਕਾਂ ਗੁਰ ਫੁਰਮਾਨ ਮਾਲਾ, ਤਸਬੀ, ਸਿਮਰਨਾ ਆਦਿ ਦੇ ਖੰਡਨ ਵਾਲੇ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੇ ਹਨ। ਪਰ ਸਿੱਖ ਆਮ ਹੀ ਹੱਥਾਂ ਵਿੱਚ ਸਿਮਰਨੇ ਫੜ ਕੇ ਗਿਣਤੀ ਦੇ ਸ਼ਬਦ-ਜਾਪ ਕਰ ਰਹੇ ਹਨ।
ਕੀ ਅਸੀਂ ਬਾਣੀ ਤੇ ਗੁਰੂਆਂ ਦੀ, ਅਜਿਹੀਆਂ ਤਸਵੀਰਾਂ ਜਾਂ ਗੁਰਦੁਆਰਿਆਂ ਵਿੱਚ ਸਿਮਰਨੇ ਵੰਡ ਕੇ ਨਿਰਾਦਰੀ ਨਹੀਂ ਕਰ ਰਹੇ?
ਤੁਹਾਡੇ ਕੀ ਵਿਚਾਰ ਹਨ, ਜਰੂਰ ਸ਼ੇਅਰ ਕਰੋ।
ਹਰਚਰਨ ਸਿੰਘ ਪ੍ਰਹਾਰ