(ਸਮਾਜ ਵੀਕਲੀ) ਭਾਰਤ ਵਿੱਚ ਵਿਆਹ ਕੇਵਲ ਇਕ ਸਮਾਜਿਕ ਪਰੰਪਰਾ ਨਹੀ ਹੈ,ਬਲਕਿ ਇਸ ਨੂੰ ਇਕ ਸੰਸਥਾ ਦਾ ਦਰਜਾ ਪ੍ਰਾਪਤ ਹੈ।ਇਸ ਨਾਲ ਬੜਾ ਡੂੰਘਾ ਸੱਭਿਆਚਾਰਕ ਅਤੇ ਅਧਿਆਤਮਕ ਸੰਕਲਪ ਜੁੜਿਆ ਹੋਇਆ ਹੈ।ਵਿਆਹ ਇਕ ਅਜਿਹੀ ਸੰਸਥਾ ਹੈ ਜੋ ਦੋ ਲੋਕਾਂ ਨੂੰ ਜੀਵਨ ਭਰ ਲਈ ਪਿਆਰ ਵਿਸ਼ਵਾਸ਼ ਅਤੇ ਸਪਰਪਣ ਦੇ ਰਿਸ਼ਤੇ ਵਿੱਚ ਬੰਨਦੀ ਹੈ।ਵਿਆਹ ਦਾ ਮਕਸਦ ਸਿਰਫ਼ ਇਕ ਦੂਸਰੇ ਦਾ ਸਾਥ ਹੀ ਦੇਣਾ ਨਹੀ ਹੈ,ਸਗੋਂ ਇਕ ਸੰਪੂਰਣ ਪਰਿਵਾਰ ਦੀ ਨੀਂਹ ਵੀ ਰੱਖਣਾ ਹੈ।ਇਹੀ ਕਾਰਨ ਹੈ ਕਿ ਵਿਆਹ ਤੋਂ ਪੈਦਾ ਹੋਣ ਵਾਲੇ ਰਿਸ਼ਤੇ ਸਮਾਜ ਦੀ ਰੀੜ੍ਹ ਦੀ ਹੱਡੀ ਮੰਨੇ ਜਾਦੇ ਹਨ।ਵਿਆਹ ਵਰਗੀ ਸੰਸਥਾਂ ਜੀਵਨ ਭਰ ਸਹਿ-ਜੀਵਨ ਦੀ ਵਕਾਲਤ ਕਰਦੀ ਹੈ।ਵਿਆਹ ਸਾਡੇ ਦੇਸ਼ ਵਿੱਚ ਇਕ ਸਦੀਆਂ ਪੁਰਾਣੀ ਪਰੰਪਰਾ ਹੈ,ਜਿਸ ਤੋਂ ਬਿੰਨਾਂ ਸੱਭ ਕੁਝ ਅਧੂਰਾ ਨਜ਼ਰ ਆਉਦਾ ਹੈ।ਸਾਡਾ ਸਮਾਜ ਵਿਆਹ ਦੇ ਨਾਲ ਪੈਦਾ ਹੋਏ ਰਿਸ਼ਤਿਆਂ ਨੂੰ ਨਾ ਸਿਰਫ਼ ਸਵੀਕਾਰ ਕਰਦਾ ਹੈ,ਸਗੋਂ ਉਸ ਦਾ ਸਤਿਕਾਰ ਵੀ ਕਰਦਾ ਹੈ।ਅਜਿਹੀ ਅਮੀਰ ਪਰੰਪਰਾ ਵਾਲੇ ਇਸ ਦੇਸ਼ ਵਿੱਚ ਪਲ-ਪਲ ਰਿਸ਼ਤਿਆਂ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਸਮਾਜ ਵਿੱਚ ਆਰਜ਼ੀ ਰਿਸਤਿਆਂ ਦੇ ਫ਼ਾਇਦੇ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।ਪਰ ਸਵਾਲ ਇਹ ਹੈ ਕਿ ਇਹ ਸੱਭ ਕੁਝ ਕਿਉਂ ਕੀਤਾ ਜਾ ਰਿਹਾ ਹੈ?ਕੀ ਇਹ ਸੱਭ ਕਿਸੇ ਬਜ਼ਾਰਵਾਦ ਤੋਂ ਪ੍ਰੇਰਿਤ ਹੈ ਜਾਂ ਪੱਛਮੀ ਸਭਿਆਚਾਰ ਦੀ ਕਿਸੇ ਭੈੜੀ ਸਾਜਿਸ਼ ਤੋਂ ਪ੍ਰੇਰਿਤ ਹੈ,ਜੋ ਹਮੇਸ਼ਾਂ ਭਾਰਤੀ ਸੱਭਿਆਚਾਰ ਨੂੰ ਕਮਜੋਰ ਕਰਨ ਵਿੱਚ ਲੱਗੇ ਹੋਏ ਹਨ।
ਇਨੀ ਦਿਨੀ ਭਾਰਤ ਵਿੱਚ ਇਕ ਨਵਾਂ ਸ਼ਬਦ ਬੜਾ ਤੇਜ਼ੀ ਨਾਲ ਪੁੰਗਰ ਰਿਹਾ ਹੈ,ਜੋ ਪਰੰਪਰਾਵਾਂ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਉਹ ਹੈ ‘ਨੈਨੋਸ਼ਿਪ’।ਇਹ ਸ਼ਬਦ ਇਕ ‘ਡੇਟਿੰਗ ਐਪ’ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ।ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2025 ਵਿੱਚ ਰੋਮਾਂਟਿਕ ਰਿਸ਼ਤਿਆਂ ਦੀ ਪਰੀਭਾਸ਼ਾਂ ਬਦਲ ਜਾਏਗੀ।ਭਾਰਤ ਵਿੱਚ ਪਹਿਲਾਂ ਕਦੇ ਵੀ ਇਸ ਦੇ ਬਾਰੇ ਵਿੱਚ ਕੋਈ ਚਰਚਾ ਨਹੀ ਹੋਈ।ਇਹ ਚਰਚਾ ਉਦੋਂ ਸ਼ੁਰੂ ਹੋਈ ਜਦੋਂ ‘ਡੇਟਿੰਗ ਐਪ’ ਨੇ ਹੌਲੀ-ਹੌਲੀ ‘ਯੀਅਰ ਇਨ ਸਵਾਈਪ 2024’ ਨਾਮ ਦੀ ਰਿਪੋਰਟ ਪੇਸ਼ ਕੀਤੀ।ਇਹ ਐਪ ਹਰ ਸਾਲ ਅਜਿਹੀਆਂ ਰਿਪੋਰਟਾਂ ‘ਚ ਡੇਟਿੰਗ ਦੇ ਵੱਖ-ਵੱਖ ਤਰੀਕੇ ਦੱਸਦੀ ਹੈ।ਇਸ ਵਾਰ ਵੀ ਇਸ ਰਿਪੋਰਟ ‘ਚ ਅਜਿਹਾ ਹੀ ਕੁਝ ਕੀਤਾ ਗਿਆ,ਜਦੋਂ ਨੈਨੋਸ਼ਿਪ ਦੇ ਸੰਕਲਪ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਅਤੇ ਇਹ ਦਾਅਵਾ ਕੀਤਾ ਗਿਆ ਕਿ ਇਹ ਇਕ ਨਵਾ ਤਰੀਕਾ ਹੈ ਜੋ ਸਾਲ 2025 ਵਿੱਚ ਡੇਟਿੰਗ ਦੀ ਦੁਨੀਆਂ ਨੂੰ ਵੱਖਰਾ ਪ੍ਰਵਾਵਿਤ ਕਰ ਸਕਦਾ ਹੈ ਅਤੇ ਪਿਆਰ ਦੀ ਪਰਿਭਾਸ਼ਾਂ ਨੂੰ ਪੂਰੀ ਤਰਾਂ ਦੇ ਨਾਲ ਬਦਲ ਸਕਦਾ ਹੈ।ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤੀ ਸਮਾਜ ਵਿੱਚ ਇਹੋ ਜਿਹੀ ਧਾਰਨਾ ਕਿਉਂ ਫੈਲਾਈ ਜਾ ਰਹੀ ਹੈ?ਕੀ ਇਹ ਵਿਚਾਰ ਸਾਡੇ ਸੱਭਿਆਚਾਰ ਅਤੇ ਸਾਡੀਆਂ ਕਦਰਾਂ ਕੀਮਤਾਂ ਦੇ ਅਨੁਕੂਲ ਹਨ?
ਅਸਲ ਵਿੱਚ ‘ਨੈਨੋਸ਼ਿਪ’ ਇਹ ਇਕ ਅਜਿਹਾ ਰਿਸ਼ਤਾ ਹੈ ਜੋ ਕਿ ਬੇਹੱਦ ਥੋੜੇ ਜਿਹੇ ਸਮੇਂ ਦੇ ਲਈ ਹੈ।ਇਹ ਕੁਝ ਘੰਟਿਆਂ,ਕੁਝ ਦਿਨਾਂ,ਜਾਂ ਹਫਤਿਆਂ ਲਈ ਹੋ ਸਕਦਾ ਹੈ।ਆਠਾਰਾਂ ਤੋਂ ਚੌਤੀ ਸਾਲ ਦੀ ਉਮਰ ਦੇ ਅੱਠ ਹਜਾਰ ਬੱਚੇ ਨੌਜਵਾਨਾਂ ਦੇ ਸਰਵੈਖਣ ਤੋਂ ਪਤਾ ਲੱਗਿਆ ਹੈ ਕਿ ਰੋਮਾਂਸ ਅਤੇ ਤੱਤਕਾਲ ਮਿਲਣਾ ਉਹਨਾਂ ਲਈ ਸੱਭ ਤੋਂ ਵੱਧ ਮਾਇਨੇ ਰੱਖਦਾ ਹੈ।ਨੈਨੋਸ਼ਿਪ ਖਾਸ ਕਰਕੇ ਸਿੰਗਲ ਨੌਜਵਾਨਾਂ ਲਈ ਇਕ ਆਕਰਸ਼ਕ ਵਿਕਲਪ ਬਣ ਰਹੀ ਹੈ,ਕਿਉਕਿ ਇਸ ਵਿੱਚ ਕੋਈ ਰੁਕਾਵਟ ਜਾਂ ਜਿੰਮੇਵਾਰੀਆਂ ਸ਼ਾਮਲ ਨਹੀ ਹਨ।ਇਹ ਰਿਸ਼ਤਾ ਕੁਝ ਕੁ ਪਲ ਦੀ ਖੁਸ਼ੀ ਦੇ ਲਈ ਹੈ।ਪਰ ਸਵਾਲ ਇਹ ਹੈ ਕਿ ਕੀ ਅੱਠ ਹਜਾਰ ਲੋਕਾਂ ਦਾ ਸਰਵੈਖਣ ਸਮੁੱਚੇ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ?ਭਾਰਤ ਦੀ ਆਬਾਦੀ 140 ਕਰੋੜ ਤੋਂ ਵੱਧ ਹੈ ਅਤੇ ਇਸ ਵਿੱਚ ਨੌਜਵਾਨਾਂ ਦੀ ਗਿਣਤੀ ਵੀ ਕਰੋੜਾ ਵਿੱਚ ਹੋਵੇਗੀ।ਅਜਿਹੀ ਸਥਿੱਤੀ ਵਿੱਚ ਸਿਰਫ਼ ਅੱਠ ਹਜਾਰ ਲੋਕਾਂ ਦੇ ਵਿਚਾਰਾਂ ਦੇ ਆਧਾਰ ‘ਤੇ ਸਮਾਜਿਕ ਪੈਤੜਾ ਕਾਇਮ ਕਰਨਾ ਨਾ ਸਿਰਫ਼ ਗੁੰਮਰਾਹਕੁੰਨ ਹੈ,ਸਗੋL ਸਮਾਜ ਨੂੰ ਗਲਤ ਦਿਸ਼ਾਂ ਵੱਲ ਧੱਕਣ ਦੇ ਬਰਾਬਰ ਹੈ।ਹੁਣ ਸਵਾਲ ਇਹ ਵੀ ਹੈ ਕਿ ਕੀ ਇਕ ਸੀਮਿਤ ਅਤੇ ਪੂਰੇ ਦੇਸ਼ ਦੀ ਮਾਨਸਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ?ਇਹ ਸਾਡੇ ਲਈ ਬੜੀ ਗੰਭੀਰਤਾ ਨਾਲ ਸੋਚਣ ਵਾਲਾ ਸਵਾਲ ਹੈ।ਜਿਸ ਦਾ ਹੱਲ ਲੱਭਣਾ ਸਾਡੇ ਲਈ ਹੋਰ ਵੀ ਜਰੂਰੀ ਹੈ।
ਜੋ ਲੋਕ ਇਸ ਦੇ ਬਾਰੇ ਵਿੱਚ ਚਰਚਾ ਕਰਦੇ ਹਨ ਇਸ ਦੀ ਵਡਿਆਈ ਕਰਦੇ ਹਨ,ਉਹ ਇਹ ਦਲੀਲ ਦਿੰਦੇ ਹਨ ਕਿ ਇਸ ਵਿੱਚ ਭਾਵਨਾਤਮਕ ਲਗਾਵ ਜੀਰੋ ਜਾਂ ਨਾਮਾਤਰ ਹੈ।ਇਹਦੇ ਵਿੱਚ ਕਿਸੇ ਦੀ ਕੋਈ ਜਿੰਮੇਵਾਰੀ ਨਹੀ ਹੈ,ਅਤੇ ਨਾ ਹੀ ਕਿਸੇ ਦਾ ਬੋਝ ਲੰਬੇ ਸਮੇਂ ਤੱਕ ਚੁੱਕਣ ਦੀ ਕੋਈ ਮਜ਼ਬੂਰੀ ਹੈ।ਜਿਸ ਤਰਾਂ ‘ਨੈਨੋਸ਼ਿਪ’ ਨੂੰ ਦੇਸ਼ ਅੰਦਰ ਉਤਸ਼ਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਸ ਵਿੱਚ ਵਪਾਰਕਤਾ ਵੀ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ।ਅੱਜ ‘ਡੇਟਿੰਗ ਐਪ’ ਇਕ ਬਹੁਤ ਵੱਡਾ ਵਪਾਰ ਬਣ ਗਿਆ ਹੈ,ਜੋ ਰਿਸ਼ਤਿਆਂ ਨੂੰ ਇਕ ਖਪਤਕਾਰ ਉਤਪਾਦ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।ਇਹ ਬਜ਼ਾਰ ਵਿੱਚ ਨਵੇ-ਨਵੇ ਉਤਪਾਦ ਅਤੇ ਨਵੇ-ਨਵੇ ਗ੍ਰਾਹਕ ਪ੍ਰਦਾਨ ਕਰਦਾ ਹੈ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਹ ਪਿਆਰ ਦੀ ਭਾਲ ਹੈ ਜਾਂ ਮੁਨਾਫ਼ੇ ਦਾ ਹਿਸਾਬ?ਬਜ਼ਾਰ ਵਿੱਚ ਖਪਤਕਾਰ ‘ਭਾਵਨਾਤਮਕ’ ਰਿਸਤੇ ਨਹੀ ਸਗੋਂ ‘ਸੰਤੁਸ਼ਟੀਜਨਕ’ ਅਨੁਭਵ ਚਾਹੁੰਦੇ ਹਨ,ਜਿਸ ਨੂੰ ਜਦੋਂ ਚਾਹੁਣ ਲੈ ਲੈਣ ‘ਤੇ ਛੱਡਿਆ ਜਾ ਸਕਦਾ ਹੈ।ਇਹ ਭਾਰਤੀ ਸਮਾਜ ਦੀ ਭਾਵਨਾ ਸਥਿਰਤਾ ਅਤੇ ਸਮਰਪਣ ਦੀ ਮੂਲ ਭਾਵਨਾ ਦੇ ਵਿਰੁਧ ਹੈ।
ਸਾਡੇ ਸਮਾਜ ਦੀ ਸੱਭ ਤੋਂ ਵੱਡੀ ਤਾਕਤ ਇਸ ਦਾ ਪਰਿਵਾਰਕ ਢਾਂਚਾ ਹੈ।ਇਸ ਲਈ ਵਿਆਹ ਨੂੰ ਸਿਰਫ਼ ਇਕ ਨਿਜੀ ਫੈਸਲਾ ਨਹੀ ਸਗੋਂ ਇਕ ਸਮਾਜਿਕ ਸੰਸਥਾ ਮੰਨਿਆ ਜਾਂਦਾ ਹੈ।ਵਿਆਹਾਂ ਵਿੱਚ ਸੱਤ ਫੇਰੇ ਲੈਣ ਵਰਗੀਆਂ ਰਸਮਾਂ ਜਿੰਦਗੀ ਭਰ ਇਕੱਠੇ ਰਹਿਣ ਦਾ ਦਾਅਵਾ ਕਰਦੀਆਂ ਹਨ ਇਹ ਰਿਸ਼ਤਾ ਸਿਰਫ਼ ਦੋ ਵਿਆਕਤੀਆਂ ਵਿਚਕਾਰ ਹੀ ਨਹੀ ਸਗੋਂ ਦੋ ਪਰਿਵਾਰਾਂ ਵਿੱਚ ਵੀ ਹੁੰਦਾ ਹੈ।ਇਹਦੇ ਵਿੱਚ ਸਮਾਜ ਦੀ ਭਾਗੀਦਾਰੀ ਵੀ ਬਹੁਤ ਵੱਡੀ ਸਮਝੀ ਜਾਦੀ ਹੈ,ਅਤੇ ਇਹ ਸਮਾਜਿਕ ਸਹਾਇਤਾ ਪਰਿਵਾਰ ਨੂੰ ਹੋਰ ਵੀ ਮਜ਼ਬੂਤ ਬਣਾਉਦੀ ਹੈ।ਸਾਡੇ ਸੱਭਿਆਚਾਰ ਵਿੱਚ ਵਿਆਹ ਦੇ ਬੰਧਨ ਨੂੰ ਕਈ ਜਨਮਾਂ ਦਾ ਬੰਧਨ ਮੰਨਿਆ ਜਾਂਦਾ ਹੈ।ਸਰੀਰਕ ਖਿੱਚ ਨਾਲੋ ਵੱਧ ਇਕ ਡੂੰਘਾ ਭਾਵਨਾਤਮਕ ਅਤੇ ਅਧਿਆਤਮਕ ਸਬੰਧ ਜਿਆਦਾ ਹੁੰਦਾ ਹੈ। ਅਜਿਹੀ ਸਥਿੱਤੀ ਵਿੱਚ ਕੀ ਸਾਡੇ ਸਮਾਜ ਵਿੱਚ ‘ਨੈਨੋਸ਼ਿਪ’ ਵਰਗੇ ਰਿਸ਼ਤੇ ਜੋ ਸਿਰਫ਼ ਮੌਜ਼-ਮਸਤੀ ਅਤੇ ਪਲ ਭਰ ਦੇ ਲਈ ਸੰਤੁਸ਼ਟੀ ‘ਤੇ ਆਧਾਰਤ ਹੁੰਦੇ ਹਨ,ਸਵੀਕਾਰ ਕੀਤੇ ਜਾ ਸਕਦੇ ਹਨ?
ਥੋੜੀ ਦੇਰ ਪਹਿਲਾਂ ਦੋ ਸਾਲ ਦਾ ਕਿਸੇ ਨੇ ਤਜਰਬਾ ਦੱਸਿਆ ਕਿ ਸਹਿ-ਜੀਵਨ ਵਿੱਚ ਵਿਸ਼ਵਾਸ਼ਘਾਤ ਟੁੱਟਣ ਅਤੇ ਹਿੰਸਾਂ ਦੀਆਂ ਘਟਨਾਵਾਂ ਬੜੀ ਤੇਜ਼ੀ ਨਾਲ ਵਧੀਆਂ ਹਨ।ਇਹ ਬਹੁਤ ਵਾਰ ਦੇਖਿਆ ਗਿਆ ਹੈ ਕਿ ਕਿਵੇਂ ਪ੍ਰੇਮ ਸਬੰਧਾਂ ਵਿੱਚ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਆਪਣੇ ਸਾਥੀਆਂ ਨੂੰ ਜਾਨੋ ਮਾਰ ਦਿੱਤਾ ਹੈ।ਜਦੋਂ ਰਿਸ਼ਤਿਆਂ ਵਿੱਚ ਸਥਿਰਤਾ ਅਤੇ ਜਿੰਮੇਵਾਰੀ ਦੀ ਘਾਟ ਹੁੰਦੀ ਹੈ,ਤਾਂ ਉਹ ਅਕਸਰ ਹੀ ਮਾਨਸਿਕ ਤਣਾਅ, ਇਕੱਲਾਪਣ ਅਤੇ ਕਈ ਵਾਰ ਅਪਰਾਧ ਦਾ ਕਾਰਨ ਬਣ ਜਾਂਦੇ ਹਨ। ‘ਨੈਨੋਸ਼ਿਪ’ ਵਰਗੇ ਰਿਸ਼ਤਿਆਂ ਵਿੱਚ ਭਾਵਨਾਵਾਂ ਅਤੇ ਜਿੰਮੇਵਾਰੀ ਦੀ ਪੂਰੀ ਤਰਾਂ ਘਾਟ ਹੁੰਦੀ ਹੈ।ਅਜਿਹੇ ਰਿਸ਼ਤੇ ਸਿਰਫ਼ ਇਕ ਅਸਥਿਰ ਸਮਾਜਿਕ ਮਹੌਲ ਪੈਦਾ ਕਰ ਸਕਦੇ ਹਨ,ਜਿਸ ਵਿੱਚ ਲੋਕ ਸਿਰਫ਼ ਆਪਣੀਆਂ ਤੁਰੰਤ ਇਛਾਵਾਂ ਲਈ ਹੀ ਸਿਰਫ਼ ਜਿਊਦੇ ਹਨ।ਅਜਿਹੇ ਲੋਕਾਂ ਦੇ ਕੋਲ ਆਪਣੇ ਕੰਮਾਂਕਾਰਾਂ ਦਾ ਅਤੇ ਸਮਾਜ ਦੇ ਬਾਰੇ ਵਿੱਚ ਸੋਚਣੇ ਦਾ ਬਿਲਕੁਲ ਵੀ ਸਮਾਂ ਨਹੀ ਹੁੰਦਾ।
ਸਵਾਲ ਇਹ ਨਹੀ ਹੈ ਕਿ ਇਹ ਇਕ ਨਵਾ ਵਿਚਾਰ ਸਾਡੇ ਸਮਾਜ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕੇਗਾ,ਸਗੋਂ ਸਵਾਲ ਇਹ ਹੈ ਕਿ ਅਸੀ ਇਸ ਨਵੇ ਵਿਚਾਰ ਦੇ ਪ੍ਰਭਾਵਾਂ ਤੋਂ ਕਿੰਨਾਂ ਕੁ ਜਾਣੂ ਹਾਂ?ਇਹ ਭਿਆਨਕ ਸਮਾਂ ਸਾਡੇ ਲਈ ਬਹੁਤ ਹੀ ਚੁਣੌਤੀ ਪੂਰਨ ਹੈ ਅਤੇ ਸਾਨੂੰ ਇਸ ਦੇ ਪ੍ਰਭਾਵਾ ਤੋ ਸੁਚੇਤ ਰਹਿਣ ਦੀ ਬਹੁਤ ਲੋੜ ਹੈ,ਅਸੀ ਪਹਿਲਾਂ ਹੀ ਪੱਛਮੀ ਸੱਭਿਆਚਾਰ ਦੇ ਪਿੱਛੇ ਲੱਗ ਕੇ ਅੰਨ੍ਹੇਵਾਹ ਚੱਲ ਕੇ ਆਪਣਾ ਬਹੁਤ ਕੁਝ ਗੁਆ ਚੁੱਕੇ ਹਾਂ।ਹੁਣ ਸਾਨੂੰ ਸਾਡੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਰਿਸ਼ਤਿਆਂ ਵਿੱਚ ਸਬਰ,ਸਮਝ,ਸਮਰਪਣ ਅਤੇ ਜਿੰਮੇਵਾਰੀ ਕਿੰਨੀ ਮਹੱਤਵਪੂਰਨ ਹੈ। ਸਾਨੂੰ ਬਜਾਰ ਦੁਆਰਾ ਥੋਪੇ ਜਾ ਰਹੇ ‘ਰੁਝਾਨਾਂ’ ਨੂੰ ਅੱਖਾਂ ਬੰਦ ਕਰਕੇ ਸਵੀਕਾਰ ਕਰਨ ਦੇ ਬਜਾਇ ਆਪਣੇ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਅਸੀ ਇਹ ਮੰਨ ਲੈਦੇ ਹਾਂ ਕਿ ‘ਨੈਨੋਸ਼ਿਪ’ ਵਰਗੇ ਰਿਸ਼ਤੇ ਪੱਛਮੀ ਦੇਸ਼ਾਂ ਦੇ ਸਮਾਜ ਵਿੱਚ ਫਿੱਟ ਬੈਠਦੇ ਹੋਣਗੇ,ਉਹਨਾਂ ਦੇ ਲਈ ਇਹ ਸੱਭ ਜਿਵੇ ਨਿਜੀ ਆਜਾਦੀ,ਸਮਾਜਿਕ ਜਿੰਮੇਵਾਰੀਆਂ ਤੋਂ ਵੀ ਉਪਰ ਹੈ।ਪਰ ਭਾਰਤ ਵਿੱਚ ਇਹ ਨਵਾਂ ਵਿਚਾਰ ਸਿਰਫ਼ ਅਸਥਿਰਤਾ,ਨਿਰਾਸ਼ਾ ਅਤੇ ਤੋੜ-ਭੰਨ ਹੀ ਲਿਆਵੇਗਾ।ਸਾਡੇ ਦੇਸ਼ ਦੇ ਅੰਦਰ ਰਿਸ਼ਤੇ ਕੋਈ ਨਿਜੀ ਨਹੀ ਹੁੰਦੇ ਸਾਡੇ ਰਿਸ਼ਤਿਆਂ ਨੂੰ ਸਮਾਜਿਕ ਅਤੇ ਸੱਭਿਆਚਾਰ ਵਲੋਂ ਮਾਨਤਾ ਹੁੰਦੀ ਹੈ। ਅਜਿਹੇ ਥੋੜੇ ਸਮੇਂ ਦੇ ਰਿਸ਼ਤੇ ਨਾ ਸਿਰਫ਼ ਸਾਡੇ ਰਵਾਇਤੀ ਸਮਾਜ ਲਈ ਅਸਵੀਕਾਰਨ ਯੋਗ ਹਨ ਸਗੋਂ ਇਹ ਨਵੇ ਵਿਚਾਰ ਦੇ ਜਰੀਏ ਇਕ ਬਹੁਤ ਵੱਡਾ ਸਾਡੇ ਸਮਾਜ ਤੇ ਹਮਲਾ ਵੀ ਹੈ।ਇਹ ਸਿਰਫ਼ ਵਿਆਹ ਬਨਾਮ ਵਾਸਨਾ ਦਾ ਮਾਮਲਾ ਹੈ,ਜਿਸ ਰਾਹੀ ਰਿਸ਼ਤਿਆਂ ਦੀ ਪਰਿਭਾਸ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਮਰਜੀਤ ਚੰਦਰ ਲੁਧਿਆਣਾ



