ਧੀ ਨਸ਼ਾ ਛੁਡਾਊ ਕੇਂਦਰ ਨਹੀਂ

(ਸਮਾਜ ਵੀਕਲੀ)

ਮਾਂ ਸੋਚਦੀ
ਨਸ਼ਾ ਇਸ ਦਾ ਨਾਸ ਕਰੇ
ਇਸ ਤੋਂ ਪਹਿਲਾਂ
ਵਿਆਹ ਹੋ ਜਾਵੇ
ਪੁੱਤ ਦਾ

ਧੀ ਦੇ ਘਰਦੇ ਖੁਸ਼ ਨੇ
ਸਰਦਾ ਪੁੱਜਦਾ ਘਰ
ਮਿਲ ਗਿਆ
ਨਸ਼ੇ ਤਾਂ ਛੁੱਟ ਹੀ ਜਾਂਦੇ

ਸਭ ਖੁਸ਼ ਨੇ
ਜਾਣਦਿਆਂ ਦਿਆਂ
ਇੱਕ ਜਿੰਦਗੀ ਬਰਬਾਦ ਕੀਤੀ ਜਾ ਰਹੀ

ਕੁੜੀ ਅਣਜਾਣ ਸੱਚਾਈ ਤੋਂ
ਬੁਣਦੀ ਰੰਗੀਨ ਸੁਪਨੇ
ਪਿਆਰੇ ਘਰ ਬਾਰ
ਤੇ
ਮਹਿਕਦੇ ਸੰਸਾਰ ਦੇ

ਪਹਿਲੀ ਰਾਤ ਜਦੋਂ
ਨਸ਼ੇ ਨਾਲ ਰੱਜਿਆ
ਪਤੀ ਪਰਮੇ਼ਵਰ ਪੈਰ ਰੱਖਦਾ
ਦਹਲੀਜ਼ ਤੇ

ਸਿਰਫ ਓਹ ਨਹੀਂ ਡਿੱਗਦਾ
ਚਕਨਾਚੂਰ ਹੋ ਜਾਂਦੇ
ਕੁੜੀ ਦੇ ਸੁਫ਼ਨੇ

ਪਿਆਰ ਦੀ ਨਵਾਰ ਨਾਲ ਬੁਣੇ
ਗੁਲਾਬੀ ਪਲੰਘ ਦੇ
ਟੁੱਟ ਜਾਂਦੇ ਪਾਵੇ
ਬਿਖਰ ਜਾਂਦਾ ਭਵਿੱਖ
ਦਾ ਸੰਸਾਰ

ਧੀ ਕੋਈ ਨਸ਼ਾ ਛੁਡਾਊ
ਸੰਸਥਾ ਨਹੀਂ
ਜਿਉਂਦੀ ਜਾਗਦੀ ਇਨਸਾਨ ਹੈ
ਜੋ ਮਹਿਸੂਸ ਕਰਦੀ ਹੈ!!

ਹਰਪ੍ਰੀਤ ਕੌਰ ਸੰਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਡੀਕ
Next articleਗ਼ਜ਼ਲ