(ਸਮਾਜ ਵੀਕਲੀ) ਅੱਜ ਅਸੀਂ ਏ ਆਈ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ । ਅਜਿਹੀ ਤਕਨੀਕਾਂ ਆ ਰਹੀਆਂ ਹਨ ਕਿ ਮਸ਼ੀਨਾਂ ਮਨੁੱਖ ਵਾਂਗੂੰ ਕੰਮ ਕਰ ਰਹੀਆਂ ਹਨ। ਕਈ ਵੱਡੇ ਸ਼ਹਿਰਾਂ ਵਿੱਚ ਰੋਬੇਟ ਕੰਮ ਕਰ ਰਹੇ ਹਨ। ਰਾਜਸੀ ਨੇਤਾ ਪੈਸੇ ਸਦਕਾ ਸੱਤਾ ਵਿੱਚ ਆ ਜਾਂਦੇ ਹਨ ਤੇ ਹੋਰ ਤਾਕਤ ਲਗਾ ਕੇ ਪੈਸਾ ਇਕੱਠਾ ਕਰ ਰਹੇ ਹਨ। ਲਾਲਚੀ ਮਨੋਬਿਰਤੀ ਕਾਰਨ ਕਈ ਤਰ੍ਹਾਂ ਦੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਫੈਕਟਰੀਆਂ ਦੀ ਰਹਿੰਦ ਖੁੰਹਿਦ ਨੂੰ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ ,ਜਿਸ ਕਾਰਨ ਜੀਵ ਜੰਤੂ ਵਨਸਪਤੀ ਪ੍ਰਭਾਵਿਤ ਹੋਈ ਹੈ। ਵੱਡੇ ਵੱਡੇ ਜੰਗਲ ਤਬਾਹ ਕਰਕੇ ਏ ਕਲਾਸ ਕਲੋਨੀਆਂ ਦਾ ਨਿਰਮਾਣ ਹੋ ਰਿਹਾ ਹੈ। ਜਿਸ ਤਰ੍ਹਾਂ ਨਵੀਂ ਨਵੀਂ ਟੈਕਨੋਲੋਜੀ ਆ ਰਹੀ ਹੈ ,ਮਨੁੱਖ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਵਾਤਾਵਰਣ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪੁਰਾਣੇ ਵੇਲਿਆਂ ਵਿੱਚ ਕਿਸੇ ਦੇ ਘਰ ਆਰ ਓ (ਸਾਫ ਪਾਣੀ) ਪੀਣ ਵਾਲੇ ਨਹੀਂ ਹੁੰਦੇ ਸਨ, ਪਰ ਅੱਜ ਘਰ ਘਰ ਵਿੱਚ ਆਰ ਓ ਲੱਗੇ ਹੋਏ ਹਨ, ਤਾਂ ਵੀ ਲੋਕ ਨਾ ਮੁਰਾਦ ਬਿਮਾਰੀਆਂ ਨਾਲ ਪੀੜਤ ਹਨ। ਅੱਜ ਲੱਖਾਂ ਲੋਕ ਜ਼ਹਿਰੀਲਾ ,ਰਸਾਇਣ ਯੁਕਤ ਪਾਣੀ ਪੀਣ ਕਾਰਨ ਬਿਮਾਰੀਆਂ ਦਾ ਸੰਤਾਪ ਭੋਗ ਰਹੇ ਹਨ। ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਲੀਵਰ, ਚਮੜੀ ਦਾ ਕੈਂਸਰ ,ਗੁਰਦਿਆਂ ਵਿੱਚ ਸੋਜ਼,ਕੈਸਰ ਵਰਗੀ ਨਾਮ ਮੁਰਾਦ ਬਿਮਾਰੀਆਂ ਨੇ ਘੇਰ ਲਿਆ ਹੈ। ਪਾਣੀ ਦੀ ਬੂੰਦ ਬੂੰਦ ਲਈ ਲੋਕ ਤਰਸ ਰਹੇ ਹਨ ।ਮਹਾਂ ਨਗਰਾਂ ਵਿੱਚ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਹੈ। ਭੁੱਖਮਰੀ , ਕੁਪੋਸ਼ਣ ਵਰਗੀ ਬਿਮਾਰੀਆਂ ਨਾਲ ਲੱਖਾਂ ਔਰਤਾਂ ਤੇ ਬੱਚੇ ਸ਼ਿਕਾਰ ਹਨ। ਅੱਜ ਨਸ਼ਿਆਂ ਦਾ ਫੈਲਾਓ ਪੂਰੀ ਦੁਨੀਆ ਵਿੱਚ ਹੈ।ਨਸ਼ਾ ਮੁਕਤੀ ਕੇਂਦਰ ਵੀ ਨਸ਼ੇੜੀਆਂ ਨਾਲ ਭਰੇ ਹੋਏ ਹਨ। ਜਿਨ੍ਹਾਂ ਕੋਲ ਇਲਾਜ਼ ਲਈ ਪੈਸੇ ਨਹੀਂ ਹਨ, ਉਹਨਾਂ ਨੇ ਆਪਣੇ ਨਸ਼ੇੜੀ ਪੁੱਤਾਂ ਨੂੰ ਘਰ ਵਿੱਚ ਹੀ ਜੇਲ ਵਾਂਗੂੰ ਰੱਖਿਆ ਹੋਇਆ ਹੈ। ਨਸ਼ਿਆਂ ਦੀ ਇਸ ਹਨੇਰੀ ਵਿੱਚ ਘਰ ਦੇ ਘਰ ਤਬਾਹ ਹੋ ਚੁੱਕੇ ਹਨ। ਪੈਸੇ ਦੀ ਹੋੜ ਕਾਰਨ ਇਨਸਾਨ ਕੁੱਝ ਵੀ ਕਰਨ ਨੂੰ ਤਿਆਰ ਹੈ। ਭ੍ਰਿਸ਼ਟਾਚਾਰ ਫੈਲਦਾ ਜਾ ਰਿਹਾ ਹੈ। ਕੁਦਰਤੀ ਬਨਸਪਤੀ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਪਿੱਛੇ ਜਿਹੇ ਤੇਲੰਗਨਾ ਵਿੱਚ ਜੋ ਇੰਨਾ ਵੱਡਾ ਜੰਗਲ ਤਬਾਹ ਕੀਤਾ ਜਾ ਰਿਹਾ ਸੀ ਉਹ ਲੋਕਾਂ ਦੀ ਆਵਾਜ਼ ਕਾਰਨ ਰੁਕ ਗਿਆ। ਹਜ਼ਾਰਾਂ ਜੰਗਲੀ ਜੀਵ ਜੰਤੂ ਪ੍ਰਭਾਵਿਤ ਹੋਏ ਸਨ,ਕਿਉਂਕਿ ਉੱਥੋਂ ਦੀ ਮੌਜੂਦਾ ਸਰਕਾਰ ਉੱਥੇ ਵੱਡੀ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੀ ਸੀ। ਵਿਚਾਰ ਕਰਨ ਵਾਲੀ ਗੱਲ ਹੈ ਕਿ ਅੱਜ ਧਰਤੀ ਦਾ ਤਾਪਮਾਨ ਕਿੱਥੇ ਤੱਕ ਪੁੱਜ ਚੁੱਕਾ ਹੈ। ਲਾਲਚੀ ਮਨੋ ਬਿਰਤੀ ਸਾਡੇ ਲਈ ਕਈ ਤਰ੍ਹਾਂ ਦੇ ਸੰਕਟ ਪੈਦਾ ਕਰ ਰਹੀ ਹੈ। ਪਹਾੜੀ ਖੇਤਰਾਂ ਵਿੱਚ ਵੀ ਨਦੀਆਂ ਨਾਲਿਆਂ ਨੂੰ ਤੰਗ ਕਰਕੇ ਵੱਡੇ ਵੱਡੇ ਹੋਟਲ ਬਣਾ ਦਿੱਤੇ ਗਏ। ਦਿਨੋ ਦਿਨ ਪਾਣੀ ਡੂੰਘਾ ਤੇ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਭਿਆਨਕ ਸਮੱਸਿਆਵਾਂ ਪੈਦਾ ਹੋਣਗੀਆਂ। ਅੱਜ ਪੌਣ, ਪਾਣੀ, ਖਾਣ ਪੀਣ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਿਆ ਹੈ। ਕਈ ਜੀਵ ਜੰਤੂਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਚੁੱਕੀਆਂ ਹਨ। ਜਿਨ੍ਹਾ ਨੂੰ ਅਸੀਂ ਸਿਰਫ਼ ਇੰਟਰਨੈਟ ਜਾਂ ਕਿਤਾਬਾਂ ਵਿੱਚ ਹੀ ਪੜ੍ਹ ਸਕਦੇ ਹਾਂ। ਸਮਾਜ ਸੇਵੀ ਸੰਸਥਾਵਾਂ ਸਾਉਣ ਦੇ ਮਹੀਨੇ ਵਿੱਚ ਰੁੱਖ ਲਗਾਉਂਦੀਆਂ ਹਨ। ਸਮਾਜ ਦੇ ਕੁੱਝ ਸੁਹਿਰਦ ਲੋਕ ਆਵਾਜ਼ ਚੁੱਕਦੇ ਹਨ। ਸਾਡੀ ਸਾਰਿਆਂ ਦੀ ਹੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਜੰਗਲਾਂ, ਦਰਿਆਵਾਂ ,ਜਲ ਸਰੋਤਾਂ ਨੂੰ ਬਚਾਉਣ ਲਈ ਪ੍ਰਣ ਕਰੀਏ, ਤਾਂ ਜੋ ਇਹ ਧਰਤੀ ਆਉਣ ਵਾਲੀ ਪੁਸ਼ਤਾਂ ਲਈ ਵੀ ਰਹਿਣਯੋਗ ਬਣੀ ਰਹੇ।
ਸੰਜੀਵ ਸਿੰਘ ਸੈਣੀ, ਮੋਹਾਲੀ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



