(ਸਮਾਜ ਵੀਕਲੀ) ਜ਼ਿੰਮੀਦਾਰੀ ਪਿਛੋਕੜ ਨਾਲ ਸੰਬੰਧਤ ਕਮਲਜੀਤ ਪੰਜਾਬ ਨੈਸ਼ਨਲ ਬੈਂਕ ਵਿੱਚ ਮੁਲਾਜ਼ਮ ਹੈ। ਜਦੋਂ ਤੋਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਉਹ ਉਦੋਂ ਤੋਂ ਹੀ ਇਸ ਵਿੱਚ ਸ਼ਾਮਲ ਹੋਣ ਲਈ ਤਰਲੋ-ਮੱਛੀ ਹੋ ਰਹੀ ਸੀ। ਪਰ, ਕੁਝ ਮਜ਼ਬੂਰੀਆਂ ਅਤੇ ਜ਼ਿੰਮੇਵਾਰੀਆਂ ਅਜਿਹੀਆਂ ਸਨ ਕਿ ਉਹ ਚਾਹ ਕੇ ਵੀ ਇਸ ਵਿੱਚ ਸ਼ਾਮਲ ਨਹੀਂ ਹੋ ਸਕੀ। ਬੈਂਕ ਦੀ ਮੁਲਾਜ਼ਮ ਹੋਣ ਕਰਕੇ ਕਿਸਾਨਾਂ ਵੱਲੋਂ ਲਏ ਜਾਂਦੇ ਕਰਜ਼ੇ ਦੀਆਂ ਮਜ਼ਬੂਰੀਆਂ ਅਤੇ ਦੁਸ਼ਵਾਰੀਆਂ ਤੋਂ ਵੀ ਉਹ ਭਲੀ-ਭਾਂਤ
ਜਾਣੂ ਸੀ।
ਜਾਣੂ ਸੀ।
ਕਈ ਵਾਰੀ ਡਿਊਟੀ ਆਉਂਦੇ-ਜਾਂਦਿਆ ਲੋਕਾਂ ਦੀਆਂ ਗੱਡੀਆਂ ‘ਤੇ ਲੱਗੇ ਕਿਸਾਨੀ ਝੰਡੇ ਵੇਖ ਕੇ ਉਹਦਾ ਮਨ ਵੀ ਕਰਦਾ ਕਿ ਉਹ ਵੀ ਆਪਣੀ ਮੋਪਡ ਉੱਪਰ ਛੋਟਾ ਜਿਹਾ ਝੰਡਾ ਲਹਿਰਾ ਦੇਵੇ, ਪਰ ਪਿੰਡ ਤੋਂ ਚਾਲੀ ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਹ ਬੈਂਕ ਪਹੁੰਚਦੀ । ਉੱਪਰੋਂ ਜਵਾਨ ‘ਕੱਲੀ ‘ਕਾਹਰੀ ਕੁੜੀ। ਹਰ ਵੇਲੇ ਉਸ ਦਾ ਮਨ ਕਿਸਾਨਾਂ ਵੱਲ ਹੀ ਰਹਿਣਾ। ਜਦੋਂ ਕਦੀ ਲੰਚ ਬ੍ਰੇਕ ਹੋਣੀ ਜਾਂ ਸਵੇਰੇ ਬੈਂਕ ਕਦੀ ਘੜੀ ਜਲਦੀ ਪਹੁੰਚ ਜਾਣਾ ਤਾਂ ਬਸ ਕਿਸਾਨਾਂ ਅਤੇ ਕਿਸਾਨੀ ਸੰਘਰਸ਼ ਦੀਆਂ ਹੀ ਗੱਲਾਂ ਕਰਨੀਆਂ।
ਅੱਜ ਕਿਸਾਨਾਂ ਵੱਲੋਂ ਬਾਅਦ ਦੁਪਹਿਰ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ। ਘਰੋਂ ਜਰੂਰੀ ਫ਼ੋਨ ਆਉਣ ਕਰਕੇ ਉਹ ਛੁੱਟੀ ਤੋਂ ਅੱਧਾ ਘੰਟਾ ਪਹਿਲਾਂ ਹੀ ਨਿਕਲ ਆਈ। ਅੱਜ ਵਾਪਸੀ ‘ਤੇ ਉਸ ਨੇ ਵੇਖਿਆ ਕਿ ਚਾਰੇ ਪਾਸੇ ਲੋਕਾਂ ਨੇ ਆਪਣੇ-ਆਪਣੇ ਵਹੀਕਲਾਂ ‘ਤੇ ਝੰਡੀਆਂ ਲਾਈਆਂ ਹੋਈਆਂ ਸਨ ਅਤੇ ਪੈਦਲ ਜਾਣ ਵਾਲ਼ਿਆਂ ਨੇ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਬੱਸਾਂ ਦੀ ਪੂਰੀ ਹੜਤਾਲ ਸੀ। ਜਾਂਦੇ ਸਮੇਂ ਰਾਹ ਵਿੱਚ ਰੇਲਵੇ-ਫਾਟਕ ਕੋਲ ਜਾ ਕੇ ਭੀੜ ਵੱਧ ਗਈ। ਲੋਕੀ ਹੌਲ਼ੀ-ਹੌਲ਼ੀ ਚੱਲ ਰਹੇ ਸਨ। ਇੰਨੇ ਨੂੰ ਉਹਨਾਂ ਦੇ ਪਿੰਡ ਦੀ ਇੱਕ ਅਗਾਂਹਵਧੂ ਬੀਬੀ ਹੱਥ ਵਿੱਚ ਵੱਡਾ ਸਾਰਾ ਝੰਡਾ ਫੜੀ ਕਮਲਜੀਤ ਦੇ ਕੋਲ਼ ਆ ਕੇ ਕਹਿੰਦੀ, ” ਕੁੜੇ, ਮੈਨੂੰ ਵੀ ਲੈ ਚੱਲ ਆਪਣੇ ਨਾਲ। ਬੱਸਾਂ ਬੰਦ ਹੋਣ ਕਰਕੇ ਨਹੀਂ ਤਾਂ ਉਸ ਨੂੰ ਘਰ ਪਹੁੰਚਣ ਲਈ ਦੇਰ ਹੋ ਜਾਵੇਗੀ।” ਕਮਲਜੀਤ ਨੇ ਬਿਨਾਂ ਸੰਕੋਚ ਕੀਤੇ ਉਸ ਨੂੰ ਬਿਠਾ ਲਿਆ।
ਜਦੋਂ ਉਹ ਬੀਬੀ ਉਸ ਦੀ ਮੋਪਡ ‘ਤੇ ਲਹਿਰਾਉਂਦਾ ਕਿਸਾਨੀ-ਝੰਡਾ ਲੈ ਕੇ ਬੈਠੀ , ਤਾਂ ਕਮਲਜੀਤ ਨੂੰ ਲੱਗਾ ਕਿ ਉਸ ਦੀ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਇੱਛਾ ਜਿਵੇਂ ਪੂਰੀ ਹੋ ਗਈ ਹੋਵੇ। ਪਿੰਡ ਵੱਲ ਨੂੰ ਜਾਂਦਿਆਂ ਹੋਇਆ ਝੰਡੇ ਵਾਲੀ ਬੀਬੀ ਦੇ ਉਸ ਦੇ ਮਗਰ ਬੈਠੀ ਹੋਣ ਕਰਕੇ ਉਹ ਆਪਣੇ-ਆਪ ਵਿੱਚ ਬਹੁਤ ਮਾਣ ਮਹਿਸੂਸ ਕਰ ਰਹੀ ਸੀ। ਕਿਸਾਨਾਂ ਦੀ ਜਿੱਤ ਦੇ ਖ਼ਿਆਲਾਂ ਵਿੱਚ ਗੁਆਚੀ ਕਮਲਜੀਤ ਨੂੰ ਪਤਾ ਹੀ ਨਾ ਲੱਗਿਆ ਕਿ ਕਿਹੜੇ ਵੇਲੇ ਬੀਬੀ ਨੂੰ ਉਹਦੇ ਟਿਕਾਣੇ ਤੇ ਉਤਾਰ ਕੇ ਉਹ ਘਰ ਪਹੁੰਚ ਗਈ।
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
Attachments area