CBSE ਨਾਲੋਂ ਆਦਰਸ਼ ਸਕੂਲਾਂ ਦਾ ਹੋਵੇਗਾ ਤੋੜ-ਵਿਛੋੜਾ, ਨਵੇਂ ਵਿੱਦਿਅਕ ਵਰ੍ਹੇ ਤੋਂ ਸਿੱਖਿਆ ਬੋਰਡ ਨਾਲ ਜੁੜਨਗੇ ਸਕੂਲ

ਮੋਹਾਲੀ : ਪੰਜਾਬ ਸਰਕਾਰ ਸੂੁਬੇ ਵਿਚ ਸੀਬੀਐਸਈ ਪੈਟਰਨ ਤਹਿਤ ਚੱਲ ਰਹੇ ਆਦਰਸ਼ ਸਕੂਲ ਦੀ ਹੁਣ ਕੇਂਦਰੀ ਬੋਰਡ ਦਿੱਲੀ ਨਾਲੋਂ ਮਾਨਤਾ ਤੋੜਨ ਦੀ ਤਿਆਰੀ ਵਿਚ ਹਨ।
ਡੀਜੀਐੱਸਈ ਪੰਜਾਬ ਨੇ ਹੁਕਮਾਂ ਤੋਂ ਬਾਅਦ ਨਿੱਜੀ ਭਾਈਵਾਲੀ ਤਹਿਤ ਚੱਲ ਰਹੇ ਆਦਰਸ਼ ਸਕੂਲਾਂ ਨੂੰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇਸ ਤਹਿਤ ਪੰਜਾਬ ਦੇ ਪੰਜ ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਸਕੂਲ ਵਿਕਾਸ ਬੋਰਡ ਨੇ ਫ਼ੈਸਲਾ ਲਿਆ ਹੈ ਕਿ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੇਣਗੇ।
ਇਸ ਸਬੰਧੀ ਡੀਜੀਐੱਸਈ ਪੰਜਾਬ ਸਰਕਾਰ ਨੇ ਨਿੱਜੀ ਭਾਈਵਾਲ ਸੰਸਥਾਵਾਂ ਦੇ ਮਾਲਕਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸਾਲ 2020-21 ਲਈ ਆਦਰਸ਼ ਸਕੂਲਾਂ ਦੀ ਮਾਨਤਾ ਸੀਬੀਐੱਸਈ ਨਾਲੋਂ ਰੱਦ ਕਰਵਾ ਦਿੱਤੀ ਜਾਵੇ ਅਤੇ ਤੁਰੰਤ ਇਨ੍ਹਾਂ ਦੀ ਮਾਨਤਾ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੋੜ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਸਕੂਲਾਂ ਵਿਚ ਿਫ਼ਲਹਾਲ ਪੜ੍ਹਾਈ ਦਾ ਮਾਧਿਅਮ ਅੰਗਰੇਜ਼ੀ ਹੀ ਰਹੇਗਾ।

ਵਧਣਗੇ ਸਿੱਖਿਆ ਬੋਰਡ ਦੇ ਵਿਦਿਆਰਥੀ
ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਸਾਰਥਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਾਰਥਕ ਕੋਸ਼ਿਸ਼ ਦੀ ਇਕ ਉਦਾਹਰਣ ਹੈ ਮੋਹਾਲੀ ਦੇ ਕਾਲੇਵਾਲ ਦਾ ਆਦਰਸ਼ ਸਕੂਲ।
ਇਨ੍ਹਾਂ ਸਕੂਲਾਂ ਦਾ ਇਕ ਪੱਖ ਇਹ ਵੀ ਹੈ ਕਿ ਨਿੱਜੀ ਭਾਲੀਵਾਲੀ ਨਾਲ ਇਨ੍ਹਾਂ ਸਕੂਲਾਂ ਨੂੰ ਚਲਾ ਰਹੀਆਂ ਸੰਸਥਾਵਾਂ ਵੀ ਅੱਗੇ ਚਲਾਈ ਰੱਖਣ ਲਈ ਕੰਨੀ ਕਤਰਾਉਣ ਲੱਗ ਪਈਆਂ ਸਨ। ਇਸ ਨੂੰ ਮੁੱਖ ਰੱਖਦਿਆਂ ਸਿੱਖਿਆ ਵਿਭਾਗ ਨੇ ਆਪਣੇ ਯਤਨਾਂ ਸਦਕਾ ਇਨ੍ਹਾਂ ਸਕੂਲਾਂ ਦਾ ਸੈਸ਼ਨ ਸਿਰੇ ਚਾੜਿ੍ਹਆ। ਹੁਣ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲਿਆ ਹੈ।

ਚਿੰਤਾ ‘ਚ ਵਿਦਿਆਰਥੀ
ਮੋਹਾਲੀ ਦੇ ਪਿੰਡ ਕਾਲੇਵਾਲ਼ ਦੇ ਆਦਰਸ਼ ਸਕੂਲ ਨੂੰ ਇਹ ਪੱਤਰ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਸ਼ਸ਼ੋਪੰਜ ਵਿਚ ਹਨ। ਅਸਲ ਵਿਚ ਸੀਬੀਐੱਸਈ ਵਿਚ ਪੜ੍ਹਾਈ ਕਰਨ ਤੋਂ ਬਾਅਦ ਵਿਦਿਆਰਥੀ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਟੈਂਡਰਡ ਦੇ ਹਿਸਾਬ ਨਾਲ ਪੜ੍ਹਾਈ ਕਰਨਗੇ। ਇਸ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਦਾ ਮੰਨਣਾ ਹੈ ਕਿ ਇਕਦਮ ਸਕੂਲਾਂ ਦੀ ਮਾਨਤਾ ਸੀਬੀਐੱਸਈ ਵਰਗੇ ਬੋਰਡ ਤੋਂ ਹਟਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੋੜਨ ਦੀ ਤੁਕ ਕੀ ਹੈ, ਜਦੋਂ ਬਾਰਵੀਂ ਤਕ ਦੇ ਸਕੂਲਾਂ ਵਿਚ ਪਹਿਲਾਂ ਤੋਂ ਹੀ ਵਿਦਿਆਰਥੀ ਸੀਬੀਐੱਸਈ ਦੀ ਪੜ੍ਹਾਈ ਕਰ ਰਹੇ ਹਨ।

ਇਨ੍ਹਾਂ ਸਕੂਲਾਂ ਨੂੰ ਹੋਇਆ ਹੁਕਮ
ਜਿਹੜੇ ਸਕੂਲਾਂ ਨੂੰ ਸੀਬੀਐੱਸਈ ਤੋਂ ਹਟਾ ਕੇ ਪੰਜਾਬ ਸਕੂਲ ਨਾਲ ਜੋੜਨ ਦਾ ਫ਼ੈਸਲਾ ਲਿਆ ਗਿਆ ਹੈ ਉਨ੍ਹਾਂ ‘ਚ ਸ਼ਾਮਲ ਸੰਸਥਾਵਾਂ ਹਨ, ਭਾਰਤੀ ਫ਼ਾਊਂਡੇਸ਼ਨ, 454 ਬੀਆਰਐੱਸ ਨਗਰ ਫਿਰੋਜ਼ਪੁਰ ਰੋਡ ਲੁਧਿਆਣਾ, ਬਾਲਾ ਜੀ ਐਜੂਕੇਸ਼ਨ ਟਰੱਸਟ ਤਲਵੰਡੀ ਸਾਬੋ, ਬਠਿੰਡਾ, ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਟਰੱਸਟ ਅੰਮਿ੍ਤਸਰ, ਸੁਖ ਸਸਾਬਕਗਰ ਐਵੀਨਿਊ ਵੈਲਫ਼ੇਅਰ ਐਸੋਸੀਏਸ਼ਨ ਪਿੰਡ ਪਰਤਾਪਗੜ੍ਹ, ਲੁਧਿਆਣਾ, ਗਰਾਮ ਵਿਕਾਸ ਐਜੂਕੇਸ਼ਨ ਸੁਸਾਇਟੀ ਜ਼ੀਰਾ, ਸ੍ਰੀ ਰਾਧੇ ਸੇਵਾ ਸਮਿਤੀ ਮਾਨਸਾ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪ੍ਰਮੋਟ ਕਰਨਾ ਮੁੱਖ ਟੀਚਾ : ਤਈਅਬ
ਡੀਜੀਐੱਸਈ ਪੰਜਾਬ ਮੁਹੰਮਦ ਤਈਅਬ ਨੇ ਦੱਸਿਆ ਕਿ ਇਹ ਸਾਰੇ ਸਕੂਲ ਰਮਸਾ ਦੇ ਅਧੀਨ ਚੱਲ ਰਹੇ ਸਨ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚਲੇ ਰਮਸਾ ਅਧੀਨ ਚੱਲ ਰਹੇ ਸਕੂਲਾਂ ਦੀ ਮੁਖ਼ਤਿਆਰੀ ਪੰਜਾਬ ਸਰਕਾਰ ਨੇ ਲੈ ਲਈ ਹੈ। ਹੁਣ ਆਦਰਸ਼ ਸਕੂਲਾਂ ਨੂੰ ਸਿੱਖਿਆ ਬੋਰਡ ਨਾਲ ਜੋੜਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਪਿੱਛੇ ਮੰਤਵ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਪ੍ਰਮੋਟ ਕਰਨਾ ਹੈ। ਪੰਜਾਬ ਵਿਚਲੇ 26 ਸਕੂਲ ਹੁਣ ਅਗਲੇ ਵਿੱਤੀ ਸੈਸ਼ਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਹੋ ਜਾਣਗੇ।

Previous articleਨਿੱਜੀ ਆਜ਼ਾਦੀ ਤੇ ਰਾਸ਼ਟਰੀ ਸੁਰੱਖਿਆ ਵਿਚਾਲੇ ਸੰਤੁਲਨ ਜ਼ਰੂਰੀ :ਸੁਪਰੀਮ ਕੋਰਟ
Next articleਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ‘ਤੇ ਚੱਲੇਗਾ ਮੁਕੱਦਮਾ