(ਸਮਾਜ ਵੀਕਲੀ)
ਐਨੀ ਬੇਰੁਖੀ ……., ਐਨੀ ਨਫ਼ਰਤ….., ਐਨੀ ਬੇਦਿਲੀ….! ਉਹ ਵੀ ਸਿਰਫ਼ ਬਾਰਾਂ ਕੁ ਸਾਲਾਂ ਦੇ ਸਾਥ ਵਿੱਚ।ਬੜੀ ਹੈਰਾਨ ਸੀ ਉਹ। ਆਖ਼ਿਰ ਐਨਾ ਵੀ ਕੀ ਹੋ ਗਿਆ ਸੀ?ਸੋਚਦਿਆਂ-ਸੋਚਦਿਆਂ ਉਹ ਅਤੀਤ ਦੇ ਪਰਛਾਵਿਆਂ ਵਿੱਚ ਕਿਤੇ ਦੂਰ ਬਹਿ ਤੁਰੀ।
ਉਹਨੂੰ ਯਾਦ ਆਇਆ ਕਿ ਜਦੋਂ ਬਾਰਾਂ ਸਾਲ ਪਹਿਲਾਂ ਇਸ ਘਰ ਵਿੱਚ ਪਹਿਲੀ ਵਾਰ ਪੈਰ ਰੱਖਿਆ ਸੀ ਤਾਂ ਇੰਝ ਲੱਗਿਆ ਸੀ ਕਿ ਕਿਸੇ ਹੋਰ ਹੀ ਦੁਨੀਆਂ ਵਿੱਚ ਆ ਗਈ ਹੋਵੇ। ਪਿੰਡ ਦੀ ਨਿੱਘੀ ਬੁੱਕਲ਼ ਵਿੱਚੋਂ ਨਿਕਲ਼ ਕੇ ਸ਼ਹਿਰ ਦੇ ਰੁੱਖੇ ਜਿਹੇ ਮਾਹੌਲ ਵਿੱਚ ਆ ਗਈ ਸੀ। ਇੱਥੇ ਕੋਈ ਵੀ ਉਹਨੂੰ ਆਪਣਾ ਨਹੀਂ ਲੱਗ ਰਿਹਾ ਸੀ। ਭਾਵੇਂ ਸਾਰੇ ਉਹਦੇ ਕੋਲ਼- ਕੋਲ਼ ਹੋ ਕੇ ਬੈਠ ਰਹੇ ਸਨ ਪਰ ਉਹਨੂੰ ਆਪਣਾਪਨ ਮਹਿਸੂਸ ਨਹੀਂ ਹੋ ਰਿਹਾ ਸੀ। ਪਿੱਛੋਂ ਦੁੱਖਾਂ ਦੇ ਸਮੁੰਦਰਾਂ ਨੂੰ ਪਾਰ ਕਰਕੇ ਆਈ ਤੇ ਅੱਗੋਂ ਘੁੱਪ ਹਨੇਰਾ ਪਸਰਿਆ ਹੋਇਆ।
ਫਿਰ ਅਚਾਨਕ ਇੱਕ ਹੱਥ ਉਹਦੇ ਹੱਥ ਤੇ ਆ ਕੇ ਰੁਕਿਆ। ਮੂੰਹ ਉੱਪਰ ਕਰਕੇ ਦੇਖਿਆ ਤਾਂ ਲਾਵਾਂ ਲੈ ਕੇ ਨਾਲ਼ ਲੈ ਆਉਣ ਵਾਲ਼ਾ ਹਮਸਫ਼ਰ ਸੀ। “ਤੂੰ ਫ਼ਿਕਰ ਨਾ ਕਰ, ਮੈਂ ਤੇਰੇ ਨਾਲ਼ ਹੀ ਆਂ। ਕਿਸੇ ਗੱਲ ਤੋਂ ਘਬਰਾਈ ਨਾ। ਮੈਂ ਕਦੇ ਵੀ ਤੈਨੂੰ ‘ਕੱਲਿਆ ਨਹੀਂ ਛੱਡਾਂਗਾ। ਤੇਰੇ ਹਰ ਦੁੱਖ ਸੁੱਖ ਵਿੱਚ ਮੈਂ ਹਮੇਸ਼ਾਂ ਤੇਰੇ ਨਾਲ਼ ਹਾਂ।” ਉਹਦੇ ਮੋਹ ਭਿੱਜੇ ਬੋਲਾਂ ਨੇ ਉਸ ਵੇਲ਼ੇ ਜਿਵੇਂ ਤੱਤੜੀ ਨੂੰ ਠਾਰ ਦਿੱਤਾ ਸੀ। ਸਾਰੇ ਫ਼ਿਕਰ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ।
ਫੇਰ ਜੋ ਕਿਹਾ ਉਹਨੇ ਕਰਕੇ ਵੀ ਦਿਖਾਇਆ। ਹਰ ਵੇਲੇ ਪਰਛਾਵੇਂ ਵਾਂਗ ਨਾਲ਼ ਰਹਿੰਦਾ। ਘਰਦੇ ਨੱਕ ਬੁੱਲ੍ਹ ਕੱਢਦੇ ਪਰ ਉਹ ਅਸਰ ਨਾ ਕਰਦਾ।
ਹੌਲ਼ੀ ਹੌਲ਼ੀ ਜ਼ਿੰਮੇਵਾਰੀਆਂ ਵਧੀਆਂ, ਖਰਚੇ ਵੱਧ ਗਏ। ਬੇਸ਼ਕ ਦੋਵੇਂ ਜੀਅ ਕਮਾਊ ਸਨ।ਪਰ ਫਿਰ ਵੀ ਖ਼ਰਚੇ ਲੋਟ ਨਾ ਆਉਂਦੇ। ਉਹਨੇ ਸਾਰੇ ਗਹਿਣੇ ਬਿਨਾਂ ਅੰਗ ਲਗਾਇਆਂ ਦੇ ਦਿੱਤੇ। ਅਖੇ ਮੇਰੇ ਤਾਂ ਤੁਸੀਂ ਹੀ ਗਹਿਣੇ ਹੋ। ਜਦੋਂ ਸੌਖੇ ਹੋਏ ਫ਼ੇਰ ਬਣਾ ਲਵਾਂਗੇ। ਇੱਥੋਂ ਤੱਕ ਕਿ ਉਹਨੇ ਜੀਅ ਭਰ ਕੇ ਵੇਖੇ ਵੀ ਨਹੀਂ ਸਨ ਕੁੱਝ ਗਹਿਣੇ ਤਾਂ।
ਇੱਕ ਵਾਰ ਦੇ ਕੇ ਮੁੜ ਕਦੇ ਸਾਰ ਵੀ ਨਾ ਲਈ ਸੀ। ਤੇ ਹੋਰ ਵੀ ਜਦੋਂ ਲੋੜ ਹੁੰਦੀ ਅਲਮਾਰੀ ਫ਼ਰੋਲ ਕੇ ਜਿੰਨੇ ‘ਕੱਠੇ ਹੁੰਦੇ ਤੁਰੰਤ ਦੇ ਦਿੰਦੀ।ਕਦੇ-ਕਦੇ ਤਾਂ ਸਹੇਲੀਆਂ ਤੋਂ ਵੀ ਉਧਾਰੇ ਲੈ ਕੇ ਦੇ ਦਿੰਦੀ ਤੇ ਫੇਰ ਕਈ ਕਈ ਮਹੀਨੇ ਲਾਉਂਦੀ ਰਹਿੰਦੀ।
ਏਸੇ ਲਈ ਉਹ ਨੌਕਰੀ ਕਰਦੀ ਸੀ।ਉਹਨੂੰ ਲੱਗਦਾ ਸੀ ਕਿ ਪਤੀ ਨੇ ਹੀ ‘ਕੱਲਿਆ ਠੇਕਾ ਨਹੀਂ ਲਿਆ ਹੋਇਆ। ਉਹਦਾ ਵੀ ਬਰਾਬਰ ਦਾ ਫਰਜ਼ ਹੈ। ਪੇਕਿਆਂ ਤੇ ਸਹੁਰਿਆਂ ਦੋਵਾਂ ਪਾਸਿਆਂ ਦੇ ਫ਼ਰਜ਼ ਨਿਭਾਉਂਦਿਆਂ ਪੂਰੀ ਤਨਦੇਹੀ ਨਾਲ ਉਹ ਕਦਮ ਨਾਲ਼ ਕਦਮ ਮਿਲਾ ਕੇ ਚੱਲਦੀ ਰਹੀ ਸੀ। ਇਸ ਦੌਰਾਨ ਬਹੁਤ ਚੰਗੇ ਮਾੜੇ ਵਕਤ ਆਏ ਜੋ ਦੋਵਾਂ ਨੇ ਨਿੱਠ ਕੇ ਹੰਢਾਏ। ਹਾਸੇ ਆਏ ਤਾਂ ‘ਕੱਠੇ ਹੱਸੇ ਰੋਣੇ ਆਏ ਤਾਂ ‘ਕੱਠੇ ਰੋਏ।
ਪਰ ਹੁਣ ਕੀ ਹੋਇਆ ਸੀ! ਉਹਦੇ ਦਿਲ ‘ਚ ਐਨੀ ਕੜਵਾਹਟ ਕਿਉਂ ਭਰ ਗਈ ਸੀ? ਉਹ ਛੋਟੀ ਛੋਟੀ ਗੱਲ ਤੋਂ ਬੇਮਤਲਬ ਹੀ ਲੜ ਪੈਂਦਾ। ਕਦੇ ਪੈਸਿਆਂ ਪਿੱਛੇ ਤੇ ਕਦੇ ਕਿਸੇ ਕੰਮ ਪਿੱਛੇ ਉਹ ਖਰੀਆਂ-ਖੋਟੀਆਂ ਸੁਣਾ ਕੇ ਚਲਿਆ ਜਾਂਦਾ। ਉਹਨੂੰ ਇਹ ਵੀ ਪਤਾ ਸੀ ਕਿ ਇਹ ਨਿਮਾਣੀ ਦਮੇ ਦੀ ਮਰੀਜ਼ ਹੈ। ਜ਼ਿਆਦਾ ਰੋ ਲਈ ਤਾਂ ਸਾਹ ਨੀ ਆਉਣਾ ਇਹਨੂੰ। ਪਰ ਹੁਣ ਉਹ ਪਰਵਾਹ ਹੀ ਨਹੀਂ ਕਰਦਾ ਸੀ। ਸਗੋਂ ‘ਮਗਰੋਂ ਲਹਿ’ ਵੀ ਕਹਿ ਛੱਡਦਾ ਸੀ। ਉਹ ਸੋਚਦੀ ਰਹਿੰਦੀ ਕਿ ਕਿੱਥੇ ਕਮੀ ਰਹਿ ਗਈ ਹੈ? ਪਰ ਉਹ ਮੁੜ ਫ਼ੋਨ ਵੀ ਨਾ ਕਰਦਾ। ਕਦੇ ਕਦੇ ਵਾਪਸ ਆ ਕੇ ਵੀ ਨਾ ਬੁਲਾਉਂਦਾ ਤੇ ਬੱਸ ਸ਼ਰਾਬ ਪੀ ਕੇ ਸੌ ਜਾਂਦਾ।
ਉਹ ਸੋਚਦੀ ਕਿ ਉਹਨੇ ਕਦੇ ਕੁੱਝ ਨਹੀਂ ਲੁਕਾਇਆ ਸੀ। ਕਦੇ ਆਪ ਆਪਣੇ ਤੇ ਪੈਸੇ ਖ਼ਰਚੇ ਹੀ ਨਹੀਂ । ਆਪਣੇ ਲਈ ਹਮੇਸ਼ਾਂ ਕੰਜੂਸੀ ਕਰਦੀ ਰਹੀ ਸੀ। ਬੇਸ਼ੱਕ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੁੰਦੀ ਸੀ ਪਰ ਫ਼ੇਰ ਵੀ ਆਪਣੇ ਲਈ ਉਹ ਦਿਲ ਨਹੀਂ ਖੋਲਦੀ ਸੀ।
ਅੱਜ ਉਹਦੇ ਵਿਆਹ ਨੂੰ ਬਾਰਾਂ ਸਾਲ ਹੋ ਗਏ ਸਨ। ਤੇ ਅੱਜ ਪਹਿਲੀ ਵਾਰ ਉਹਨੂੰ ਅਹਿਸਾਸ ਹੋਇਆ ਕਿ ਕਿੰਨੀ ਗ਼ਲਤ ਸੀ ਉਹ। ਜਿਸ ਪਤੀ ਨੂੰ, ਘਰ ਨੂੰ, ਉਹਦੀਆਂ ਗੱਡੀਆਂ ਨੂੰ ਉਹ ਆਪਣਾ ਹੀ ਸਮਝਦੀ ਸੀ ਉਹਦੇ ਵਿੱਚ ਓਹਦਾ ਤਾਂ ਕੁੱਝ ਸੀ ਹੀ ਨਹੀਂ। ਪਤੀ ਨੇ ਕਿੰਨੀ ਬੇਦਿਲੀ ਨਾਲ਼ ਮਿੰਟਾਂ-ਸਕਿੰਟਾਂ ਵਿੱਚ ਉਹਨੂੰ ਮਤਲਬੀ, ਬੇਈਮਾਨ, ਪੈਸੇ ਲੁਕੋਣ ਵਾਲ਼ੀ, ਲੁੱਟ ਕੇ ਖਾ ਗਈ ਆਦਿ ਸਾਬਤ ਕਰ ਦਿੱਤਾ। ਅੱਜ ਪਹਿਲੀ ਵਾਰ ਉਹ ਧੁਰ ਅੰਦਰ ਤੱਕ ਹਿੱਲ ਗਈ ਸੀ।
ਮਸੋਸੇ ਜਿਹੇ ਮਨ ਨਾਲ਼ ਘਰੋਂ ਬਾਹਰ ਨਿਕਲੀ਼ ਤਾਂ ਸਕੂਟਰ ਸਟਾਰਟ ਹੀ ਨਾ ਹੋਇਆ, ਬਹੁਤ ਕੋਸ਼ਿਸ਼ ਕੀਤੀ ਪਰ ਉਹ ਵੀ ਅੱਜ ਜ਼ਿੱਦ ‘ਤੇ ਸੀ। ਆਖ਼ਿਰ ਸਕੂਟਰ ਘੜੀਸ ਕੇ ਦੂਰ ਤੱਕ ਲੈ ਗਈ। ਅੰਦਰ ਅੱਗ ਜੁ ਲੱਗੀ ਸੀ, ਕਹਿਰ ਦੀ। ਪਰ ਸਕੂਟਰ ਸਟਾਰਟ ਨਾ ਹੋਇਆ ਤੇ ਫੇਰ ਘੜੀਸ ਕੇ ਘਰ ਲਿਆ ਖੜਾ ਕੀਤਾ। ਫ਼ੇਰ ਪੈਦਲ ਹੀ ਨਿਕਲ਼ ਤੁਰੀ। ਪਤਾ ਨਾ ਲੱਗੇ ਕਿ ਕਿੱਧਰ ਜਾ ਰਹੀ ਹੈ। ਕਦੇ ਕਿਸੇ ਗੱਡੀ ਮੂਹਰੇ ਆ ਜਾਂਦੀ ਤਾਂ ਅਗਲਾ ਅੱਗੋਂ ਟੁੱਟ ਕੇ ਪੈਂਦਾ ਕਿ ਕਿਤੇ ਹੋਰ ਜਾ ਕੇ ਮਰ। ਮੇਰੀ ਗੱਡੀ ਮੂਹਰੇ ਆ ਕੇ ਈ ਮਰਨਾ ਏ? ਉਹਨੂੰ ਧਿਆਨ ਆਉਂਦਾ ਤਾਂ ਸੁਚੇਤ ਹੋ ਕੇ ਤੁਰਨ ਲੱਗਦੀ। ਅੱਖਾਂ ‘ਚੋਂ ਆਪ ਮੁਹਾਰੇ ਹੀ ਹੰਝੂ ਵੱਗੀ ਜਾ ਰਹੇ ਸਨ।
ਫ਼ੇਰ ਮਸਾਂ ਮਸਾਂ ਉਹਨੇ ਆਪਣੇ ਆਪ ਨੂੰ ਸੰਭਾਲਿ਼ਆ ਤੇ ਮੂੰਹ ਸਾਫ਼ ਕਰਕੇ ਮੰਜ਼ਿਲ ਵੱਲ ਤੁਰ ਪਈ। ਆਪਣੀ ਜ਼ਿੰਦਗੀ ਭਰ ਦੀ ਕਮਾਈ ਅੱਜ ਲੁੱਟ ਗਈ ਲਗਦੀ ਸੀ। ਇੰਝ ਲੱਗਿਆ ਕਿ …..
ਬੇਮਤਲਬ ਹੀ ਭਟਕਤੇ ਰਹੇ ,
ਸਾਰੀ ਉਮਰ ਮੰਜ਼ਿਲ ਕੀ ਤਲਾਸ਼ ਮੇਂ।
ਮੰਜ਼ਿਲ ਮਿਲ਼ੀ ਤੋਂ ਪਤਾ ਚਲਾ ਕਿ
ਕਿ ਮਰ ਗਏ ਥੇ ਹਮ ਪਿਆਸ ਮੇਂ।
ਦਰਦ ਭਾਵੇਂ ਧੁਰ ਅੰਦਰ ਤੱਕ ਸੀ ਪਰ ਫੇਰ ਵੀ ਉਹਦੇ ਕਦਮ ਅੱਗੇ ਵੱਧਣ ਲਈ ਨਿਰੰਤਰ ਚੱਲਣ ਲੱਗ ਪਏ ਸਨ। ਉਹਨੂੰ ਲਗਿਆ ਕਿ ਚੱਲਣਾ ਜ਼ਰੂਰੀ ਹੈ ਭਾਵੇ ਮੁਰਦਾ ਹੋ ਕੇ ਹੀ ਚੱਲਣਾ ਪਵੇ। ਤੇ ਉਹ ਫ਼ੇਰ ਤੁਰ ਪਈ।
ਮਨਜੀਤ ਕੌਰ ਲੁਧਿਆਣਵੀ
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly