(ਸਮਾਜ ਵੀਕਲੀ) ਉਦਾਸੀ ਇਨਸਾਨ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ, ਉਦਾਸ ਅਤੇ ਮਾਨਸਿਕ ਰੋਗ ਦਾ ਸ਼ਿਕਾਰ ਇਨਸਾਨ ਚੰਗੀ ਤਰ੍ਹਾਂ ਆਪਣੀ ਜ਼ਿੰਦਗੀ ਨਹੀਂ ਜੀਅ ਸਕਦਾ। ਉਹ ਦਿਨੋਂ ਦਿਨ ਅੰਦਰੋਂ ਹੀ ਅੰਦਰ ਮਰਦਾ ਰਹਿੰਦਾ ਹੈ, ਉਸਦਾ ਕਿਸੇ ਵੀ ਕੰਮ ਵਿੱਚ ਦਿਲ ਨਹੀਂ ਲੱਗਦਾ, ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਖਿੱਝਦਾ ਰਹਿੰਦਾ ਹੈ। ਅਜਿਹੇ ਸਮੇਂ ਵਿੱਚ ਉਸ ਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ। ਸਹਾਰਾ ਹੀ ਉਸਨੂੰ ਨੂੰ ਵਧੀਆਂ ਜ਼ਿੰਦਗੀ ਦੇ ਸਕਦਾ ਹੈ। ਉਦਾਸੀ ਤੇ ਮਾਨਸਿਕ ਰੋਗਾਂ ਤੋਂ ਬਚਣ ਲਈ ਕੀ ਕੁੱਝ ਕਰਨ ਦੀ ਲੋੜ ਹੈ। ਆਓ ਉਹਨਾਂ ਬਾਰੇ ਵਿਸਥਾਰ ਪੂਰਵਕ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਕੰਮ ਆਪਣੇ ਆਪ ਨੂੰ ਕਦੇ ਵੀ ਵਿਹਲਾ ਨਾ ਰੱਖੋ, ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖੋ, ਭਾਵੇਂ ਉਸਦੇ ਲਈ ਤੂਹਾਨੂੰ ਕੋਈ ਭੱਤਾ ਮਿਲੇ ਜਾ ਨਾਂਹ। ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਵਿਹਲਾ ਮਨ ਤੂਹਾਨੂੰ ਉਲਝਾ ਦੇਵੇਗਾ ਅਤੇ ਤੁਹਾਨੂੰ ਸਮਝ ਨਹੀਂ ਆਵੇਗਾ ਕਿ ਕੀ ਤੁਹਾਡੇ ਲਈ ਸਹੀ ਹੈ ਕੀ ਤੁਹਾਡੇ ਲਈ ਗਲਤ ਹੈ। ਦੂਜਾ ਕੰਮ ਇਹ ਕਰੋ ਜੇਕਰ ਤੂਹਾਨੂੰ ਕੋਈ ਵੀ ਕੰਮ ਨਹੀਂ ਹੈ ਤਾਂ ਆਪਣੇ ਘਰ ਦੇ ਅੰਦਰ ਛੋਟੀਆਂ ਛੋਟੀਆਂ ਖਰਾਬ ਹੋਈਆਂ ਚੀਜ਼ਾਂ ਨੂੰ ਸਹੀ ਕਰਨਾ ਸ਼ੁਰੂ ਕਰ ਦੇਵੋ, ਘਰ ਅੰਦਰ ਦੇਖੋ ਕਿ ਕਿਹੜੀ ਚੀਜ਼ ਚਿਰਾਂ ਤੋਂ ਖਰਾਬ ਪਈ ਹੈ, ਉਸਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ। ਤੀਜਾ ਕੰਮ ਇਹ ਕਰ ਸਕਦੇ ਹੋ ਕਿਤਾਬਾਂ ਪੜ੍ਹੋ, ਕਿਤਾਬਾਂ ਪੜ੍ਹਨ ਨਾਲ ਤੁਹਾਡਾ ਦਿਮਾਗ ਸਹੀ ਸੋਚਣਾ ਸ਼ੁਰੂ ਕਰ ਦੇਵੇਗਾ ਅਤੇ ਕਿਤਾਬਾਂ ਉਦਾਸੀ ਵਿੱਚੋਂ ਨਿਕਲਣ ਲਈ ਤੂਹਾਨੂੰ ਰਸਤੇ ਦਿਖਾਉਣਗੀਆਂ। ਆਪਣੇ ਸਭ ਤੋਂ ਕਰੀਬੀ ਦੋਸਤਾਂ ਨੂੰ ਮਿਲੋ ਉਹਨਾਂ ਨਾਲ ਆਪਣੀ ਪ੍ਰੇਸ਼ਾਨੀ ਬਾਰੇ ਖੁੱਲ ਕੇ ਗੱਲ ਕਰੋ। ਤੁਹਾਡੇ ਦੋਸਤ ਤੂਹਾਨੂੰ ਉਦਾਸੀ ਵਿੱਚੋਂ ਨਿਕਲਣ ਲਈ ਕੋਈ ਨਾ ਕੋਈ ਰਾਹ ਜ਼ਰੂਰ ਦੱਸਣਗੇ। ਅਗਰ ਤੁਹਾਡੇ ਅੰਦਰ ਕੋਈ ਹੁਨਰ ਹੈ ਤਾਂ ਉਸ ਹੁਨਰ ਨੂੰ ਹੋਰ ਨਿਖਾਰਨ ਲਈ ਮਿਹਨਤ ਕਰੋ। ਆਪਣੇ ਹੁਨਰ ਬਾਰੇ ਹੋਰ ਲੋਕਾਂ ਨੂੰ ਦੱਸੋ, ਭਾਵੇਂ ਇਹ ਸਭ ਤੂਹਾਨੂੰ ਮੁਫ਼ਤ ‘ਚ ਹੀ ਕਰਨਾ ਪਵੇ। ਤੂਹਾਨੂੰ ਲੋਕਾਂ ਨੂੰ ਮੁਫ਼ਤ ਵਿੱਚ ਸਿਖਾ ਕੇ ਅੰਦਰੂਨੀ ਖੁਸ਼ੀ ਮਿਲੇਗੀ, ਇਹ ਖੁਸ਼ੀ ਤੁਹਾਡੇ ਲਈ ਊਰਜਾ ਦਾ ਕੰਮ ਕਰੇਗੀ ਅਤੇ ਤੁਹਾਡੀ ਜ਼ਿੰਦਗੀ ਅੱਗੇ ਨਾਲੋਂ ਬਿਹਤਰ ਹੋਣ ਲੱਗੇਗੀ। ਉਦਾਸੀ ਤੋਂ ਬਚਣ ਲਈ ਸਭ ਤੋਂ ਵਧੀਆਂ ਨੁਕਤਾ ਤਾਂ ਇਹ ਹੈ ਕਿ ਕਦੇ ਵੀ ਆਪਣੇ ਆਪ ਨੂੰ ਵਿਹਲਾ ਨਾ ਰੱਖੋ, ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਵਿਅਸਤ ਰੱਖੋ। ਸੋ ਇਹਨਾਂ ਗੱਲਾਂ ਤੇ ਤੁਸੀਂ ਅਮਲ ਕਰਕੇ ਆਪਣੇ ਆਪ ਨੂੰ ਉਦਾਸੀ ਦੇ ਪਲਾਂ ਤੋਂ ਆਜ਼ਾਦ ਕਰ ਸਕਦੇ ਹੋ।
ਬਲਜੀਤ ਸਿੰਘ ਕਚੂਰਾ
ਮਮਦੋਟ, ਜਿਲ੍ਹਾ: ਫਿਰੋਜਪੁਰ।
ਮੋ. ਨੰ. 9465405597
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



