(ਸਮਾਜ ਵੀਕਲੀ)
ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨ ਕੁੜੀਆਂ ਨੂੰ ਅਕਸਰ ਕਸਰ ਹੋਣੀ ,ਉਨ੍ਹਾਂ ਵਿਚ ਭੂਤਾਂ ਪ੍ਰੇਤਾਂ ਦਾ ਵਾਸਾ ਹੋਣਾ ਆਮ ਗੱਲ ਹੈ। ਬਜ਼ੁਰਗਾਂ ਤੋਂ ਸੁਣੀਆਂ ਸੁਣਾਈਆਂ ਗੱਲਾਂ ਉਤੇ ਅਗਲੀ ਪੀੜ੍ਹੀ ਵਿਸ਼ਵਾਸ ਕਰ ਲੈਂਦੀ ਹੈ,ਜਿਸ ਕਾਰਨ ਕਮਜ਼ੋਰ ਮਾਨਸਿਕਤਾ ਅਤੇ ਅੰਧ-ਵਿਸ਼ਵਾਸੀ ਪਰਿਵਾਰਾਂ ਵਾਲੀਆਂ ਕੁੜੀਆਂ , ਮੁੰਡੇ ਓਪਰੀ ਸ਼ੈਅ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਸਾਲ ਪਹਿਲਾਂ ਸਾਡੀ ਇਕ ਗੁਆਂਢਣ ਮੇਰੇ ਕੋਲ ਆ ਕੇ ਕਹਿਣ ਲੱਗੀ ਕਿ ਉਨ੍ਹਾਂ ਦੀ ਭਤੀਜੀ ਓਪਰੀ ਸ਼ੈਅ ਦਾ ਸ਼ਿਕਾਰ ਹੋ ਗੲੀ ਹੈ।ਹਰ ਸਮੇਂ ਡਰੀ ਰਹਿੰਦੀ ਹੈ।
ਵੱਖ-ਵੱਖ ਅਵਾਜ਼ਾਂ ਕੱਢਦੀ ਹੈ। ਸਾਰੀ ਗੱਲ ਸੁਣਨ ਤੋਂ ਬਾਅਦ ਮੈਂ ਉਸ ਨੂੰ ਤਰਕਸ਼ੀਲ ਸੁਸਾਇਟੀ ਕੋਲ ਲਿਆਉਣ ਲਈ ਕਿਹਾ ਤਾਂ ਜੋ ਮਾਪਿਆਂ ਨੂੰ ਇਲਾਜ ਲਈ ਸਹੀ ਸਲਾਹ ਦਿੱਤੀ ਜਾ ਸਕੇ। ਅਗਲੇ ਦਿਨ ਗੁਆਂਢਣ ਕੁੜੀ ,ਉਸ ਦੇ ਮਾਪਿਆਂ ਤੇ ਮੇਰੇ ਇਕ ਦੋਸਤ ਨੂੰ ਨਾਲ ਲੈ ਕੇ ਸਾਡੇ ਕੋਲ ਪਹੁੰਚ ਗੲੀ। ਕੁੜੀ ਦੀ ਹਾਲਤ ਤਰਸਯੋਗ ਸੀ,ਉਸ ਨੂੰ ਫੜ ਕੇ ਉਸ ਦੇ ਮਾਪੇ ਲਿਆਏ, ਕੁੜੀ ਆਪਣੇ ਆਪ ਤੁਰਨ ਤੋਂ ਵੀ ਅਸਮਰਥ ਸੀ,ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ ।
ਮੇਰੇ ਸਮੇਤ ਜਗਦੀਸ਼,ਗੁਰਮੇਲ ਸਿੰਘ ਆਧਾਰਿਤ ਤਰਕਸ਼ੀਲ ਟੀਮ ਨੇ ਵਿਗਿਆਨਕ, ਮਨੋਵਿਗਿਆਨਕ ਪੱਖ ਤੋਂ ਕੁੜੀ ਦੀ ਮਾਨਸਿਕ ਹਾਲਤ ਦੀ ਪਰਖ਼ ਕਰਨੀ ਸ਼ੁਰੂ ਕਰ ਦਿੱਤੀ। ਕੁੜੀ ਨੂੰ ਹੌਂਸਲਾ ਦਿਤਾ ਤੇ ਕਿਹਾ ਕਿ ਤੂੰ ਹੁਣ ਸਾਡੇ ਕੋਲ ਆ ਗੲੀ ਹੈ, ਡਰਨ ਦੀ ਲੋੜ ਨਹੀਂ, ਸਾਡੇ ਹੁੰਦੇ ਭੂਤ ਪ੍ਰੇਤ ਤੈਨੂੰ ਕੁਝ ਨਹੀਂ ਕਹਿ ਸਕਦੇ।ਉਸ ਨੂੰ ਬਹੁਤ ਹੀ ਹਲੀਮੀ ,ਅਪਣਤ ,ਪਿਆਰ ਦਲੇਰੀ ਭਰਪੂਰ ਮਹੌਲ ਬਣਾਉਂਦਿਆਂ ,ਬਹੁਤ ਸਾਰੇ ਹੌਂਸਲਾ ਵਧਾਊ ਸਾਰਥਕ ਸੁਝਾਅ ਦਿੱਤੇ ਗਏ।
ਉਸ ਨੂੰ ਵਿਸ਼ਵਾਸ ਵਿੱਚ ਲੈ ਕੇ ਉਸ ਨਾਲ ਬੀਤੀ ਘਟਨਾ ਬਾਰੇ ਪੁੱਛਿਆ ਗਿਆ।ਡਰ ਤੇ ਘਬਰਾਹਟ ਘਟਣ ਤੋਂ ਬਾਅਦ ਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਉਹ ਆਪਣੀ ਦਾਦੀ , ਮਾਂ ਅਤੇ ਹੋਰ ਆਂਢ ਗੁਆਂਢ ਤੋਂ ਓਪਰੀਆਂ ਸ਼ੈਆਂ ਅਤੇ ਭੂਤਾਂ ਪ੍ਰੇਤਾਂ ਬਾਰੇ ਸੁਣਦੀ ਰਹਿੰਦੀ ਸੀ।ਇਹ ਵੀ ਸੁਣਨ ਨੂੰ ਮਿਲਿਆ ਸੀ ਕਿ ਜੇ ਮਿੱਠਾ ਖਾ ਕੇ ਸਿਖਰ ਦੁਪਹਿਰ ਜੇ ਨੌਜਵਾਨ ਕੁੜੀ ਜਾਂ ਮੁੰਡਾ ਘਰੋਂ ਬਾਹਰ ਨਿਕਲੇ ਤਾਂ ਉਸਨੂੰ ਭੂਤ ਪ੍ਰੇਤ ਚਿੰਬੜ ਜਾਂਦੇ ਹਨ।ਇਕ ਦਿਨ ਜਦ ਉਹ ਦੁਪਹਿਰ ਸਮੇਂ ਆਪ ਘਰੋਂ ਖੀਰ ਖਾ ਕੇ ਆਪਣੇ ਖੇਤ ਬਾਪੂ ਤੇ ਕਾਮੇ ਦੀ ਰੋਟੀ ਲੈਣ ਕੇ ਗੲੀ ਤਾਂ ਗਰਮੀ ਤੇ ਡਰ ਨਾਲ ਕੁਝ ਘਬਰਾਹਟ ਹੋਣ ਲੱਗ ਪਈ ਤੇ ਆਉਂਦੇ ਆਉਂਦੇ ਘਬਰਾਹਟ ਇੰਨੀ ਵੱਧ ਗਈ ਕਿ ਉਹ ਬੇਹੋਸ਼ ਹੋ ਕੇ ਡਿੱਗ ਪਈ।
ਘਰ ਦਾ ਮਹੌਲ ਅੰਧ-ਵਿਸ਼ਵਾਸੀ ਹੋਣ ਕਰਕੇ ਇਸ ਨੂੰ ਓਪਰੀ ਕਸਰ ਨਾਲ ਜੋੜ ਲਿਆ। ਅੰਧ-ਵਿਸ਼ਵਾਸੀ ਪਰਿਵਾਰ ਨੇ ਉਸਦਾ ਇਲਾਜ ਡਾਕਟਰਾਂ ਦੀ ਥਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਰਾਹੀਂ ਕਰਵਾਉਣਾ ਸ਼ੁਰੁ ਕਰ ਦਿੱਤਾ।ਪਹਿਲੇ ਅਖੌਤੀ ਸਿਆਣੇ ਦਸਿਆ ਕਿ ਕੁੜੀ ਨੂੰ ਗੁਆਂਢ ਵਿੱਚੋਂ ਕਿਸੇ ਔਰਤ ਦੀ ਕਸਰ ਹੋ ਗੲੀ ਹੈ।ਇਸ ਕਾਰਨ ਕੁੜੀ ਹੋਰ ਜ਼ਿਆਦਾ ਘਬਰਾ ਗੲੀ ਅਤੇ ਉਸਨੇ ਸਿਰ ਘੁਮਾਉਣਾ ਸ਼ੁਰੂ ਕਰ ਦਿੱਤਾ।ਉਹ ਆਵਾਜ਼ ਬਦਲ ਕੇ ਗੱਲਾਂ ਕਰਨ ਲੱਗ ਪਈ। ਪਹਿਲੇ ਅਖੌਤੀ ਸਿਆਣੇ ਕੋਲੋਂ ਲੁੱਟ ਕਰਵਾਉਣ ਤੋਂ ਬਾਅਦ ,ਉਹ ਕੁੜੀ ਨੂੰ ਕਿਸੇ ਦੂਸਰੇ ‘ਸਿਆਣੇ’ ਕੋਲ ਲੈ ਗੲੇ ।
ਦੂਜੇ ਨੇ ਕਿਹਾ ਇਸ ਨੂੰ ਇੱਕ ਨਹੀਂ ਦੋ ਔਰਤਾਂ ਦੀ ਕਸਰ। ਦੂਜੇ ਤੋਂ ਠੀਕ ਨਾ ਹੋਣ ਤੇ ਤੀਸਰੇ ਅਖੌਤੀ ਸਿਆਣੇ ਕੋਲ ਗੲੇ, ਉਸਨੇ ਕਿਹਾ ਕੁੜੀ ਨੂੰ ਦੋ ਔਰਤਾਂ ਤੇ ਇੱਕ ਆਦਮੀ ਦੀ ਕਸਰ ਹੈ। ਸਿਆਣਿਆਂ ਦੀ ਗਿਣਤੀ ਵੱਧਣ ਨਾਲ ਕੁੜੀ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ।ਹੁਣ ਕੁੜੀ ਸਿਰ ਘਮਾਉਣ ਦੇ ਨਾਲ ਨਾਲ ਔਰਤਾਂ ਤੇ ਆਦਮੀਆਂ ਦੀ ਆਵਾਜ਼ ਵੀ ਕੱਢਣ ਲੱਗ ਪਈ ਸੀ। ਨੀਂਦ ਤੇ ਭੁਖ ਘਟ ਗਈ। ਜਿਹੜੇ ਵੀ ਕਿਸੇ ਅਖੌਤੀ ਸਿਆਣੇ ਦਾ ਪਤਾ ਲਗਦਾ ਕੁੜੀ ਦੇ ਘਰ ਵਾਲੇ ਉਸਨੂੰ ਉੱਥੇ ਹੀ ਲੈ ਕੇ ਜਾਂਦੇ। ਕੁੜੀ ਤੇ ਅੰਨਾਂ ਤਸ਼ੱਦਦ ਕੀਤਾ ਗਿਆ ਕਿਸੇ ਨੇ ਵਾਲ ਖਿਚੇ, ਕਿਸੇ ਨੇ ਗਰਮ ਚਿਮਟੇ ਮਾਰੇ।
ਤਰਕਸ਼ੀਲਾਂ ਕੋਲ ਆਉਣ ਸਮੇਂ ਕੁੜੀ ਦੀਆਂ ਲੱਤਾਂ , ਬਾਂਹਾਂ ਤੇ ਢੂੰਈ ਤੇ ਕੁੱਟ ਦੇ ਨਿਸ਼ਾਨ ਸਨ।ਘਰ ਦੇ ੲਿਸ ਸਮੇਂ ਲੱਖਾਂ ਰੁਪਏ ਲੁੱਟਾ ਚੁੱਕੇ ਸਨ। ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਸੀ।ਘਰ ਵਾਲੇ ਇਸ ਸਮੇਂ ਪੂਰੇ ਦੁਖੀ ਸਨ। ਘਰਦਿਆਂ ਨਾਲ ਵੀ ਗੱਲ ਬਾਤ ਕੀਤੀ ਗਈ। ਉਨ੍ਹਾਂ ਨੂੰ ਹੌਂਸਲਾ ਦਿਤਾ ਗਿਆ ਕਿ ਘਬਰਾਉਣ ਦੀ ਲੋੜ ਨਹੀਂ। ਕੁੜੀ ਨਾਲ ਦੁਬਾਰਾ ਗੱਲ ਕੀਤੀ ਗਈ, ਉਸ ਨੂੰ ਸਮਝਾਇਆ ਗਿਆ ਕਿ ਭੂਤ ਪਰੇਤ ਨਾਂ ਦੀ ਕੋਈ ਚੀਜ਼ ਨਹੀਂਹੈ ,ਸਿਰਫ ਇਨ੍ਹਾਂ ਦਾ ਡਰ ਹੈ ਜੋ ਦੂਜਿਆਂ ਦੀ ਗੱਲਾਂ ਬਾਤਾਂ ਰਾਹੀਂ ਸਾਡੇ ਅਚੇਤ ਮਨ ਵਿਚ ਬੈਠ ਜਾਂਦਾ ਹੈ।ਸੁਣੀ ਸੁਣਾਈ ਗੱਲ ਦਾ ਸਾਡੇ ਮਨ ਤੇ ਅਸਰ ਹੋ ਜਾਂਦਾ ਹੈ।
ਜਦ ਭੂਤਾਂ, ਪ੍ਰੇਤਾਂ, ਜੀਵਨ ,ਮੌਤ ਦੀ ਵਿਗਿਆਨਕ ਵਿਆਖਿਆ ਕੀਤੀ ਤਾਂ ਉਹ ਸਾਡੇ ਪ੍ਰਭਾਵ ਵਿੱਚ ਆ ਗੲੀ। ਉਸਨੂੰ ਹੋਰ ਬਹੁਤ ਸਾਰੇ ਸਾਰਥਕ, ਉਸਾਰੂ ਤੇ ਹੌਂਸਲਾ ਵਧਾਊ ਸੁਝਾਅ ਦਿੱਤੇ ਗਏ ਤੇ ਉਸ ‘ਤੇ ਸਾਡੇ ਸੁਝਾਵਾਂ ਦਾ ਪੂਰਾ ਅਸਰ ਹੋਇਆ। ਕੁੜੀ ਹੁਣ ਭੂਤਾਂ ਪ੍ਰੇਤਾਂ ਦੇ ਡਰ ਤੋਂ ਮੁਕਤ ਹੋ ਚੁੱਕੀ ਸੀ।ਉਸਦੇ ਚਿਹਰੇ ਦਾ ਖਿੜਾਅ ਉਸਦੀ ਤੰਦਰੁਸਤੀ ਦਰਸਾ ਰਿਹਾ ਸੀ। ਹਫਤੇ ਬਾਅਦ ਘਰਦਿਆਂ ਤੋਂ ਜਾਣਕਾਰੀ ਮਿਲੀ ਕਿ ਕੁੜੀ ਹੁਣ ਬਿਲਕੁਲ ਠੀਕ ਹੈ,ਘਰ ਦਾ ਸਾਰਾ ਕੰਮ ਕਰਦੀ ਹੈ। ਕੁਝ ਮਹੀਨਿਆਂ ਬਾਅਦ ਉਸਦਾ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਉਹ ਆਪਣੇ ਜੀਵਨ ਸਾਥੀ ਨੂੰ ਲੈ ਕੇ ਸਾਡੇ ਕੋਲ ਆਈ ਤੇ ਬਹੁਤ ਸਾਰੀਆਂ ਵਿਗਿਆਨਕ ਵਿਚਾਰਾਂ ਵਾਲੀਆਂ ਕਿਤਾਬਾਂ ਲੈ ਕੇ ਗੲੀ।
ਮਾਸਟਰ ਪਰਮ ਵੇਦ
ਏ-86 ਅਫਸਰ ਕਲੋਨੀ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly