ਫ਼ਿਰੋਜ਼ਪੁਰ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਨਜ਼ਦੀਕ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦੇ ਕਾਫ਼ਲੇ ਨੂੰ ਰੋਕਣ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਨਵੀਂ ਦਿੱਲੀ ਤੋਂ ਆਈ ਤਿੰਨ ਮੈਂਬਰੀ ਜਾਂਚ ਕਮੇਟੀ ਅੱਜ ਪਿੰਡ ਪਿਆਰੇਆਣਾ ਨਜ਼ਦੀਕ ਉਸ ਫ਼ਲਾਈਓਵਰ ’ਤੇ ਗਈ ਜਿੱਥੇ ਪ੍ਰਧਾਨ ਮੰਤਰੀ ਦੇ ਕਾਫ਼ਲੇ 15 ਤੋਂ 20 ਮਿੰਟ ਲਈ ਰੋਕਿਆ ਗਿਆ ਸੀ। ਜਾਂਚ ਕਮੇਟੀ ਦੀ ਅਗਵਾਈ ਕੇਂਦਰੀ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਕਰ ਰਹੇ ਸਨ। ਉਨ੍ਹਾਂ ਨਾਲ ਇੰਟੈਲੀਜੈਂਸ ਬਿਓਰੋ ਦੇ ਸੰਯੁਕਤ ਸਕੱਤਰ ਬਲਬੀਰ ਸਿੰਘ ਅਤੇ ਆਈਜੀ(ਐੱਸਪੀਜੀ) ਐਸ. ਸੁਰੇਸ਼ ਮੌਜੂਦ ਸਨ। ਜਾਂਚ ਕਮੇਟੀ ਕਰੀਬ ਇੱਕ ਘੰਟਾ ਫਲਾਈਓਵਰ ’ਤੇ ਰੁਕੀ। ਸਥਾਨਕ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਜਾਂਚ ਟੀਮ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਕੁਝ ਪ੍ਰਦਰਸ਼ਨਕਾਰੀ ਅਚਾਨਕ ਸੜਕ ’ਤੇ ਆ ਗਏ ਸਨ, ਜਿਸ ਕਰਕੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਅੱਗੇ ਨਹੀਂ ਵਧ ਸਕਿਆ। ਜਾਂਚ ਅਧਿਕਾਰੀਆਂ ਦੀ ਟੀਮ ਹੁਣ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਬਿਆਨ ਦਰਜ ਕਰੇਗੀ। ਖ਼ਾਸ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਸਕੱਤਰ ਬਲਦੇਵ ਸਿੰਘ ਜ਼ੀਰਾ ਦੇ ਬਿਆਨ ਲਏ ਜਾਣਗੇ, ਜੋ ਇਥੇ ਕਿਸਾਨਾਂ ਦੀ ਅਗਵਾਈ ਕਰ ਰਹੇ ਸਨ। ਜਾਂਚ ਟੀਮ ਦੇ ਅਧਿਕਾਰੀਆਂ ਨੇ ਅੱਜ ਕੀਤੀ ਪੜਤਾਲ ਤੋਂ ਬਾਅਦ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਉਧਰ ਸਥਾਨਕ ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਅਜੇ ਚੁੱਪੀ ਵੱਟੀ ਹੋਈ ਹੈ। ਉਧਰ ਦੂਜੇ ਪਾਸੇ ਥਾਣਾ ਕੁਲਗੜੀ ਵਿੱਚ ਕੁਝ ਅਣਪਛਾਤੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਆਈਪੀਸੀ ਦੀ ਧਾਰਾ 283 (ਨੈਸ਼ਨਲ ਹਾਈਵੇਅ ਜਾਮ ਕਰਨਾ) ਤਹਿਤ ਇੰਸਪੈਕਟਰ ਬੀਰਬਲ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ਕਾਨੂੰਨੀ ਮਾਹਿਰਾਂ ਮੁਤਾਬਿਕ ਇਹ ਮੁਕੱਦਮਾ ਦਰਜ ਕਰਕੇ ਮਹਿਜ਼ ਖਾਨਾਪੂਰਤੀ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly