(ਸਮਾਜ ਵੀਕਲੀ)
ਜਿੱਥੇ ਪਰਾ-ਅਧੀਨਤਾ ਦੀ ਬੋਲੀ,
ਕਾਬੂ ਬੋਲੀ ਵਿੱਚ ਲਿਆ ਕੇ,
ਰਟਾ ਕੇ,
ਦੋਸ਼ੀ / ਅਦੋਸ਼ੀ ਨੂੰ,
ਪ੍ਰਵੇਸ਼ ਦੇ ਸ਼ਬਦ ਉਸਨੂੰ ਹੁਕਮ ਦਿੰਦੇ ਪਰਗਟ ਹੋ ਜਾਂਦੇ ਹਨ,
ਜਿੱਥੇ ਆਤਮਾ ਨੂੰ ਪੂਰਾ ਸੁੰਗੜਨਾਂ ਸ਼ੁਰੂ ਹੋਣਾ,
ਜਿੱਥੇ ਕਿਸੇ ਵੀ ਧਿਰ ਨਾਲ,
ਰਲਿਆ ਨਾ ਹੋਣਾ,
ਜਿੱਥੇ ਸ਼ਿਕਾਰ ਬਣਕੇ,
ਸੀਖਾਂ ਵਿੱਚ ਵੜ ਜਾਣਾ,
ਹਵਾਲਾਤੀ ਬਣਾ ਦੇਣਾ,
ਪਿਛਲਿਆਂ ਵੱਲੋਂ ਨੇਤਾਵਾਂ ਵੱਲ ਟੈਲੀਫੋਨ ਖੜ੍ਹਕ ਜਾਣਾ,
ਸ਼ਾਮ ਹਨੇਰੇ ਘਰ ਜਾਣ ਲਈ ਤਰਲੋਮੱਛੀ ਹੋਣ ਪੈਣਾ,
ਨਵੀਂ/ਮਾਨਵੀ ਅਮਾਨਵੀਂ,
ਜੜ੍ਹਾਂ ਦੀਆਂ ਸਤੱਹਾਂ ਦੇ ਖਾਤਮੇਂ ਵਿੱਚ,
ਡੂੰਘਾ ਲਹਿ ਕੇ,
ਤਕੜੇ ਵੱਡੇ ਮੁਰਲੀ ਮੰਗਤਿਆਂ ਨੂੰ,
ਪੂਰੀਆਂ ਰਿਆਇਤਾਂ ਦੇ ਕੇ,
ਬਾਕੀ ਸਭ ਦੋਸ਼ੀਆਂ/ਅਦੋਸ਼ੀਆਂ ਦੇ,
ਗੁਪਤ ਅੰਗਾਂ ਵਿੱਚ ਕਲੀ ਤੂੜੀ ਜਾਂਦੀ,
ਪੀਸੀਆਂ ਮਿਰਚਾਂ ਭਰਨੀਆਂ
ਘੋਟਣੇ ਖਰੂਦ ਕਰਨ ਲੱਗਣ,
ਹੀਟਰ ਉੱਤੇ ਪਿਸ਼ਾਬ ਦਾ ਚੱਲਣ,
ਗਿੱਦੜ-ਫਾਹੀ ਵਿੱਚ ਜਕੜ ਲਿਆ ਜਾਵੇ,
ਮੱਥੇ ਤੇ ਨੰਗਾ ਰਿਵਾਲਵਰ,
ਨੰਗਾ ਰੋਮਾਂਸ ਕਰਨ ਲੱਗੇ,
ਦੇਰ ਸ਼ਾਮ,
ਸੱਭ ਮੁਹਤਵਰਾਂ ਨੂੰ,
ਦੋਸ਼ੀ / ਅਦੋਸ਼ੀ ਤੋਂ ਕੁੱਝ ਭੇਤ ਕਢਵਾਉਣਾ ਹੈ,
ਸੱਚ ਬੁਲਵਾਉਣਾ ਹੈ !……
ਤਾਂ ਕਿ ਉਹ ਅਗਲੇ ਤਸ਼ੱਦਦ ਤੋ ਪਹਿਲਾਂ,
ਨਜ਼ਰਾਨੇ ਦਾ ਪ੍ਰਬੰਧ ਕਰ ਲਵੇ !
ਖਾਕੀ ਬਸਤਰ,
ਕਿਸੇ ਵੀ ਸ਼ਬਦ/ ਅਸ਼ਬਦ ਨਾਲ,
ਤਸ਼ੱਦਦ ਰੂਪੀ ਰੰਗਰਲੀਆਂ ਦੀ ਭਿਆਨਕਤਾ ਵਿੱਚ,
ਅਲਮਸਤ ਹੋ ਜਾਂਦੈ ! ..
ਗਰੋਹ ਮੰਤਰਾਲੇ ਪ੍ਰਤੀ,
ਖਾਕੀ ਵਰਦੀਆਂ ਵੱਲੋਂ ਕੀਤਾ ਗਿਆ ਅਭਿਆਸ,
ਦਿਆਨਤਦਾਰੀ ਵਿੱਚੋਂ ਕਾਮਯਾਬੀ ਬਟੋਰ ਜਾਂਦਾ,
ਇੱਥੇ ਗੈਰ- ਰਸਮੀਂ ਸਟੇਟ,
ਨਿੱਤ ਨਿੱਤ,
ਰੱਜਵੇਂ ਜਸ਼ਨ,ਵਧਦੇ ਰਹਿਣ,
ਦੀਆਂ ਹੋਰ ਗਸ਼ਤਾਂ ਕਰਵਾਉਂਦਾ,
ਹਰ ਘਟਨਾ ਦੁਰਘਟਨਾਂ ਦਾ ,
ਯੋਜਨਾਬੱਧ ਨਕਸ਼ਾ ਬਣਾਉਂਦਾ,
ਅਸਲ ਵਿੱਚ,
ਖਾਕੀ ਜਾਂ ਲਾਲ ਬੰਬਲਾਂ ਦੇ ਸਿਰ ਉੱਤੇ ਰੱਖੇ,
ਲੋਭਤਾ ਵਿੱਚ ਫਸੇ,
ਲਫ਼ਜ਼ਾਂ ਨੂੰ ਹੀ ਥਾਣਾ ਕਹਿੰਦੇ ਹਨ!
ਜਿੱਥੇ ਸਦਾ ਡਰਾਉਣ,ਧਮਕਾਉਣ ਹਰਾਉਣ ਲਈ,
ਹਥਿਆਰ -ਬੰਦ ਹਾਜ਼ਰ ਰਹਿੰਦੇ ਹਨ !
ਨਾ ਝੂਠ ਨੂੰ ਝੂਠ,
ਤੇ,
ਨਾ ਸੱਚ ਨੂੰ,
ਸੱਚ ਕਹਿੰਦੈ ਨੇ,
ਸੱਚ ਮੰਨੋ ਕਿ
ਇਸ ਕਿਰਮਚੀ / ਹਿਰਮਚੀ ,
ਸਰਕਾਰੀ ਕੋਠੇ ਨੂੰ,
ਥਾਣਾ ਥਾਣਾ ਤੇ ਕੇਵਲ ਥਾਣਾ ਹੀ,
ਲਿਖਦੇ ਦੱਸਦੇ ਕਹਿੰਦੇ ਨੇ !
ਸੁਖਦੇਵ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly