(ਸਮਾਜ ਵੀਕਲੀ)
ਵਿੱਚ ਬਾਜ਼ਾਰੀਂ ਲੱਭਦੀ,
ਮੈਂ ਖੁਸ਼ੀਆਂ ਫਿਰਦੀ।
ਜੌਹਰੀ ਮੈਨੂੰ ਪੁੱਛਦੇ ,
ਭਾਅ ਕਿਉਂ ਨਹੀਂ ਕਰਦੀ?
ਕੁੱਟ ਖਵਾਈਆਂ ਚੂਰੀਆਂ,
ਬਣਿਆ ਨਾ ਦਰਦੀ।
ਹੁਣ ਤਾਂ ਚਮੜਾ ਤਨ ‘ਤੇ,
ਭਾਅ ਤਾਂ ਨਾ ਕਰਦੀ।
ਜੌਹਰੀ ਆਖੇ ਬੋਲ ਤੂੰ,
ਤੱਕੜੀ ਤੋਲ ਨਾ ਮਰਦੀ।
ਤੱਕ ਕੇ ਸੂਰਤ ਜੌਹਰੀ ਦੀ
ਮੈਂ ਵੀ ਦਿਲ ਹਰ ਗਈ।
ਫੜ੍ਹਕੇ ਹੱਥ ਮੈਂ ਜੌਹਰੀ ਦਾ,
ਘਰ ਖ਼ੁਦਾ ਦੇ ਵੜ ਗਈ।
ਖ਼ੁਦਾ ਨੇ ਅੱਖਾਂ ਖੋਲ੍ਹੀਆਂ,
ਮੈਂ ਅੰਦਰ ਤੱਕ ਠਰ ਗਈ।
ਖ਼ੁਦਾ ਨੇ ਤੱਕਿਆ ਗੌਰ ਨਾਲ,
ਰੂਹ ਮੇਰੀ ਡਰ ਗਈ।
ਤੂੰ ਅੰਬਰਾਂ ਦੇ ਤੁਲ ਸੀ ,
ਕਿਉਂ ਕੱਖਾਂ ਤੇ ਮਰ ਗਈ।
ਜੌਹਰੀ ਹੱਡ ਤੇ ਮਾਸ ਦਾ,
ਅੱਗੇ ਤੇਰੀ ਮਰਜ਼ੀ।
ਸੁਣ ਕੇ ਗੱਲ ਖ਼ੁਦਾ ਦੀ,
ਜਿਉਂਦੇ ਜੀਅ ਮਰ ਗਈ।
ਮੱਤ ਕੁਮੱਤ ਮੇਰੀ ਹੋ ਗਈ,
ਝੂਠੇ ਸੌਦੇ ਕਰ ਗਈ।
ਮੈਨੂੰ ਚਰਨਾਂ ਦੇ ਨਾਲ ਲਾ ਲੈ,
ਮੈਂ ਤਰਲੇ ਕਰਦੀ।
ਮੈਂ ਪਾਕ ਪਵਿੱਤਰ ਅੱਜ ਵੀ,
ਜਿਉਂ ਵੇਲਾ ਸਰਘੀ।
‘ਗਿੱਲ’ ਦੀਦ ਖ਼ੁਦਾ ਦੀ ਲੋਚਦੀ,
ਹੱਥ ਜੋੜ ਕੇ ਖੜ੍ਹਗੀ,
‘ਗਿੱਲ ‘ਦੀਦ ਖ਼ੁਦਾ ਦੀ ਲੋਚਦੀ
ਹੱਥ ਜੋੜ ਕੇ ਖੜ੍ਹਗੀ।
ਬੇਅੰਤ ਕੌਰ
ਕਿਤਾਬ ‘ਨਾਦ’ ਵਿੱਚੋਂ



