(ਸਮਾਜ ਵੀਕਲੀ)
ਈਦ ਵੀ ਚੰਨ ਨੂੰ ਵੇਖ ਕੇ ਹੁੰਦੀ
ਹੋਣੈ ਚੰਨ ਨੂੰ ਵੀ ਚੜ੍ਹ ਜਾਂਦਾ ਚਾਅ
ਚਾਅ ਦੋਨੋਂ ਪਾਸੇ ਹੁੰਦੇ ਦੂਨ ਸਵਾਏ
ਹੁੰਦੇ ਮਨ ਤੇ ਚੰਨ ਦੋਨੋ ਰੁਸ਼ਨਾਅ
ਹੈ ਚੰਨ ਈਦ ਦਾ ਕਦੇ ਕਹਾਉਂਦਾ
ਕਦੇ ਕਰਵਾ ਚੌਥ ਦਿੰਦਾ ਮਨਵਾ
ਕੁਦਰਤ ਦੇ ਸੰਗ ਇੱਕਮਿੱਕ ਹੋ ਕੇ
ਹਰ ਤਿਉਹਾਰ ਹੁਣ ਲਓ ਮਨਾ
ਚੰਨ ਚਾਣਨੀ ਦੇਵਣ ਲੱਗਿਆਂ
ਨਾ ਕਦੇ ਕਿਸੇ ਦੀ ਕਰੇ ਪਰਵਾਹ
ਧਰਮ ਵੀ ਐਦਾਂ ਸਮਦ੍ਰਿਸ਼ਟੀ ਦਾ
ਪਾਠ ਹੈ ਦਿੰਦਾ ਸਭ ਤਾਈਂ ਪੜ੍ਹਾ
ਰਾਮ ਮੁਹੰਮਦ ਈਸਾ ਤੇ ਨਾਨਕ
ਸੀ ਸਭਨਾਂ ਦੇ ਵਿੱਚ ਇੱਕ ਖੁਦਾ
ਭਾਈਵਾਲਤਾ ਦੇ ਸਭ ਨੇ ਪ੍ਰਤੀਕ
ਤੇ ਨਫ਼ਰਤ ਤੋਂ ਰੱਖਦੇ ਦੂਰ ਸਦਾ
ਧਰਮ ਕਦੇ ਮਜ਼ਹਬ ਨਹੀ ਹੁੰਦਾ
ਜੇ ਮਜ੍ਹਬ ਬਣਨ ਤਾਂ ਆਏ ਕਜ਼ਾ
ਆਪਣੇ ਮੂਲ ਨੂੰ ਜਾਣ ਲੈਣਾ ਹੀ
ਸਭ ਗੁਰੂ ਪੈਗੰਬਰ ਗਏ ਸਿਖਾ
ਅਸੀਂ ਫੇਰ ਵੀ ਵੱਖਰੇ ਕੀਤੇ ਨੇ
ਪਹਿਰਾਵੇ , ਰਸਮਾਂ ਅਤੇ ਖੁਦਾ
ਹੁਣ ਕੋਈ ਵੀ ਭੁੱਖਾ ਸੌਂ ਨਾ ਜਾਵੇ
ਕਰੋ ਰਲ ਮਿਲਕੇ ਇਹ ਉਪਾਅ
ਰੰਗ ਜਾਤ ਪਹਿਰਾਵੇ ਦੇ ਕਾਰਨ
ਆਪਣੇ ਤੋਂ ਦੂਰ ਨਾ ਦਿਓ ਬਿਠਾ
ਖਾਣ ਪੀਣ ਤੱਕ ਨਾ ਸੀਮਤ ਹੋਵੇ
ਈਦ ਦੀਵਾਲੀ ਜਦ ਜਾਂਦੀ ਆ
ਤਨ ਝੁਕੇ ਤੇ ਮਨ ਵੀ ਝੁਕ ਜਾਵੇ
ਲਈਏ ਨਾ ਕੇਵਲ ਸਿਰ ਝੁਕਾ
ਈਦ ਦਾ ਮਕਸਦ ਹੋ ਜਾਏ ਪੂਰਾ
ਜਦੋਂ ਅੱਲਾ ਵੀ ਸਾਹਵੇਂ ਹੋਏ ਖੜ੍ਹਾ
ਖੁਸ਼ੀਆਂ ਖੇੜੇ ਸਭ ਸਾਂਝੇ ਕਰੀਏ
ਮੁੱਕ ਜਾਵਨ ਸਭ ਦੁੱਖ ਪੜਾਅ
ਈਦ ਤੇ ਹੋਲੀ ਖੁਸ਼ੀ ਦੇ ਸਾਧਨ
ਅਪਣੱਤ ਵਾਲਾ ਰੰਗ ਲਓ ਚੜ੍ਹਾ
ਕਵਿਤਾ ਤੱਕ ਨਾ ਸੀਮਤ ‘ਇੰਦਰ’
ਰਿਸ਼ਤੇ ਨਿਭਾਓ ਧੁਰ ਦਰਗਾਹ
ਇੰਦਰ ਪਾਲ ਸਿੰਘ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly