ਭਵਾਨੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਬਾਲ ਸਾਹਿਤ ਦੇ ਉੱਘੇ ਸ਼ਾਇਰ ਅਤੇ ਸਟੇਟ ਅਵਾਰਡੀ ਅਧਿਆਪਕ ਜਗਜੀਤ ਸਿੰਘ ਲੱਡਾ ਜੀ ਨਾਲ ਰੂਬਰੂ ਸਮਾਗਮ ਰਚਾਇਆ ਗਿਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੀ। ਜਗਜੀਤ ਸਿੰਘ ਲੱਡਾ ਜੀ ਨੇ ਆਪਣੀ ਪਲੇਠੀ ਪੁਸਤਕ ‘ਕਿਲਕਾਰੀਆਂ’ ਤੋਂ ਉਪਰੰਤ ਲਗਭਗ ਡੇਢ ਦਰਜਨ ਬਾਲ ਸਾਹਿਤ ਦੀਆਂ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਆਂ ਹਨ। ਉਨਾਂ ਵੱਲੋਂ ਬਾਲ ਸਾਹਿਤ ਵਿੱਚ ਸਧਾਰਨ ਬੋਲੀ ਵਿੱਚ ਗਜ਼ਲ ਵਿਧਾ ਨੂੰ ਸਫਲਤਾ ਪੂਰਵਕ ਅਪਣਾਇਆ ਹੈ। ਉਨਾਂ ਨੇ ਹਾਜ਼ਰ ਪਾਠਕਾਂ, ਸਰੋਤਿਆਂ ਅਤੇ ਲੇਖਕਾਂ ਨਾਲ ਆਪਣੀ ਸਿਰਜਣ ਸ਼ੈਲੀ ਅਤੇ ਵੱਖ-ਵੱਖ ਵਿਧਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਬੜੀ ਬੇਬਾਕੀ ਨਾਲ ਕਿਹਾ ਕਿ ਮੈਂ ਮਾਂ ਬੋਲੀ ਦੀ ਨਹੀਂ ਸਗੋਂ ਮਾਂ ਬੋਲੀ ਮੇਰੀ ਸੇਵਾ ਕਰ ਰਹੀ ਹੈ। ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪੰਜਾਬੀ ਵਿਚ ਲਿਖਣ ਵਾਲੇ ਸ਼ਾਇਰਾਂ ਅਤੇ ਲੇਖਕਾਂ ਨੂੰ ਖੋਜੀ ਵੀ ਹੋਣਾ ਚਾਹੀਦਾ ਹੈ। ਸਾਹਿਤ ਸਿਰਜਣਾ ਮੰਚ ਵੱਲੋਂ ਉਹਨਾਂ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਸਾਹਿਤਿਕ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ, ਸ਼ਸ਼ੀ ਬਾਲਾ, ਬਲਜਿੰਦਰ ਸਿੰਘ ਬਾਲੀ ਰੇਤਗੜ੍ਹ, ਗੁਰਦੀਪ ਸਿੰਘ, ਰਜਿੰਦਰ ਸਿੰਘ ਰਾਜਨ, ਗੁਰਜੰਟ ਬੀਂਬੜ, ਅਨੋਖ ਸਿੰਘ ਵਿਰਕ ਪ੍ਰਗਟ ਘੁਮਾਣ ਰੇਤਗੜ੍ਹ, ਉਮੇਸ਼ ਕੁਮਾਰ ਘਈ, ਅਮਨ ਵਸ਼ਿਸ਼ਟ, ਪੇਂਟਰ ਸੁਖਦੇਵ ਧੂਰੀ, ਰੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰੀ ਚੰਦੜ, ਸੰਦੀਪ ਸਿੰਘ ਬਖੋਪੀਰ, ਪੁਸ਼ਪਿੰਦਰ ਸਿੰਘ ਬਖੋਪੀਰ, ਮੀਤ ਸਕਰੌਦੀ, ਸੁਰਜੀਤ ਸਿੰਘ ਮੌਜੀ ਆਦਿ ਸ਼ਾਇਰਾਂ ਨੇ ਆਪਣੀਆਂ ਨਵੇਕਲੀਆਂ ਅਤੇ ਉੱਤਮ ਦਰਜੇ ਦੀਆਂ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖ ਲਿਆ। ਮੰਚ ਦੇ ਪ੍ਰਧਾਨ ਕੁਲਵੰਤ ਖਨੌਰੀ ਵੱਲੋਂ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਅਗਲੇ ਮਹੀਨੇ ਹੋਣ ਵਾਲੀ ਸਾਹਿਤਿਕ ਮੀਟਿੰਗ 8 ਦਸੰਬਰ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਖਾਲਸਾ ਪੰਥ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly