ਚੰਨੀ ਨੂੰ ਮੁੱਖ ਮੰਤਰੀ ਐਲਾਨਣਾ ਕਾਂਗਰਸ ਦਾ ਵਕਤੀ ਫ਼ੈਸਲਾ: ਮਾਇਆਵਤੀ

 

  • ਯੂਪੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਅਕਾਲੀ-ਬਸਪਾ ਗੱਠਜੋੜ ਦੇ ਹੱਕ ’ਚ ਰੈਲੀ

ਨਵਾਂ ਸ਼ਹਿਰ (ਸਮਾਜ ਵੀਕਲੀ):   ਬਸਪਾ ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਾਂਗਰਸ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨੂੰ ਵਕਤੀ ਫ਼ੈਸਲਾ ਦੱਸਦਿਆਂ ਕਿਹਾ ਕਿ ਕਾਂਗਰਸ ਸੱਤਾ ’ਚ ਆਉਣ ਦੀ ਸੂਰਤ ਵਿਚ ਮੁੱਖ ਮੰਤਰੀ ਦਾ ਚਿਹਰਾ ਬਦਲ ਦੇਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਚੋਣਾਂ ਲਈ ਹੋਏ ਗੱਠਜੋੜ ਤੋਂ ਬਾਅਦ ਪੰਜਾਬ ਦੀ ਆਪਣੀ ਪਹਿਲੀ ਫੇਰੀ ਮੌਕੇ ਮਾਇਆਵਤੀ ਨੇ ਅੱਜ ਇੱਥੇ ਚੋਣ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੇ ਰਾਜ ’ਚ ਅਨੁਸੂਚਿਤ ਜਾਤੀਆਂ/ਪੱਛੜੀਆਂ ਸ਼੍ਰੇਣੀਆਂ ਅਤੇ ਹੋਰਾਂ ਕਮਜ਼ੋਰ ਜਮਾਤਾਂ ਲਈ ਕੁਝ ਵੀ ਬਿਹਤਰ ਨਹੀਂ ਹੋਇਆ ਸਗੋਂ ਪਹਿਲਾਂ ਚੱਲਦੀਆਂ ਸਰਕਾਰੀ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ।

ਕੁਮਾਰੀ ਮਾਇਆਵਤੀ ਨੇ ਅਕਾਲੀ-ਬਸਪਾ ਗੱਠਜੋੜ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਨਾਂ ’ਤੇ ਮੋਹਰ ਲਾਉਂਦਿਆਂ ਕਿਹਾ ਕਿ ਸਰਕਾਰ ਬਣਨ ’ਤੇ ਉਨ੍ਹਾਂ ਦੀ ਅਗਵਾਈ ’ਚ ਪੰਜਾਬ ਵਿਚ ਅਨੁਸੂਚਿਤ ਜਾਤੀਆਂ, ਪੱਛੜੇ ਅਤੇ ਕਮਜ਼ੋਰ ਵਰਗਾਂ ਲਈ ਵੱਡੇ ਪੱਧਰ ’ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਬਸਪਾ ਦੀ ਉੱਤਰ ਪ੍ਰਦੇਸ਼ ਵਿਚ ਸਰਕਾਰ ਸਮੇਂ ਇਨ੍ਹਾਂ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਅਕਾਲੀ ਦਲ ਨਾਲ ਵੀ ਧੋਖਾ ਕੀਤਾ। ਉਨ੍ਹਾਂ ਅਕਾਲੀ-ਬਸਪਾ ਗੱਠਜੋੜ ਦੀ ਜਿੱਤ ਯਕੀਨੀ ਕਰਨ ਲਈ ਬਸਪਾ ਵਰਕਰਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਰੈਲੀ ਦੌਰਾਨ ਮੰਚ ਤੋਂ ਗੱਠਜੋੜ ਵੱਲੋਂ ਬਸਪਾ ਦੇ ਉਪ ਮੁੱਖ ਮੰਤਰੀ ਦੇ ਉਮੀਦਵਾਰ ਬਾਰੇ ਪੱਤੇ ਨਹੀਂ ਖੋਲ੍ਹੇ ਗਏ। ਦੱਸੇ ਗਏ ਪ੍ਰੋਗਰਾਮ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਚੋਣ ਜਨ ਸਭਾ ’ਚ ਨਹੀਂ ਪੁੱਜੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਵੱਲੋਂ ਸੱਚ ਬੋਲਣ ’ਤੇ ਡਰੀ ਹੋਈ ਹੈ ਭਾਜਪਾ: ਰਾਹੁਲ
Next articleਪ੍ਰਧਾਨ ਮੰਤਰੀ ਨੇ ਬਹਿਸ ਦਾ ਜਵਾਬ ਨਹੀਂ ਚੋਣ ਭਾਸ਼ਣ ਦਿੱਤਾ: ਕਾਂਗਰਸ