ਪੰਜਾਬ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਬਾਰੇ ਫ਼ੈਸਲਾ ਅੱਜ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਲਈ ਚੋਣ ਮੈਦਾਨ ਭਖਣ ਦੇ ਨਾਲ ਹੀ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਨਾਮ ਤੈਅ ਕਰਨ ਦਾ ਦਿਨ ਵੀ ਨੇੜੇ ਆ ਗਿਆ ਹੈ। ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਭਲਕੇ ਲੁਧਿਆਣਾ ਵਿੱਚ ਵਰਚੁਅਲ ਰੈਲੀ ਦੌਰਾਨ ਪੰਜਾਬ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਕਾਂਗਰਸ ਅੰਦਰ ਮੁੱਖ ਮੰਤਰੀ ਦੀ ਕੁਰਸੀ ਦੀ ਦਾਅਵੇਦਾਰੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਅਤੇ ਖਹਿਬਾਜ਼ੀ ਦਰਮਿਆਨ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ (ਕਾਂਗਰਸ ਦੀ ਸਰਕਾਰ ਬਣਨ ਦੀ ਸਥਿਤੀ ਵਿੱਚ) ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ ’ਤੇ ਗੰਭੀਰਤਾ ਨਾਲ ਵਿਚਾਰ ਕੀਤੇ ਜਾਣ ਦੇ ਚਰਚੇ ਹਨ।

ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਕਿਸੇ ਇਕ ਵਿਅਕਤੀ ਵਿਸ਼ੇਸ਼ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨਾਲ ਪਾਰਟੀ ਨੂੰ ਵੱਡਾ ਸਿਆਸੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਪਾਰਟੀ ਦੇ ਸੀਨੀਅਰ ਆਗੂਆਂ ਦਾ ਮੰਨਣਾ ਹੈ ਕਿ ਜੇਕਰ ਚੰਨੀ ਨੂੰ ਇਸ ਵੱਡੇ ਅਹੁਦੇ ਲਈ ਮੂਹਰੇ ਕੀਤਾ ਜਾਂਦਾ ਹੈ ਤਾਂ ਸਿੱਧੂ ਇੰਨਾ ਕੁ ਨੁਕਸਾਨ ਕਰਨ ਦੀ ਸਮਰੱਥਾ ਵਿੱਚ ਜਾਪਦੇ ਹਨ ਕਿ ਕਾਂਗਰਸ ਲਈ ਸੱਤਾ ਤੱਕ ਅਪੜਨਾ ਔਖਾ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਚਰਨਜੀਤ ਚੰਨੀ ਨੂੰ ਚਿਹਰਾ ਨਹੀਂ ਐਲਾਨਦੇ ਤਾਂ ਦਲਿਤ ਵਰਗ ਨਾਲ ਸਬੰਧਤ ਵੋਟਰਾਂ ਦਾ ਵੱਡਾ ਹਿੱਸਾ ਪਾਰਟੀ ਤੋਂ ਦੂਰ ਜਾ ਸਕਦਾ ਹੈ। ਅਜਿਹੇ ਮਾਹੌਲ ਵਿੱਚ ਕਾਂਗਰਸ ਵੱਲੋਂ ਤਵਾਜ਼ਨ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਾਰਟੀ ਵੱਲੋਂ ਦੋਵਾਂ ਆਗੂਆਂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਵਜੋਂ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਨਾ ਵੀ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਤਾਂ ਜੋ ਕਿਸੇ ਨਾ ਕਿਸੇ ਰੂਪ ਵਿੱਚ ਸੱਤਾ ਨੂੰ ਹੱਥ ਪਾਇਆ ਜਾ ਸਕੇ।

ਸ੍ਰੀ ਗਾਂਧੀ ਨੇ 27 ਜਨਵਰੀ ਨੂੰ ਜਲੰਧਰ ਵਿੱਚ ਵਰਚੁਅਲ ਰੈਲੀ ਦੌਰਾਨ ਅਗਲੇ ਇਕ ਹਫ਼ਤੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦਾ ਦਾਅਵਾ ਕੀਤਾ ਸੀ। ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਾਂਗਰਸ ਨੇ ਟੈਲੀ-ਕਾਲਿੰਗ ਜ਼ਰੀਏ ਲੋਕਾਂ ਤੋਂ ਚੰਨੀ ਤੇ ਸਿੱਧੂ ਬਾਰੇ ਰਾਏ ਮੰਗੀ ਸੀ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਸਰਵੇਖਣ ਦੌਰਾਨ ਚਰਨਜੀਤ ਸਿੰਘ ਚੰਨੀ ਦਾ ਨਾਮ ਹੀ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਸੀ। ਇਹ ਖ਼ਬਰ ਜਨਤਕ ਹੋਣ ਮਗਰੋਂ ਪਿਛਲੇ ਦਿਨਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਹਾਈਕਮਾਂਡ ਦੇ ਸੰਭਾਵਿਤ ਫ਼ੈਸਲੇ ਨੂੰ ਅਸਿੱਧੇ ਢੰਗ ਨਾਲ ਚੁਣੌਤੀ ਦਿੰਦਿਆਂ ਕੀਤੀ ਬਿਆਨਬਾਜ਼ੀ ਨੇ ਗਾਂਧੀ ਪਰਿਵਾਰ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਦੀ ਬਿਆਨਬਾਜ਼ੀ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਹੈ। ਸੁਨੀਲ ਜਾਖੜ ਵੱਲੋਂ ਜਿਥੇ ਪਿਛਲੇ ਦਿਨਾਂ ਦੌਰਾਨ ਹਿੰਦੂ ਪੱਤਾ ਖੇਡ ਕੇ ਕਾਂਗਰਸ ਲਈ ਨਵੀਂ ਬਿਪਤਾ ਖੜੀ ਕਰਨ ਦੇ ਯਤਨ ਕੀਤੇ ਗਏ, ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਿਹਰੇ ਵਜੋਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੇਸ਼ ਕਰਨਾ ਵਿਧਾਨ ਸਭਾ ਚੋਣਾਂ ਦੇ ਅਮਲ ਦੌਰਾਨ ਪਾਰਟੀ ਹਿੱਤ ਵਿੱਚ ਨਹੀਂ ਹੋਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUnion Budget FY23’s Capex push to boost cement demand
Next articleਨਵਜੋਤ ਸਿੱਧੂ ਨਾਲ ਕੋਈ ਵਖਰੇਵਾਂ ਨਹੀਂ: ਚੰਨੀ