ਮੌਤ ਇੱਕ ਅਟੱਲ ਸੱਚਾਈ

ਕਰਮ ਸਿੰਘ ਜ਼ਖ਼ਮੀ

(ਸਮਾਜ ਵੀਕਲੀ)

ਕੋਈ ਮੰਨੇ ਭਾਵੇਂ ਨਾ ਪਰ ਇਹ ਗੱਲ ਹੈ ਬਿਲਕੁੱਲ ਸੱਚ ਕਿ ਦੁਨੀਆ ਦਾ ਹਰ ਵਿਅਕਤੀ ਕਿਸੇ ਨਾ ਕਿਸੇ ਰੂਪ ਵਿੱਚ ਮੌਤ ਤੋਂ ਡਰਦਾ ਹੈ। ਮਨੁੱਖ ਦੇ ਇਸ ਡਰ ਦੇ ਕਾਰਨ ਹੀ ਬਹੁਤ ਸਾਰੇ ਅੰਧਵਿਸ਼ਵਾਸ ਅਤੇ ਵਹਿਮ-ਭਰਮ ਹੋਂਦ ਵਿੱਚ ਆਏ। ਅਕਸਰ ਹੀ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਜੇਕਰ ਮੌਤ ਨਾ ਹੁੰਦੀ ਤਾਂ ਸ਼ਾਇਦ ਰੱਬ ਵੀ ਨਾ ਹੁੰਦਾ। ਨਿਰਸੰਦੇਹ ਇਸ ਦਾ ਵੱਡਾ ਕਾਰਨ ਤਾਂ ਇਹੀ ਹੈ ਕਿ ਅਸੀਂ ਮਰਨ ਤੋਂ ਡਰਦੇ ਹਾਂ। ਹਰ ਵਿਅਕਤੀ ਇਹੋ ਹੀ ਚਾਹੁੰਦਾ ਹੈ ਕਿ ਉਹ ਅਤੇ ਉਸ ਦਾ ਪਰਿਵਾਰ ਤੰਦਰੁਸਤ ਰਹੇ ਜਾਂ ਉਸ ਨੂੰ ਕਿਸੇ ਵੀ ਕਿਸਮ ਦੇ ਜਾਨੀ-ਮਾਲੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਕਰਕੇ ਹੀ ਉਸ ਦੇ ਜੀਵਨ ਦਾ ਬਹੁਤਾ ਸਮਾਂ ਪਾਠ-ਪੂਜਾ ਅਤੇ ਅਰਦਾਸਾਂ ਕਰਨ ਵਿੱਚ ਹੀ ਬਤੀਤ ਹੁੰਦਾ ਹੈ।

ਬਹੁਤ ਹੀ ਥੋੜ੍ਹੇ ਵਿਅਕਤੀ ਅਜਿਹੇ ਮਿਲਣਗੇ, ਜਿਹੜੇ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਸਿਰਫ਼ ਪ੍ਰਮਾਤਮਾ ਦੇ ਪਿਆਰ ਕਾਰਨ ਹੀ ਕਿਸੇ ਧਾਰਮਿਕ ਸਥਾਨ ’ਤੇ ਸਿਰ ਝੁਕਾਉਂਦੇ ਹੋਣ। ਅਸੀਂ ਸਾਰੇ ਇਹ ਵੀ ਭਲੀ-ਭਾਂਤ ਜਾਣਦੇ ਹਾਂ ਕਿ ਬੇਸ਼ੱਕ ਕੋਈ ਵਿਅਕਤੀ ਕਿੰਨਾ ਵੀ ਭਲਾ ਜਾਂ ਬੁਰਾ ਕਿਉਂ ਨਾ ਹੋਵੇ, ਪਰ ਮੌਤ ਦੇ ਪੰਜਿਆਂ ਤੋਂ ਅੱਜ ਤੱਕ ਕੋਈ ਵੀ ਨਹੀਂ ਬਚ ਸਕਿਆ। ਇਸ ਦੇ ਬਾਵਜੂਦ ਵੀ ਅਸੀਂ ਮੌਤ ਦੀ ਇਸ ਅਟੱਲ ਸੱਚਾਈ ਨੂੰ ਸਮਝ ਨਹੀਂ ਸਕੇ ਜਾਂ ਫਿਰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਲੱਗਭੱਗ ਸਾਰੇ ਹੀ ਧਰਮਾਂ ਦੇ ਪ੍ਰਚਾਰਕ ਸਾਨੂੰ ਰੱਬ ਅਤੇ ਮੌਤ ਤੋਂ ਡਰਨ ਦਾ ਉਪਦੇਸ਼ ਦਿੰਦੇ ਹਨ ਅਤੇ ਇਸ ਤਰ੍ਹਾਂ ਇੱਕ ਚੰਗੇ-ਭਲੇ ਵਿਅਕਤੀ ਦੀ ਹਾਲਤ ਕਸਾਈ ਦੀ ਦੁਕਾਨ ਵਿੱਚ ਬੰਨ੍ਹੇ ਬੱਕਰੇ ਵਰਗੀ ਹੋ ਜਾਂਦੀ ਹੈ। ਹਰ ਪਲ ਥੋੜ੍ਹਾ-ਥੋੜ੍ਹਾ ਕਰ ਕੇ ਮਰਦੇ ਰਹਿਣਾ ਢਹਿੰਦੀ ਕਲਾ ਦੀ ਨਿਸ਼ਾਨੀ ਹੈ, ਜਿਸ ਨਾਲ ਵਿਅਕਤੀ ਇੱਕ ਜਿਊਂਦੀ-ਜਾਗਦੀ ਲਾਸ਼ ਬਣ ਕੇ ਰਹਿ ਜਾਂਦਾ ਹੈ।

ਅਖੌਤੀ ਸਾਧਾਂ-ਸਿਆਣਿਆਂ ਅਤੇ ਤਾਂਤ੍ਰਿਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਹ ਵਾਧਾ ਐਵੇਂ ਹੀ ਨਹੀਂ ਹੋ ਰਿਹਾ ਬਲਕਿ ਇਸ ਵਰਤਾਰੇ ਲਈ ਕਾਫ਼ੀ ਹੱਦ ਤੱਕ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ ਕਿਉਂਕਿ ਇਹ ਲੋਕ ਸਾਡੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਕਿ ਅਸੀਂ ਮੌਤ ਤੋਂ ਡਰਦੇ ਹਾਂ ਅਤੇ ਸਾਡੇ ਇਸੇ ਡਰ ਦੇ ਕਾਰਨ ਹੀ ਤਰ੍ਹਾਂ-ਤਰ੍ਹਾਂ ਦੇ ਪਰਪੰਚ ਰਚਾ ਕੇ ਬੇਸ਼ੁਮਾਰ ਮਾਇਆ ਇਕੱਠੀ ਕੀਤੀ ਜਾ ਰਹੀ ਹੈ। ਅਸੀਂ ਤਾਂ ਕਦੇ ਇਹ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਵਿਹਲੜ ਬਾਬੇ ਨਿੱਤ ਨਵੀਆਂ ਵਿਦੇਸ਼ੀ ਕਾਰਾਂ ਕਿਵੇਂ ਖਰੀਦ ਰਹੇ ਹਨ? ਇਨ੍ਹਾਂ ਲੋਕਾਂ ਦਾ ਇੱਕੋ-ਇੱਕ ਮਕਸਦ ਸਾਨੂੰ ਡਰਾਉਣਾ ਹੀ ਹੈ ਕਿਉਂਕਿ ਵਿਅਕਤੀ ਜਿੰਨਾ ਵੱਧ ਡਰੇਗਾ, ਉਨੀ ਹੀ ਵੱਧ ਉਸ ਦੀ ਲੁੱਟ ਹੋ ਸਕਦੀ ਹੈ। ਹੁਣ ਦੇਖਣਾ ਬਣਦਾ ਹੈ ਕਿ ਕੀ ਇਹ ਬਾਬੇ ਆਪ ਇਸ ਡਰ ਤੋਂ ਮੁਕਤ ਹਨ?

ਇਸ ਸਵਾਲ ਦਾ ਜਵਾਬ ਤੁਹਾਨੂੰ ਇਨ੍ਹਾਂ ਦਾ ਇੱਕ ਸਤਿਸੰਗ ਸੁਣ ਕੇ ਹੀ ਮਿਲ ਜਾਵੇਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਬਾਬੇ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾ ਰਹੇ ਹੁੰਦੇ ਹਨ ਕਿ ਜੀਵਨ ਅਤੇ ਮੌਤ ਪ੍ਰਮਾਤਮਾ ਦੇ ਹੱਥ ਵਿੱਚ ਹੈ ਅਤੇ ਉਸ ਦੇ ਹੁਕਮ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ, ਤਾਂ ਸਟੇਜ ਦੇ ਆਲੇ-ਦੁਆਲੇ ਇਨ੍ਹਾਂ ਦੇ ਹਥਿਆਰਬੰਦ ਚੇਲੇ ਇਨ੍ਹਾਂ ਦੀ ਸੁਰੱਖਿਆ ਲਈ ਪਹਿਰਾ ਦੇ ਰਹੇ ਹੁੰਦੇ ਹਨ। ਕਈ-ਕਈ ਮਹਾਂਪੁਰਸ਼ਾਂ ਦੀ ਸੁਰੱਖਿਆ ਤਾਂ ਚੰਗੇ ਮੰਤਰੀ ਵਰਗੀ ਸਖ਼ਤ ਵੀ ਦਿਖਾਈ ਦਿੰਦੀ ਹੈ। ਭਲਾਂ ਇਹ ਸਭ ਕਾਹਦੇ ਲਈ? ਕੀ ਸੰਤਾਂ ਨੂੰ ਵੀ ਕਿਸੇ ਤੋਂ ਖ਼ਤਰਾ ਹੋ ਸਕਦਾ ਹੈ? ਜੇਕਰ ਹੈ, ਤਾਂ ਕੀ ਇਹ ਖ਼ਤਰਾ ਕੇਵਲ ਇਨ੍ਹਾਂ ਦੇ ਸਤਿਸੰਗ ਕਰਨ ਕਰਕੇ ਹੀ ਹੈ? ਜੀ ਨਹੀਂ, ਸਤਿਸੰਗ ਕਰਨ ਨਾਲ ਭਲਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਬਲਕਿ ਸੱਚ ਤਾਂ ਇਹ ਹੈ ਕਿ ਇਹ ਲੋਕ ਜ਼ਮੀਨਾਂ, ਜਾਇਦਾਦਾਂ ਅਤੇ ਮਾਇਆ ਨਾਲ ਸਬੰਧਿਤ ਬੇਸ਼ੁਮਾਰ ਲੜਾਈ-ਝਗੜਿਆਂ ਜਾਂ ਮੁਕੱਦਮੇਬਾਜ਼ੀ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਗੰਭੀਰ ਕਿਸਮ ਦੇ ਅਪਰਾਧਾਂ ਕਰਕੇ ਜੇਲ੍ਹਾਂ ਵਿੱਚ ਵੀ ਚਰਨ ਪਾਉਣੇ ਪਏ ਹਨ।

ਅਸਲ ਵਿੱਚ ਬਚਪਨ ਤੋਂ ਹੀ ਸਾਡਾ ਪਾਲਣ-ਪੋਸਣ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਅਸੀਂ ਸਾਰੀ ਜ਼ਿੰਦਗੀ ਉਸ ਦੇ ਦੁਰਪ੍ਰਭਾਵ ਤੋਂ ਮੁਕਤ ਨਹੀਂ ਹੋ ਸਕਦੇ। ਭੂਤਾਂ-ਪ੍ਰੇਤਾਂ ਅਤੇ ਜਾਦੂ-ਟੂਣਿਆਂ ਵਰਗੇ ਅੰਧਵਿਸ਼ਵਾਸ ਸਾਡੇ ਕੋਮਲ ਮਨਾਂ ਵਿੱਚ ਭਰ ਦਿੱਤੇ ਜਾਂਦੇ ਹਨ। ਬਚਪਨ ਤੋਂ ਹੀ ਮਨੁੱਖ ਨੂੰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਅਪਾਹਿਜ਼ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਜਵਾਨ ਉਮਰ ਦੇ ਬੱਚੇ ਵੀ ਹਨੇਰੇ ਕਮਰੇ ਵਿੱਚ ਜਾਣ ਤੋਂ ਘਬਰਾਉਂਦੇ ਦੇਖੇ ਗਏ ਹਨ। ਕੀ ਅਜਿਹੇ ਸ਼ਰਮਨਾਕ ਵਰਤਾਰੇ ਲਈ ਆਪਾਂ ਸਾਰੇ ਦੋਸ਼ੀ ਨਹੀਂ ਹਾਂ? ਇੱਕ ਨਾ ਇੱਕ ਦਿਨ ਤਾਂ ਇਸ ਕੌੜੇ ਸੱਚ ਨੂੰ ਪ੍ਰਵਾਨ ਕਰਨਾ ਹੀ ਪਵੇਗਾ। ਇੱਕ ਸਿਆਣੇ ਮਾਂ-ਬਾਪ ਦਾ ਇਹ ਫ਼ਰਜ਼ ਬਣਦਾ ਹੈ ਕਿ ਜੇਕਰ ਉਹ ਆਪਣੇ ਬੱਚੇ ਨੂੰ ਕਿਸੇ ਕੰਮ ਤੋਂ ਰੋਕਣਾ ਚਾਹੁੰਦੇ ਹਨ, ਤਾਂ ਕੋਈ ਵੀ ਗ਼ੈਰ-ਕੁਦਰਤੀ ਜਾਂ ਭੁਲੇਖਾ-ਪਾਊ ਢੰਗ-ਤਰੀਕਾ ਅਪਣਾਉਣ ਦੀ ਥਾਂ ਸਾਫ਼ ਅਤੇ ਸਪੱਸ਼ਟ ਕਾਰਨ ਦੱਸਣ ਦੀ ਆਦਤ ਪਾਉਣ। ਕਿਉਂਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਲਈ ਇਨ੍ਹਾਂ ਵਿੱਚ ਕਿਸੇ ਵੀ ਕਿਸਮ ਦੀ ਕਮਜ਼ੋਰੀ ਜਾਂ ਘਾਟ ਰਹਿਣ ਦੇਣੀ ਬਿਨਾਂ ਸ਼ੱਕ ਆਪਣੇ ਦੇਸ਼ ਨਾਲ ਵੀ ਧ੍ਰੋਹ ਕਰਨ ਦੇ ਬਰਾਬਰ ਹੈ।

ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਨੂੰ ਘਰ-ਘਰ ਪਹੁੰਚਾਉਣ ਲਈ ਸਭ ਤੋਂ ਵੱਧ ਯੋਗਦਾਨ ਸਾਡੇ ਦੂਰਦਰਸ਼ਨ ਦਾ ਹੈ ਕਿਉਂਕਿ ਅੱਜਕੱਲ੍ਹ ਪ੍ਰਚਾਰ ਅਤੇ ਪ੍ਰਸਾਰ ਦਾ ਮੁੱਖ ਸਾਧਨ ਇਹੋ ਹੀ ਹੈ। ਨਿੱਤ ਨਵੇਂ ਸੀਰੀਅਲ ਸ਼ੁਰੂ ਹੋ ਰਹੇ ਹਨ, ਜਿਨ੍ਹਾਂ ਵਿੱਚ ਕਰਾਮਾਤਾਂ ਨਾਲ ਭਰਪੂਰ ਮਿਥਿਹਾਸਕ ਅਤੇ ਕਾਲਪਨਿਕ ਕਹਾਣੀਆਂ ਨੂੰ ਇਤਿਹਾਸ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਜਿੱਥੇ ਧਾਰਮਿਕ ਕੱਟੜਤਾ ਨੂੰ ਪ੍ਰਫ਼ੁੱਲਤ ਕੀਤਾ ਜਾ ਰਿਹਾ ਹੈ, ਉੱਥੇ ਲੋਕਾਂ ਦਾ ਧਿਆਨ ਦਰਪੇਸ਼ ਸਮੱਸਿਆਵਾਂ ਤੋਂ ਵੀ ਹਟਾਇਆ ਜਾ ਰਿਹਾ ਹੈ। ਭਾਵੇਂ ਕੁੱਝ ਅਗਾਂਹਵਧੂ ਵਿਚਾਰਧਾਰਾ ਵਾਲੀਆਂ ਜੱਥੇਬੰਦੀਆਂ ਨੇ ਆਪਣੀ ਸਮਰੱਥਾ ਮੁਤਾਬਿਕ ਇਸ ਰੁਝਾਨ ਦਾ ਕਾਫ਼ੀ ਵਿਰੋਧ ਵੀ ਕੀਤਾ ਹੈ ਪਰ ਲਗਦਾ ਹੈ ਕਿ ਦੂਰਦਰਸ਼ਨ ਵਾਲਿਆਂ ਨੇ ਵੀ ਇਹ ਸਭ ਕੁੱਝ ਜਾਰੀ ਰੱਖਣ ਦਾ ਪੱਕਾ ਫ਼ੈਸਲਾ ਕੀਤਾ ਹੋਇਆ ਹੈ। ਇਨ੍ਹਾਂ ਨੇ ਤਾਂ ਇੱਕ ਅਜਿਹਾ ਸੀਰੀਅਲ ਵੀ ਬੰਦ ਨਹੀਂ ਸੀ ਕੀਤਾ, ਜਿਸ ਦੇ ਕਾਰਨ ਬਹੁਤ ਸਾਰੇ ਬੱਚੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਸਨ।

ਸੱਚ ਤਾਂ ਇਹ ਹੈ ਕਿ ਮਨੁੱਖ ਨੂੰ ਮਾਨਸਿਕ ਤੌਰ ’ਤੇ ਬੇਵੱਸ, ਅਪਾਹਿਜ਼ ਅਤੇ ਦਿਸ਼ਾਹੀਣ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਪੰਡਤ, ਮੁੱਲਾਂ, ਪਾਦਰੀ ਅਤੇ ਭਾਈ ਵੀ ਸਾਨੂੰ ਭੈਅ-ਭੀਤ ਕਰਨ ਲਈ ਜੁਟੇ ਹੋਏ ਹਨ ਕਿਉਂਕਿ ਸਾਡੇ ਡਰਨ ਵਿੱਚ ਹੀ ਇਨ੍ਹਾਂ ਦਾ ਭਲਾ ਹੈ। ਡਰਨ ਲਈ ਤਾਂ ਅਸੀਂ ਖ਼ੁਦ ਵੀ ਬੜੇ ਬਹਾਨੇ ਲੱਭ ਲੈਂਦੇ ਹਾਂ ਪਰ ਡਰ ਤੋਂ ਮੁਕਤ ਹੋਣ ਲਈ ਕਦੇ ਭੋਰਾ ਭਰ ਵੀ ਯਤਨ ਨਹੀਂ ਕਰਦੇ। ਕਦੇ ਕਦੇ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਅਸੀਂ ਇਸ ਡਰ ਨੂੰ ਛੱਡਣ ਲਈ ਹੀ ਤਿਆਰ ਨਹੀਂ ਹਾਂ। ਅਜਿਹੀਆਂ ਹਾਲਤਾਂ ਵਿੱਚ ਇਹ ਸੋਚਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਮਨੁੱਖ ਮੌਤ ਦੇ ਡਰ ਤੋਂ ਮੁਕਤ ਕਿਵੇਂ ਹੋਵੇ? ਮੇਰੇ ਖ਼ਿਆਲ ਵਿੱਚ ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਵਰਤਮਾਨ ਵਿੱਚ ਜਿਊਣਾ ਹੀ ਹੋ ਸਕਦਾ ਹੈ ਕਿਉਂਕਿ ਭੂਤ ਦੇ ਪਛਤਾਵੇ ਅਤੇ ਭਵਿੱਖ ਦੇ ਡਰ, ਬਿਨਾਂ ਵਜ੍ਹਾ ਹੀ ਸਾਨੂੰ ਝਮੇਲਿਆਂ ਵਿੱਚ ਪਾਈ ਰੱਖਦੇ ਹਨ। ਅਜਿਹੀਆਂ ਘਟਨਾਵਾਂ ਵਾਪਰਨ ਦੇ ਡਰ ਵੀ ਸਾਨੂੰ ਭੈਅ-ਭੀਤ ਕਰਦੇ ਰਹਿੰਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਵਾਪਰਨਾ ਹੀ ਨਹੀਂ ਹੁੰਦਾ। ਪਰ ਸਾਡਾ ਦੁੱਖਾਂਤ ਹੀ ਇਹ ਹੈ ਕਿ ਸਾਨੂੰ ਇਸ ਢੰਗ ਨਾਲ ਕਦੇ ਸੋਚਣ ਹੀ ਨਹੀਂ ਦਿੱਤਾ ਗਿਆ।

ਮੌਤ ਸਬੰਧੀ ਸੋਚਣ ਵਾਲੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਡਰ ਜਾਂ ਫ਼ਿਕਰ ਸਾਨੂੰ ਮੌਤ ਦੇ ਜਬਾੜ੍ਹੇ ਤੋਂ ਨਹੀਂ ਬਚਾ ਸਕਦੇ। ਇਸ ਦੇ ਉਲਟ ਅਸੀਂ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ ਨੂੰ ਨਿਯਮਤ ਕਰ ਕੇ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਵੀ ਬਣਾ ਸਕਦੇ ਹਾਂ ਅਤੇ ਨਸ਼ਿਆਂ-ਪੱਤਿਆਂ ਜਾਂ ਗਲਤ ਆਦਤਾਂ ਦਾ ਸ਼ਿਕਾਰ ਹੋ ਕੇ ਇਸ ਨੂੰ ਬਰਬਾਦ ਵੀ ਕਰ ਸਕਦੇ ਹਾਂ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਵਿਅਕਤੀ ਦੀ ਉਮਰ ਕਿੰਨੀ ਹੈ ਬਲਕਿ ਦੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਉਹ ਆਪਣੀ ਸਿਹਤ ਦਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਕਿੰਨਾ ਕੁ ਖ਼ਿਆਲ ਰੱਖਦਾ ਹੈ। ਦੂਜੀ ਗੱਲ ਇਹ ਹੈ ਕਿ ਮੌਤ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਅਤੇ ਕਈ ਵਾਰ ਇਹ ਕਾਰਨ ਅਸੀਂ ਖ਼ੁਦ ਵੀ ਬਣ ਜਾਂਦੇ ਹਾਂ।

ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਮੌਤ ਦਾ ਸਮਾਂ ਪਹਿਲਾਂ ਤੋਂ ਹੀ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ, ਤਾਂ ਵੀ ਸਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਚਿੰਤਾ ਕਰ ਕੇ ਅਸੀਂ ਨਾ ਤਾਂ ਉਸ ਨੂੰ ਵਧਾ ਸਕਦੇ ਹਾਂ ਅਤੇ ਨਾ ਹੀ ਘਟਾ ਸਕਦੇ ਹਾਂ। ਜਿਸ ਤਰ੍ਹਾਂ ਮਰਜ਼ੀ ਸੋਚ ਲਿਆ ਜਾਵੇ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੌਤ ਇੱਕ ਅਟੱਲ ਸੱਚਾਈ ਹੈ ਅਤੇ ਇਹ ਜ਼ਰੂਰੀ ਵੀ ਹੈ ਕਿਉਂਕਿ ਜਿਉਂ-ਜਿਉਂ ਵਿਅਕਤੀ ਦੀ ਉਮਰ ਵਧਦੀ ਜਾਂਦੀ ਹੈ, ਤਿਉਂ-ਤਿਉਂ ਉਸ ਦਾ ਸਰੀਰ ਵੀ ਨਕਾਰਾ ਹੁੰਦਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਬਹੁਤ ਕੁੱਝ ਪੁਰਾਣਾ ਖ਼ਤਮ ਹੋ ਰਿਹਾ ਹੈ ਅਤੇ ਬਹੁਤ ਕੁੱਝ ਨਵਾਂ ਪੈਦਾ ਵੀ ਹੋ ਰਿਹਾ ਹੈ ਕਿਉਂਕਿ ਪਰਿਵਰਤਨ ਹੀ ਕੁਦਰਤ ਦਾ ਨਿਯਮ ਹੈ। ਸਾਡੇ ਚਾਹੁਣ ਜਾਂ ਨਾ ਚਾਹੁਣ ਨਾਲ ਇਸ ਨਿਯਮ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਇਸ ਨਿਯਮ ਨੂੰ ਸਮਝ ਲੈਣਾ ਹੀ ਸਾਨੂੰ ਇਸ ਡਰ ਤੋਂ ਮੁਕਤ ਕਰ ਸਕਦਾ ਹੈ। ਬੀਤੇ ਤੋਂ ਸਿੱਖਿਆ ਲੈ ਕੇ ਅਤੇ ਭਵਿੱਖ ਨੂੰ ਜੀ ਆਇਆਂ ਨੂੰ ਕਹਿ ਕੇ ਹੀ ਸਾਡਾ ਵਰਤਮਾਨ ਆਨੰਦਮਈ ਅਤੇ ਸਾਰਥਿਕ ਹੋ ਸਕਦਾ ਹੈ।

ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027

 

Previous articleਦੀਪਕ ਜੈਤੋਈ ਮੰਚ (ਰਜਿ:) ਵੱਲੋਂ ਰੋਮੀ ਘੜਾਮਾਂ ਦਾ ਰੂਬਰੂ ਸਮਾਗਮ 4 ਮਾਰਚ ਸ਼ਨੀਵਾਰ ਨੂੰ
Next articleਜਦੋਂ ਪ੍ਰਵੀਨ ਕੌਰ ਪਰੀ ਬਣੀ ਤੀਸਰੀ ਜਮਾਤ ਦੀ ਅਧਿਆਪਕਾ