(ਸਮਾਜ ਵੀਕਲੀ)
ਪਿਆਰੇ ਬੱਚਿਓ ! ਸਤਿ ਸ੍ਰੀ ਆਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਗਰਮੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਬੱਚੇ ਵੀ ਗਰਮੀ ਮਹਿਸੂਸ ਕਰਦੇ ਹਨ ਤੇ ਵਿਚਲਿਤ ਹੋ ਜਾਂਦੇ ਹਨ। ਅਜਿਹੀ ਤੇਜ਼ ਗਰਮੀ ਵਿੱਚ ਸਾਨੂੰ ਆਪਣੀ ਸਿਹਤ ਦਾ ਧਿਆਨ ਜ਼ਰੂਰ ਹੀ ਰੱਖਣਾ ਚਾਹੀਦਾ ਹੈ। ਬੱਚਿਓ ! ਇੱਕ ਤਾਂ ਤੁਸੀਂ ਆਪਣੀ ਸਾਫ਼ – ਸਫ਼ਾਈ ਦਾ ਪੂਰਾ ਧਿਆਨ ਰੱਖੋ।ਜਿਵੇਂ ਕਿ ਹਰ ਰੋਜ਼ ਸਵੇਰੇ – ਸ਼ਾਮ ਇਸ਼ਨਾਨ ਕਰੋ , ਨਹੁੰ ਕੱਟ ਕੇ ਰੱਖੋ ਅਤੇ ਹੱਥਾਂ ਦੀ ਸਫਾਈ ਦਾ ਜ਼ਰੂਰ ਧਿਆਨ ਰੱਖੋ। ਦੂਸਰਾ , ਤੁਸੀਂ ਵੱਧ ਤੋਂ ਵੱਧ ਤਰਲ /ਦ੍ਰਵ ਪਦਾਰਥਾਂ ਜਿਵੇਂ ਕਿ ਪਾਣੀ , ਨਿੰਬੂ ਪਾਣੀ , ਜਲ – ਜੀਰਾ , ਕੱਚੀ – ਲੱਸੀ , ਲੱਸੀ , ਫਲਾਂ ਦੇ ਰਸ , ਨਾਰੀਅਲ ਪਾਣੀ , ਸ਼ਕੰਜਵੀਂ , ਸੱਤੂ , ਗੂੰਦ – ਕਤੀਰਾ ਆਦਿ ਦੀ ਵਰਤੋਂ ਜ਼ਰੂਰ ਕਰਦੇ ਰਹੋ। ਦਿਨ ਵਿੱਚ ਇੱਕ ਵਾਰ ਥੋੜ੍ਹੀ ਜਿਹੀ ਚਾਹ /ਕੌਫੀ ਦੀ ਵਰਤੋਂ ਵੀ ਕਰੋ।
ਇਸ ਤੋਂ ਇਲਾਵਾ ਫਲ਼ਾਂ , ਦਹੀਂ , ਪਿਆਜ ਤੇ ਖੀਰੇ ਆਦਿ ਦੀ ਵਰਤੋਂ ਵੀ ਕਰਦੇ ਰਹੋ।ਦੁਪਹਿਰ ਸਮੇਂ ਘਰ ਤੋਂ ਬਾਹਰ ਨਾ ਨਿਕਲੋ। ਸਗੋਂ ਘਰ ਵਿੱਚ ਰਹਿ ਕੇ ਹੀ ਆਰਾਮ ਕਰੋ।ਜਦੋਂ ਸਕੂਲ ਛੁੱਟੀ ਸਮੇਂ ਘਰ ਨੂੰ ਜਾਂਦੇ ਹੋ ਤਾਂ ਸਿਰ ਨੂੰ ਕਿਸੇ ਰੁਮਾਲ /ਕੱਪੜੇ ਆਦਿ ਨਾਲ਼ ਢੱਕ ਕੇ ਜ਼ਰੂਰ ਰੱਖੋ। ਇਸ ਦੇ ਲਈ ਛਤਰੀ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ। ਘਰ ਵਿੱਚ ਪਹੁੰਚ ਕੇ ਕੁਝ ਸਮਾਂ ਪੰਦਰਾਂ – ਵੀਹ ਮਿੰਟ ਪੱਖੇ /ਕੂਲਰ ਆਦਿ ਦੀ ਹਵਾ ਲੈਣ ਤੋਂ ਬਾਅਦ ਹੀ ਇਸ਼ਨਾਨ ਕਰੋ। ਫਰਿੱਜ/ਵਾਟਰ ਕੂਲਰ ਆਦਿ ਦੇ ਬਹੁਤ ਜ਼ਿਆਦਾ ਠੰਢੇ ਪਾਣੀ ਜਾਂ ਬਰਫ਼ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰੋ।ਹੋ ਸਕੇ ਤਾਂ ਘੜੇ ਦੇ ਪਾਣੀ ਦੀ ਵਰਤੋਂ ਕਰ ਲਓ। ਨੰਗੇ ਪੈਰ ਖੇਡਣ ਜਾਂ ਘੁੰਮਣ – ਫਿਰਨ ਤੋਂ ਬਚੋ।ਮੋਬਾਇਲ ਫੋਨ ਦੀ ਵਰਤੋਂ ਕੇਵਲ ਪੜ੍ਹਾਈ ਲਈ ਕਰੋ। ਕੁਝ ਸਮਾਂ ਕਾਰਟੂਨ – ਪ੍ਰੋਗਰਾਮ ( ਮੋਟੂ – ਪਤਲੂ ਤੇ ਡੋਰੇਮੋਨ) ਆਦਿ ਜ਼ਰੂਰ ਦੇਖੋ।
ਘਰ ਵਿੱਚ ਵਿਹਲੇ ਸਮੇਂ ਕਹਾਣੀਆਂ , ਕਵਿਤਾਵਾਂ ਅਤੇ ਹੋਰ ਚੰਗੀਆਂ ਬਾਲ – ਸਾਹਿਤ ਦੀਆਂ ਕਿਤਾਬਾਂ ਜ਼ਰੂਰ ਪੜ੍ਹਦੇ ਰਹੋ। ਮੋਬਾਇਲ ਫੋਨ ਦੀ ਵਰਤੋਂ ਕਰਨ ਦੀ ਥਾਂ ਆਪਣੇ ਮਨ ਵਿੱਚ ਆਈ ਕਿਸੇ ਕਹਾਣੀ ਜਾਂ ਕਵਿਤਾ ਜਾਂ ਕੋਈ ਗੱਲ ਜ਼ਰੂਰ ਲਿਖਣ ਦੀ ਆਦਤ ਪਾਓ। ਇਸ ਨਾਲ਼ ਤੁਹਾਡੇ ਕੀਮਤੀ ਸਮੇਂ ਦੀ ਸੁਚਾਰੂ ਵਰਤੋਂ ਹੋਵੇਗੀ ਤੇ ਤੁਸੀਂ ਇੱਕ ਮਹਾਨ ਲੇਖਕ , ਕਵੀ , ਕਹਾਣੀਕਾਰ ਆਦਿ ਬਣ ਕੇ ਇੱਕ ਵੱਖਰਾ ਮੁਕਾਮ ਤੇ ਵੱਖਰੀ ਪਹਿਚਾਣ ਹਾਸਲ ਕਰ ਸਕਦੇ ਹੋ।ਇਸ ਤਰ੍ਹਾਂ ਨਾਲ ਤੁਸੀਂ ਗਿਆਨ ਦੀ ਅਸੀਮਤ ਧਾਰਾ ਨਾਲ ਵੀ ਜੁੜ ਸਕਦੇ ਹੋ। ਪਿਆਰੇ ਬੱਚਿਓ ! ਗਰਮੀਆਂ ਦੇ ਮੌਸਮ ਵਿੱਚ ਤੁਹਾਡਾ ਮਨ ਵਾਰ – ਵਾਰ ਕੋਲਡ – ਡਰਿੰਕਸ ਤੇ ਕੁਲਫ਼ੀ ਜਾਂ ਆਈਸਕ੍ਰੀਮ ਖਾਣ ਨੂੰ ਕਰਦਾ ਹੋਵੇਗਾ , ਪਰ ਤੁਸੀਂ ਵਾਰ – ਵਾਰ ਇਨ੍ਹਾਂ ਬਾਹਰੀ ਵਸਤੂਆਂ ਦੀ ਵਰਤੋਂ ਨਹੀਂ ਕਰਨੀ।ਇਹ ਵਸਤਾਂ ਸੁਆਦ ਤਾਂ ਭਾਵੇਂ ਜ਼ਰੂਰ ਲੱਗਣ , ਪਰ ਸਿਹਤ ਪੱਖੋਂ ਇੰਨੀਆਂ ਫ਼ਾਇਦੇਮੰਦ ਨਹੀਂ ਹੁੰਦੀਆਂ।
ਤੁਸੀਂ ਸਕੂਲ ਵਿੱਚ ਪਾਣੀ ਪੀਣ ਲਈ ਗਿਲਾਸ ਦੀ ਵਰਤੋਂ ਕਰੋ। ਹੱਥ ਧੋਣ ਲਈ ਆਪਣੇ ਕੋਲ ਪੇਪਰ – ਸੋਪ ਜ਼ਰੂਰ ਹੀ ਰੱਖੋ। ਰੁਮਾਲ ਨੂੰ ਹਮੇਸ਼ਾਂ ਆਪਣੇ ਕੋਲ ਰੱਖੋ। ਦੁਪਹਿਰ ਅੱਧੀ ਛੁੱਟੀ ਸਮੇਂ ਸਕੂਲ ਵਿੱਚ ਧੁੱਪ ਵੰਚ ਖੇਡਣ ਜਾਂ ਘੁੰਮਣ ਤੋਂ ਬਚੋ। ਘਰ ਵਿੱਚ ਮਾਤਾ – ਪਿਤਾ ਅਤੇ ਸਕੂਲ ਵਿੱਚ ਗੁਰੂਜਨਾਂ ਆਪਣੇ ਅਧਿਆਪਕਾਂ ਦਾ ਕਹਿਣਾ ਜ਼ਰੂਰ ਮੰਨਣਾ ਤੇ ਇਹਨਾਂ ਦਾ ਸਤਿਕਾਰ ਕਰੋ। ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਇਹਨਾਂ ਧਿਆਨ ਦੇਣ ਯੋਗ ਗੱਲਾਂ ਉੱਤੇ ਜ਼ਰੂਰ ਅਮਲ ਕਰੋਗੇ ਅਤੇ ਗਰਮੀਆਂ ਦੇ ਮੌਸਮ ਵਿੱਚ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖੋਗੇ। ਅਗਲੀ ਵਾਰ ਫਿਰ ਮਿਲਦੇ ਹਾਂ। ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ , ਨਮਸਤੇ।
ਤੁਹਾਡਾ ਆਪਣਾ…..
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly