

ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ‘ ਪਿੰਡ ਸੁੱਧਾਮਾਜਰਾ ਕੋਲ ਸਥਿਤ ਸਾਹਿਬ ਢਾਬੇ ਉੱਤੇ ਦਿਨ ਦਿਹਾੜੇ ਢਾਬੇ ਦੀ ਪਾਰਕਿੰਗ ਵਿੱਚ ਖੜ੍ਹੀ ਥਾਰ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਪਏ ਗਹਿਣਿਆਂ ਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।ਪੁਲਿਸ ਥਾਣਾ ਕਾਠਗੜ੍ਹ ਨੂੰ ਦਿੱਤੀ ਸ਼ਿਕਾਇਤ ਵਿੱਚ ਸਲਿੰਦਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਭੰਬੋਵਾਲ ਥਾਣਾ ਗੜ੍ਹਦੀਵਾਲ ਜਿਲਾਂ ਹੁਸ਼ਿਆਰਪੁਰ ਹਾਲ ਵਾਸੀ ਰਣਜੀਤ ਨਗਰ ਖਰੜ ਥਾਣਾ ਖਰੜ ਸਿਟੀ ਨੇ ਦੱਸਿਆ ਕਿ ਉਹ ਪਤਨੀ ਤੇ ਲੜਕੀ ਨਾਲ ਆਪਣੀ ਥਾਰ ਗੱਡੀ ਨੰਬਰ ਪੀਬੀ 65 ਬੀਕੇ 9494 ਵਿੱਚ ਸਵਾਰ ਹੋ ਕੇ ਆਪਣੇ ਪਿੰਡ ਤੋਂ ਖਰੜ ਨੂੰ ਜਾ ਰਹੇ ਸੀ ਕਿ ਬਲਾਚੌਰ-ਰੋਪੜ੍ਹ ਹਾਈਵੇ ‘ਤੇ ਪੈਂਦੇ ਪਿੰਡ ਜੰਡੀ ਟੰਡੋਹ ਦੇ ਕੱਟ ਕੋਲ ਸਥਿਤ ਸਾਹਿਬ ਢਾਬੇ ਉੱਤੇ ਬਾਅਦ ਦੁਪਹਿਰ 3:20 ਵਜੇ ਦੇ ਕਰੀਬ ਉਹ ਖਾਣਾ ਖਾਣ ਲਈ ਰੁਕੇ ਅਤੇ ਗੱਡੀ ਨੂੰ ਲਾਕ ਕਰਕੇ ਢਾਬੇ ਦੇ ਅੰਦਰ ਚਲੇ ਗਏ ਪ੍ਰੰਤੂ ਜਦੋਂ ਖਾਣਾ ਖਾ ਕੇ ਬਾਹਰ ਆਏ ਤਾਂ ਵੇਖਿਆ ਕਿ ਗੱਡੀ ਦੀ ਡਰਾਈਵਰ ਸਾਈਡ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਅੰਦਰ ਕੱਚ ਖਿਲਰਿਆ ਹੋਇਆ ਸੀ ਅਤੇ ਗੱਡੀ ਦੀ ਪਿਛਲੀ ਸੀਟ ਤੇ ਪਿਆ ਪਤਨੀ ਦਾ ਲੇਡੀ ਪਰਸ ਜਿਸ ਵਿੱਚ ਮੇਰੇ, ਪਤਨੀ ਅਤੇ ਬੇਟੀ ਦੇ 7-8 ਤੋਲੇ ਸੋਨੇ ਦੇ ਅਤੇ ਕੁੱਝ ਚਾਂਦੀ ਦੇ ਗਹਿਣੇ ਅਤੇ 3000 ਰੁਪਏ ਚੋਰੀ ਕੀਤੇ ਜਾ ਚੁੱਕੇ ਸਨ ਜਦਕਿ ਗੱਡੀ ਵਿੱਚ ਪਏ ਲੈਪਟਾਪ ਨੂੰ ਵੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਚਾਰਜ ਲੱਗਿਆ ਹੋਣ ਕਰਕੇ ਉਹ ਖਿੱਚਿਆ ਨਹੀਂ ਜਾ ਸਕਿਆ। ਪੁਲਿਸ ਨੇ ਪੀੜਿਤ ਸਲਿੰਦਰ ਸਿੰਘ ਦੇ ਬਿਆਨਾਂ ‘ਤੇ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪਾਰਕਿੰਗ ‘ਚ ਸਿਕਿਉਰਟੀ ਤੇ ਸੀਸੀਟੀਵੀ ਕੈਮਰੇ ਦਾ ਨਹੀਂ ਯੋਗ ਪ੍ਰਬੰਧ -ਸਲਿੰਦਰ ਸਿੰਘ ਸਾਹਿਬ ਢਾਬੇ ਉੱਤੇ ਦਿਨ ਦਿਹਾੜੇ ਥਾਰ ਗੱਡੀ ਵਿੱਚ ਹੋਈ ਚੋਰੀ ਸਬੰਧੀ ਜਦੋਂ ਗੱਡੀ ਦੇ ਮਾਲਕ ਸਲਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਢਾਬੇ ਦੇ ਮਾਲਕ ਵੱਲੋਂ ਪਾਰਕਿੰਗ ਵਿੱਚ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਅਤੇ ਪਾਰਕਿੰਗ ਤੱਕ ਸੀਸੀਟੀਵੀ ਕੈਮਰਿਆਂ ਦਾ ਵੀ ਯੋਗ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਸਿਕਿਉਰਟੀ ਦਾ ਪਾਰਕਿੰਗ ਵਿੱਚ ਕੋਈ ਪ੍ਰਬੰਧ ਹੁੰਦਾ ਤਾਂ ਸ਼ਾਇਦ ਉਹਨਾਂ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ। ਉਹਨਾਂ ਪੁਲਿਸ ਤੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਗਾ ਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ ਅਤੇ ਚੋਰਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਕੀ ਕਹਿੰਦੇ ਹਨ ਥਾਣਾ ਕਾਠਗੜ੍ਹ ਦੇ ਐਸਐਚਓ. ਜਦੋਂ ਉਕਤ ਮਾਮਲੇ ਸਬੰਧੀ ਥਾਣਾ ਕਾਠਗੜ੍ਹ ਦੀ ਐਸਐਚਓ ਅਭਿਸ਼ੇਕ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਢਾਬੇ ਉੱਤੇ ਲੱਗੇ ਕੈਮਰਿਆਂ ਦੇ ਫੁਟੇਜ ਲਏ ਗਏ ਹਨ ਜਿਨਾਂ ਨੂੰ ਖੰਗਾਲਿਆ ਜਾ ਰਿਹਾ ਹੈ। ਉਹਨਾਂ ਸਾਹਿਬ ਢਾਬੇ ਦੇ ਮਾਲਕ ਨੂੰ ਹਦਾਇਤ ਕੀਤੀ ਕਿ ਪਾਰਕਿੰਗ ਵਿੱਚ ਸਿਕਿਉਰਟੀ ਦਾ ਖਾਸ ਪ੍ਰਬੰਧ ਕੀਤਾ ਜਾਵੇ ਤੇ ਨਾਲ ਹੀ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਜੇਕਰ ਕੋਈ ਵਾਰਦਾਤ ਜਾਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਉਹਨਾਂ ਹਾਈਵੇ ਉੱਤੇ ਸਥਿਤ ਦੂਜੇ ਢਾਬਿਆਂ ਅਤੇ ਰੈਸਟੋਰੈਂਟਾਂ ਨੂੰ ਵੀ ਹਦਾਇਤ ਕੀਤੀ ਕਿ ਪਾਰਕਿੰਗਾਂ ਵਿੱਚ ਸਿਕਿਉਰਟੀ ਅਤੇ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਪਹਿਲੇ ਅਧਾਰ ‘ਤੇ ਕੀਤਾ ਜਾਵੇ।
https://play.google.com/store/apps/details?id=in.yourhost.samajweekly



