ਧੀਆਂ ਝਿੜਕਾਂ ਖਾਣ ਨੂੰ

(ਸਮਾਜ ਵੀਕਲੀ)
ਜਿੱਦ ਨਾ ਖਾਣ ਪਾਉਣ ਦੀ ਸਾਂਭਣ ਘਰ ਖੇਡਣ ਦੀ ਰੁੱਤੇ
ਚੁੱਲ੍ਹਾ ਚੌਕਾਂ ਕਰ ਲੈਵਣ ਵੀਰਿਆਂ ਦੇ ਸੁੱਤੇ ਸੁੱਤੇ
ਕੰਮੀਆਂ ਵਾਂਗੋਂ ਕੰਮ ਕਰਦੀਆਂ ਫੇਰ ਵੀ ਰਹਿਣ ਨਿਕੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਪਹਿਲਾਂ ਝਿੜਕਣ ਦਾਦਾ ਦਾਦੀ ਮਾਂ ਪਿਓ ਨਾਲ ਭਰਜਾਈਆਂ
ਅੱਲ੍ਹੜ ਉਮਰਾਂ ਡਰ ਡਰ ਕੱਟੀਆਂ ਭਾਈਆਂ ਘੂਰ ਵਿਖਾਈਆਂ
ਇਹ ਮਰ ਜਾਣੀਆਂ ਉਮਰੋਂ ਪਹਿਲਾਂ ਹੋਣ ਚੁਬਾਰਿਓ ਲੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਫੇਰ ਸਹੁਰੇ ਘਰ ਸੱਧਰਾਂ ਲੈ ਕੇ ਬਣ ਠਣ ਕੇ ਗਈ ਪਟਰਾਣੀ
ਨਿੱਤ ਦੇ ਤਾਹਨੇ ਸੱਸ ਦੇ ਸੁਣਦੀ ਚੱਬਦੀ ਦੰਦ ਜੇਠਾਣੀ
ਪੀ ਕੇ ਪਤੀਦੇਵ ਨਿੱਤ ਲਾਹੁੰਦਾ ਬਿਨਾਂ ਗੱਲ ਤੋਂ ਈ ਝੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਪੁੱਤ ਹੋ ਗਏ ਮੋਢਿਆਂ ਤੋਂ ਦੀ ਪਰ ਮੋਢਿਆਂ ਤੋਂ ਥੁੱਕਦੇ
ਤਨ ਦਾ ਸੀਰ ਪਿਲਾ ਕੇ ਪਾਲ਼ੇ ਪਾਣੀ ਵੀ ਨਹੀਂ ਪੁੱਛਦੇ
ਹਰੀਸ਼ ਜੜ੍ਹਾਂ ਨੂੰ ਭਾਲਦੀਆਂ ਨੇ ਖੋਖਲੀਆਂ ਉਂਝ ਥੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਨੀ ਮਾਏ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ
ਹਰੀਸ਼ ਪਟਿਆਲਵੀ
Previous article” ਦਲਿਤ ਚਿੰਤਕ ਅਤੇ ਸਮਾਜ ਸੁਧਾਰਕ ਜੋਤੀ ਰਾਓ ਫੁਲੇ”
Next articleਕੌਮੀ ਸਕੂਲ ਖੇਡਾਂ 2024 ਬਾਸਕਟਬਾਲ ਅੰਡਰ-19 ਵਿੱਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਬਣੀਆਂ ਚੈਂਪੀਅਨ