ਨੂੰਹ/ਧੀ

(ਸਮਾਜ ਵੀਕਲੀ)

“ਪੜ੍ਹਾਈ ਜਾਨਾਂ ਧੀ ਨੂੰ ,ਡੀ.ਸੀ.ਲੌਣੀ ,ਕੰਮ ਨਾਂ ਕਾਰ ,ਕਿਤਾਬਾਂ ਲੈਕੇ ਬਹਿ ਜਾਓ” ਨਿੱਤ ਨੇਮ ਦੀ ਥਾਂ ਧੀ ਰਾਣੋ ਬਾਰੇ, ਨੂੰਹ ਦੇ ਇਹ ਸ਼ਲੋਕ ਰੋਜ਼ ਸੁਣਦਾ ਸੋਹਣ ਸਿੰਘ ।

ਅੱਜ ਓਸੇ ਪੜ੍ਹਾਈ ਸਦਕਾ ਅਗਲਿਆਂ ਮੂੰਹੋਂ ਮੰਗ ਕੇ ਰਿਸ਼ਤਾ ਲਿਆ ,ਸੋਚਦਾ ਸੋਚਦਾ ਫਖ਼ਰ ਨਾਲ ਤੁਰਿਆ ਆਂਉਦਾ ਸੋਹਣ ਸਿੰਘ ਪਤਾ ਨਹੀਂ ਕਦੋਂ ਅਪਣੇ ਘਰ ਦੇ ਗੇਟ ਦੇ ਅੰਦਰ ਵੜਿਆ ਤੇ ਸੱਜੇ ਪਾਸੇ ਮੁੰਡੇ ਦੇ ਵਿਆਹ ਤੇ ਨਵੀਂ ਬਣਾਈ ਬੈਠਕ ਵਿੱਚ ਹੀ ਬਹਿ ਗਿਆ ।

ਪਿੱਛਲੇ ਕਮਰੇ ਵਿਚੋਂ ਸੱਸ ਦੀ ਆਵਾਜ਼ ਸੁਣ ਕੇ ਨੂੰਹ ਭੱਜੀ ਆਈ ,”ਆਖਰ ਆਈ ਹੋਈ ਏਸ ਬੁੜ੍ਹੇ ਨੂੰ ,ਇਹ ਕੀ ਕੀਤਾ,ਮਿੱਟੀ ਨਾਲ ਭਰੇ ਪੈਰ ਜੁੱਤੀ ਸਮੇਤ ,ਫਰਸ਼,ਸੋਫ਼ਾ,ਹਾਇ ਓਏ, ਮੇਰੀ ਤਾਂ ਜਿੰਦਗੀ ਰੁਲ ਗਈ ,ਗ਼ੰਵਾਰਾਂ ਦੇ ਘਰ ਆਕੇ।”

ਜਦੋਂ ਦੀ ਜ਼ਮੀਨ ਇੱਨਾਂ ਦੇ ਨਾਂ ਕੀਤੀ ,ਮੈਂ ਗੰਵਾਰ ਬਣ ਗਿਆ,ਪਾਣੀ ਨਾਂ ਧਾਣੀ ,ਬੁੜ੍ਹ ਬੁੜ੍ਹ ਕਰਦਾ ਸੋਹਣ ਸਿੰਘ ਅੰਦਰਲੇ ਕਮਰੇ ਵਿੱਚ ਚਲਾ ਗਿਆ ।

ਖੈਰ ਧੀ ਰਾਣੋ ਦਾ ਵਿਆਹ ਹੋ ਗਿਆ ।ਕੁੜ੍ਹਮ ਨਾਜ਼ਰ ਸਿੰਘ ਦੇ ਫੋਨ ਆਂਉਦੇ “ਸਰਦਾਰਾ ਤੇਰੀ ਧੀ ਨੇ ਤਾਂ ਸਾਡਾ ਘਰ ਧੰਨ ਧੰਨ ਕਰ ਦਿੱਤਾ”। ਸੋਹਣ ਸਿੰਘ ਨੂੰ ਟਿਕਾਅ ਨਹੀਂ ਆਇਆ ਤੇ ਬਿਨਾਂ ਦੱਸੇ, ਧੀ ਰਾਣੋ ਨੂੰ ਮਿਲਣ ਤੁਰ ਪਿਆ ।

“ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੁੰ ਹੋਰ ।ਰਿਸ਼ਤਾ ਕਰਨ ਵੇਲੇ ਕਹਿੰਦਾ ਸੀ, ਮੋਹਰਲਾ ਕਮਰਾ ਪੂਰਾ ਕਰ ਲੈਣ ਦਿਓ ਵਿਆਹ ਤੋਂ ਪਹਿਲਾਂ ,ਅਖੇ ਨਵੇਂ ਵਿਆਇਆਂ ਨੂੰ ਸੋਖ ਹੋ ਜਾਊ। ਹੁਣ ਕਿਵੇਂ ਮੱਲ ਮਾਰ ਕੇ ਬੈਠਾ ਕੂਲਰ ਲਾਕੇ ਡਬਲ ਬੈੱਡ ਉੱਤੇ। “ਅੰਦਰੋਂ ਅੰਦਰੀ ਕੁੜ੍ਹਦਾ ਸੋਹਣਸਿੰਘ ਘੂਰੀ ਜਾਵੇ ਕੁੜ੍ਹਮ ਨੂੰ ।

ਆ ਲੈ ਸਰਦਾਰਾ, ਆ ਗਈ ਰਾਣੋ ,ਪੁੱਤ ਅੰਦਰ ਲਿਜ਼ਾ ਕੇ ਅਪਣੇ ਬਾਪੂ ਦਾ ਹੱਥ ਮੂੰਹ ਧੁਆ ਤੇ ਚਾਹ ਪਾਣੀ ਪਿਆ ,ਨਾਲੇ ਸਰਦਾਰਾ ਯਾਰਾ ਸਮਝਾ ਇਨਾਂ ਜੁਆਕਾਂ ਨੂੰ ,ਮੈੰਨੂ ਇੱਥੇ ਮੋਹਰਲੇ ਕਮਰੇ ਵਿੱਚ ਕਰ ਦਿੱਤਾ, ਅਖੇ ਬਾਪੂ ਬਾਥਰੂਮ ਨਾਲ ਆ ,ਸੌਖਾ ਰਹੇਗਾਂ ,ਵੇਹੜੇ ਵਿਚੋਂ ਲੰਘਦੇ ਦਾ ਪੈਰ ਔਖੜ ਜਾਊ ।ਦੱਸ ਮੈਨੂੰ ਕਹਿੰਦੇ ਬਾਪੂ ਤੂੰ ਤਾਂ “ਜਿੰਦਰਾ” ਸਾਡੇ ਘਰ ਦਾ,ਆਂਉਦੇ ਜਾਦੇ ਨੂੰ ਡਰ ਰਹੂ ਤੇ ਮੰਜੀ ਧੁਪੇ ਛਾਂਵੇ ਕਰਨੀ ਸੌਖੀ ਰਹੂ ।”

“ਰਾਣੋ ਧੀਏ ਹੁਣ ਤਾਂ ਚਾਹ ਮੈਂ ਏੱਥੇ ਹੀ ਬੈਠ ਕੇ ਪੀਂਊ ” ਅੱਖਾਂ ਵਿੱਚ ਹੰਜੂ ਭਰਦਾ ਸੋਹਣ ਸਿੰਘ ਅਪਣੇ ਕੁੜ੍ਹਮ ਦੇ ਗਲ ਲੱਗ ਕੇ ਬੋਲਿਆ।
ਵਾਪਸ ਜਾ ਰਿਹਾ ਸੋਹਣ ਸਿੰਘ ਸੋਚ ਰਿਹਾ ਸੀ ਕਿ ੳਸ ਨੇ ਧੀ ਨੂੰ ਪੜ੍ਹਾ ਲਿਖਾ ਕੇ ਕੋਈ ਗਲਤੀ ਨਹੀਂ ਕੀਤੀ।

ਬਲਰਾਜ ਚੰਦੇਲ
ਜਲੰਧਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਮੁਖੀ ਅੱਖਰਾਂ ਦੇ ਪੈਰਾਂ ਹੇਠ ਬਿੰਦੀ ਕਦੋਂ ਅਤੇ ਕਿਉਂ?-ਭਾਗ (ਅ)
Next articleਗੀਤਾ