ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀਤੇ ਦਿਨੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਪੈਂਦੇ ਪਿੰਡ ਦੋਸਾਂਝ ਖੁਰਦ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਸੈਵਨ ਸਾਈਡਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਨਾਮਵਰ ਪਿੰਡਾਂ ਦੀਆਂ ਟੀਮਾਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਪਿੰਡ ਦੋਸਾਂਝ ਖੁਰਦ ਤੇ ਪਿੰਡ ਖੋਥੜਾਂ ਵਿਚਕਾਰ ਹੋਇਆ ਜਿਸ ਵਿੱਚ ਖੋਥੜਾਂ ਦੀ ਟੀਮ ਟਾਈਬਰੇਕਰ ਜਰੀਏ ਜੇਤੂ ਰਹੀ। ਇਸ ਦੌਰਾਨ ਦਸ਼ਮੇਸ਼ ਫੁੱਟਬਾਲ ਕਲੱਬ ਵਲੋਂ ਆਪਣੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਉਨ੍ਹਾਂ ਵੇਟਲਿਫਟਰ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਆਪਣੇ ਭਾਰ ਵਰਗ ਵਿੱਚ ਸਕੂਲੀ ਰਾਜ ਪੱਧਰੀ ਮੁਕਾਬਲਿਆਂ ਅਤੇ ਸਰਕਾਰ ਵਲੋਂ ਹਰ ਸਾਲ ਕਰਵਾਏ ਜਾਂਦੇ ਰਾਜ ਪੱਧਰੀ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਵਿੱਚੋਂ ਆਪਣੇ ਜ਼ਿਲ੍ਹੇ ਲਈ ਮੈਡਲ ਹਾਸਿਲ ਕੀਤੇ ਸਨ। ਇਸ ਮੌਕੇ ਮੌਜੂਦ ਪੰਜਾਬ ਪੁਲਸ ਦੇ ਥਾਣੇਦਾਰ ਕੋਚ ਵੇਟਲਿਫਟਰ ਮਨਜੀਤ ਕੁਮਾਰ ਅਤੇ ਨੈਸ਼ਨਲ ਚੈਪੀਅਨ ਸੀਨੀਅਰ ਕੋਚ ਜਗਦੀਸ਼ ਕੁਮਾਰ ਗੁਰੂ ਨੇ ਸਮੁੱਚੇ ਦਸ਼ਮੇਸ਼ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦੋਸਾਂਝ ਖੁਰਦ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ। ਇਸ ਸਨਮਾਨ ਦੌਰਾਨ ਪਿੰਡ ਦੋਸਾਂਝ ਖੁਰਦ ਦੇ ਹੀ ਬੀ ਐਸ ਐਫ ਦੇ ਨੈਸ਼ਨਲ ਫੁੱਟਬਾਲ ਖਿਡਾਰੀ ਰਵਿੰਦਰ ਕੁਮਾਰ ਨੇ ਦੋਹਾਂ ਵੇਟਲਿਫਟਿੰਗ ਕੋਚ ਸਾਹਿਬਾਨਾਂ ਨੂੰ ਜੀ ਆਇਆਂ ਆਖਿਆ ਤੇ ਅੱਗੇ ਤੋਂ ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਫੁੱਟਬਾਲ ਟੂਰਨਾਮੈਂਟ ਦੌਰਾਨ ਵੇਟਲਿਫਟਿੰਗ ਖਿਡਾਰਨਾਂ ਦੀਆਂ ਸ਼ੋ ਲਿਫਟਾਂ ਲਗਵਾਉਣ ਦਾ ਵਚਨ ਦਿੱਤਾ ਤਾਂ ਜੋ ਇੰਨ੍ਹਾ ਖਿਡਾਰਨਾਂ ਵੱਲ੍ਹ ਦੇਖ ਹੋਰ ਬੱਚੀਆਂ ਦੀ ਵੀ ਖੇਡਾਂ ਪ੍ਰਤੀ ਜਾਗਰੂਕਤਾ ਵੱਧ ਸਕੇ। ਇਸ ਸਨਮਾਨ ਸਮਾਰੋਹ ਦੌਰਾਨ ਵੇਟਲਿਫਟਿੰਗ ਖੇਡ ਪ੍ਰਮੋਟਰ ਜਗਦੀਪ ਸਿੰਘ ਹੀਰ ਦਾ ਵੀ ਦਸ਼ਮੇਸ਼ ਸਪੋਟਰਸ ਕਲੱਬ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵੇਟਲਿਫਟਰ ਖਿਡਾਰਨਾਂ ਹਰਜੀਵਨ ਕੌਰ ਹੀਰ, ਹਰਜੋਤ ਕੌਰ ਹੀਰ, ਤਰਨਪ੍ਰੀਤ ਕੌਰ ਹੀਰ, ਰਾਜਵਿੰਦਰ ਕੌਰ, ਮਨਦੀਪ ਦੋਸਾਂਝ, ਅਰਪਿਤਾ ਰਾਏ, ਗੁਰਲੀਨ ਰਾਏ, ਨੀਸ਼ਾ ਦੋਸਾਂਝ, ਪੂਜਾ ਸੁਮਨ ਹਾਜ਼ਿਰ ਸਨ। ਇਸ ਉਪਰੰਤ ਨੈਸ਼ਨਲ ਬੀ ਐਸ ਐਫ਼ ਫੁੱਟਬਾਲ ਖਿਡਾਰੀ ਰਵਿੰਦਰ ਦੋਸਾਂਝ ਨੇ ਦਵਿੰਦਰ ਦੋਸਾਂਝ, ਜਸ਼ਨ ਦੋਸਾਂਝ, ਬਾਂਕਾ ਦੋਸਾਂਝ ਕਨੇਡਾ, ਬਿੱਲੂ ਦੋਸਾਂਝ ਯੂ ਐਸ ਏ, ਹਰਪਿੰਦਰ ਦੋਸਾਂਝ, ਯੂ ਐਸ ਏ, ਜੀਤ ਪੀ ਟੀ ਯੂਕੇ ਅਤੇ ਗੁਰਿੰਦਰ ਕਨੇਡਾ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਫੁੱਟਬਾਲ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



