ਖਤਰਨਾਕ ਸੁਪਨਾ!

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਕੱਲ ਸੁਪਨੇ ਵਿੱਚ ਫ਼ੁਰਨਾ ਫੁਰਿਆ ਛੇੜੀਏ ਕੋਈ ਕਲੇਸ਼।
ਭੀੜ ਚ ਚੌਧਰ ਘਟਦੀ ਜਾਂਦੀ ਮੰਗੀਏ ਵਖਰਾ ਦੇਸ।

ਵੱਡੇ ਨੰਬੜਦਾਰਾਂ ਦੇ ਵਿੱਚ ਆ ਜਾਵੇ ਬੱਸ ਗਿਣਤੀ,
ਲੋਕਾਂ ਦੀ ਖੁਸ਼ਹਾਲੀ ਬੇਸ਼ੱਕ ਹੋ ਜਾਏ ਪੱਟੀ ਮੇਸ।

ਨਾ ਪੜ੍ਹਿਆ, ਨਾ ਰੜ੍ਹਿਆ ਹੀ ਮੈਂ ਰਾਜਨੀਤੀ ਦੇ ਖੇਤਰ,
ਇਨਕਲਾਬੀ, ਹਰਮਨ-ਪਿਆਰਾ ਤੇ ਨਾ ਹੀ ਦਰਵੇਸ਼।

ਫੇਰ ਅਚਾਨਕ ਵਿੱਚ ਦਿਮਾਗੀਂ ਘੁੰਮ ਗਿਆ ‘ਸੰਤਾਲੀ’,
ਸੋਚਿਆ ਕਿਉਂ ਨਾ ਫਿਰ ਏਦਾਂ ਈ ਕਰੀਏ ‘ਸ਼੍ਰੀ ਗਣੇਸ਼’।

‘ਰਾਸ਼ਟਰ ਪਿਤਾ’ ਜਾਂ ‘ਕਾਇਦੇ-ਆਜ਼ਮ’ ਦੇ ਜੇ ਰਾਹ ਤੇ ਤੁਰਨਾ,
ਧਰਮ ਬਣਾ ਲੈ ‘ਹਊਆ’ ਤੇ ਕਰ ਖਤਰਾ ਕਹਿ ਕੇ ਪੇਸ਼।

ਇੱਕੋ ਗਲੀ ਮੁਹੱਲੇ ਰਹਿੰਦਾ ‘ਭਾਈਚਾਰਾ’ ਪਵੇ ਭੱਠੇ,
ਕਰੀਏ ਵੱਖ ਵੱਖ ਝੰਡਾ, ਬੋਲੀ, ਮੁਦਰਾ ਨਾਲੇ ਭੇਸ।

ਪੀਲ੍ਹ-ਪੁਲਾਘਾਂ ਛਿੰਦਾ, ਜੌਨ ਤੇ ਸ਼ਾਮ ਨਾ ਖੇਡਣ ਕੱਠੇ,
ਸਾਂਝੀ ਪੀਂਘ ਤੇ ਝੂਟ ਨਾ ਜਾਵਣ ਮ੍ਹਿੰਦਰੋ ਤੇ ਕਮਲੇਸ਼।

ਕੱਟੜਤਾ ਵਿੱਚ ਡੁੱਬਕੇ ਲੱਭੀਆਂ ਧਰਮ ਵਿਰੋਧੀ ਗੱਲਾਂ,
ਕਰਨ ਲੱਗਾ ਮੈਂ ਭਾਸ਼ਣ ਤਾਂ ਕਿ ਪਹੁੰਚੇ ਮਨਾ ਨੂੰ ਠੇਸ।

ਚੁਣ ਚੁਣ ਕੱਢੀਆਂ ਤੁਹਮਤਾਂ, ਢੁੱਚਰਾਂ ਤੇ ਕੁੱਝ ਜੋੜੀਆਂ ਕੋਲੋਂ,
ਬੇਸ਼ੱਕ ਨਿੱਤ ਦਿਨ ਪੜ੍ਹਦਾਂ ਸੁਣਦਾਂ ‘ਕਾਲਾ ਮੈਂਡਾ ਵੇਸ’।

ਸੂਬੇ ਦੀਆਂ ਤਰੱਕੀਆਂ ਦਾ ਫਿਰ ਗੇਅਰ ਪਿੱਛੇ ਨੂੰ ਪੈ ਗਿਆ,
ਉੰਝ ਭਾਵੇਂ ਸੀ ਪਹਿਲੇ ਨੰਬਰੀਂ ਹਰ ਖੇਤਰ ਵਿੱਚ ਰੇਸ।

ਦੰਗੇ, ਕਰਫਿਊ, ਕਤਲ, ਡਕੈਤੀ, ਚੀਕ-ਚਿਹਾੜਾ ਗੂੰਜੇ,
ਸੱਚਿਆਂ ਤੇ ਮਜ਼ਲੂਮਾਂ ਦੀ ਫਿਰ ਕਿਤੇ ਨਾ ਚੱਲੀ ਪੇਸ।

ਵਿੱਚ ਦਿਨਾਂ ਦੇ ਕੁੱਲ ਜਵਾਨੀ ਸਿਵਿਆਂ ਦੇ ਰਾਹ ਪੈ ਗਈ,
ਜੋ ਬਚ ਗਈ ਜੇਲੀਂ ਜਾ ਪਹੁੰਚੀ ਕੱਟਣ ਬਚੀ ਵਰੇਸ।

ਵੱਜੀ ਜਦ ਘੜਿਆਲ ਗੁਰੂ ਘਰ, ਜਾਗ ਪਿਆ ਸੀ ਰੋਮੀ,
ਸ਼ੁਕਰ ਹੈ ਸੱਚ ਨਈਂ ਹੁੰਦਾ ਸੁਪਨਾ, ਸੁਪਨਾ ਰਹੇ ਹਮੇਸ਼।

ਰੋਮੀ ਘੜਾਮੇਂ ਵਾਲਾ।
98552-81105

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਹੂਮ ਮੋਹਨ ਲਾਲ ਕਰੀਮਪੁਰੀ ਨੂੰ ਵੱਖ ਵੱਖ ਵਰਗਾਂ ਵੱਲੋਂ ਸ਼ਰਧਾਂਜਲੀਆਂ ਭੇਂਟ
Next article“ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ ਨੇ ਹੱਥ ਲਿਖਤ ਮੈਗਜ਼ੀਨ “ਨਵੀਂ ਸੋਚ” ਦਾ ਅੱਠਵਾਂ ਅੰਕ ਕੀਤਾ ਰਿਲੀਜ਼”