ਪਰਦਾ

ਰਿੱਤੂ ਵਾਸੂਦੇਵ
 (ਸਮਾਜ ਵੀਕਲੀ)
ਇਹ ਪਰਦਾ ਪਿਆ ਹੈ ਜੋ
ਅੱਖਾਂ ਦੇ ਓਹਲੇ
ਹੈ ਕਿਹੜਾ? ਜੋ ਸੁੱਤਿਆਂ ਵੀ
ਧੜਕਣ ‘ਚ ਬੋਲੇ!
ਅਨਾਰਾਂ ਤੇ ਵਾਂਸਾਂ ਨੂੰ
ਫੁੱਲ ਕੌਣ ਦੇਂਦਾ?
ਹੈ ਅੱਕਾਂ ਨੂੰ ਖਿੜਨੇ ਦੀ
ਖੁੱਲ੍ਹ ਕੌਣ ਦੇਂਦਾ?
ਬਨਫ਼ਸ਼ੇ ਦੇ ਫੁੱਲਾਂ ਨੇ
ਗੁੰਦੇ ਕਲ੍ਹੀਰੇ
ਪਲਾਹੀ ਨੇ ਸਿਹਰੇ
ਗੁਲਾਬਾਂ ਨੇ ਚੀਰੇ!
ਜੋ ਖਿੜ੍ਹੀਆਂ ਦੁਪਹਿਰੇ
ਨਾ ਰਾਤਾਂ ਨੂੰ ਰਹੀਆਂ
ਜੋ ਰਾਤਾਂ ਨੂੰ ਖਿੜ੍ਹੀਆਂ
ਮਹਿਕੀਆਂ ਤੇ ਗਈਆਂ!
ਅਨਾਰਾਂ ਨੂੰ ਪੱਤਰ
ਤੇ ਬੇਰੀ ਨੂੰ ਛਾਪੇ
ਹੈ ਕਿਹੜਾ? ਜੋ ਕੁਦਰਤ ਦੇ
ਨਕਸ਼ੇ ਨੂੰ ਮਾਪੇ!
ਸ਼ਰੀਹਾਂ ਦੇ ਫੁੱਲਾਂ ਦਾ
ਖਿੰਡਣਾ ਤੇ ਹੱਫਣਾ
ਇਹ ਅੰਬਾਂ ਲੁਕਾਠਾਂ ਦਾ
ਰਸਣਾ ਤੇ ਪੱਕਣਾ!
ਇਹ ਵੇਲਾਂ ਸ਼ਰੀਹਾਂ ਨੂੰ
ਗਲ਼ ਲਾਉਣ ਕਿਉਂਕਰ?
ਹਵਾਵਾਂ ਜੋ ਰੁੱਤਾਂ ਨੂੰ
ਰਾਹ ਪਾਉਣ ਕਿਉੰਕਰ?
ਹੈ ਬੱਦਲ਼ ਨੂੰ ਕਣੀਆਂ ਦੀ
ਰੈਅ ਕੌਣ ਦੇਂਦਾ?
ਗਟਾਰਾਂ ਨੂੰ ਗੁਟਕਣ ਦੀ
ਸ਼ੈਹ ਕੌਣ ਦੇਂਦਾ?
ਮੇਰੇ ਤਨ ਦੀ ਮਿੱਟੀ
ਜੋ ਲਿੱਪੀ ਸਮੇਟੀ
ਹੈ ਕਿਹੜੀ ਜੋ ਸ਼ੈਅ?
ਇਹਦੇ ਅੰਦਰ ਲਪੇਟੀ!
ਨਾ ਵੇਖਾਂ, ਨਾ ਸਮਝਾਂ,
ਨਾ ਬੁੱਝਾਂ, ਨਾ ਜਾਣਾਂ
ਪਰੇ ਔਰਿਆਂ ਤੋਂ
ਮੈਂ ਦੁਨੀਆਂ ਪਛਾਣਾਂ!
ਹੈ ਘਰ ਦੀ ਨਾ ਬਣਤਰ,
ਬਰੂਹਾ, ਨਾ ਬਾਰੀ
ਹੈ ਜੀਹਦੇ ‘ਚ ਬੈਠਾ
ਇਕੱਲਾ ਮਦਾਰੀ!
ਤੂੰ ਨਰਕਾਂ, ਤੇ ਸੁਰਗਾਂ ਨੂੰ
ਏਥੇ ਹੀ ਜਾਣੀ
ਹੈ ਦੂਜੇ ਜਹਾਨਾਂ ਦੀ
ਝੂਠੀ ਕਹਾਣੀ!
~ਰਿੱਤੂ ਵਾਸੂਦੇਵ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਾਹ
Next articleਪਿੰਡ ਨਾਨੋ ਮੱਲੀਆਂ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਨੇ ਦਿੱਤਾ ਅੰਜਾਮ ਗਹਿਣੇ , ਨਕਦੀ ਅਤੇ ਹੋਰ ਕੀਮਤੀ ਸਾਜੋ ਸਮਾਨ ਲੈ ਕੇ ਫਰਾਰ ਹੋਏ ਚੋਰ