ਅਜੋਕੇ ਪੰਜਾਬ ਦੀ ਹਾਲਤ

ਨਿੱਕੀ ਕੌਰ

(ਸਮਾਜ ਵੀਕਲੀ)

ਪੰਜਾਬ ਪੰਜ ਪਾਣੀਆਂ ਦੀ ਧਰਤੀ। ਪੰਜਾਬ ਸ਼ੁਰੂ ਤੋਂ ਹੀ ਇਕ ਹੱਸਦਾ ਵੱਸਦਾ ਰਾਜ ਰਿਹਾ। ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਮੰਨਿਆ ਜਾਂਦਾ ਸੀ। ਜਿੰਨੇ ਵੀ ਧਾੜਵੀ ਆਏ ਉਹ ਇਸ ਪ੍ਰਵੇਸ਼ ਦੁਆਰ ਰਾਹੀਂ ਹੀ ਆਏ। ਪਰ ਪੰਜਾਬੀਆਂ ਨੇ ਵੀ ਕਦੇ ਈਨ ਨਹੀਂ ਮੰਨੀ ਹਮੇਸ਼ਾ ਡੱਟ ਕੇ ਲੜੇ ਤੇ ਵੈਰੀਆਂ ਨੂੰ ਕਰਾਰੀ ਹਾਰ ਦਿੱਤੀ। ਪੰਜਾਬ ਦੇ ਇਸ ਅਣਖੀ ਅਤੇ ਦਲੇਰੀ ਭਰੇ ਰੁਤਬੇ ਕਾਰਨ ਹੀ ਅੰਗਰੇਜ਼ ਬਿਨਾਂ ਪੰਜਾਬੀਆਂ ਦੇ ਸੁਭਾਅ ਸਮਝੇ ਇੱਥੇ ਰਾਜ ਨਹੀਂ ਕਰ ਸਕੇ।ਇਸ ਕਾਰਨ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸ਼ਰਧਾ ਰਾਮ ਫਿਲੌਰੀ ਵਰਗੇ ਲੇਖਕਾਂ ਤੋਂ ਅਜਿਹੀਆਂ ਪੁਸਤਕਾਂ ਦੀ ਰਚਨਾ ਕਰਵਾਈ ਜਿਨ੍ਹਾਂ ਨੂੰ ਪੜ੍ਹ ਕੇ ਪੰਜਾਬੀਆਂ ਦੇ ਸੁਭਾਅ ਤੋਂ ਵਾਕਿਫ਼ ਹੋ ਕੇ ਪੰਜਾਬ ਉੱਤੇ ਰਾਜ ਕੀਤਾ ਜਾ ਸਕੇ।

ਪੰਜਾਬ ਨੂੰ ਆਪਣੇ ਉੱਤੇ ਬਹੁਤ ਦੁੱਖ ਸਹਿਣੇ ਪਏ। ਜਿਵੇਂ ਵੰਡ ਦਾ ਦੁਖਾਂਤ। ਪੂਰੇ ਭਾਰਤ ਦੀ ਆਜ਼ਾਦੀ ਦਾ ਮੁੱਲ ਇਕੱਲੇ ਪੰਜਾਬ ਨੇ ਆਪਣੇ ਦੋ ਟੋਟੇ ਕਰਵਾ ਕੇ ਦਿੱਤਾ।ਜਿਸਦਾ ਪੰਜਾਬ ਨੂੰ ਇਕ ਬਹੁਤ ਵੱਡਾ ਘਾਟਾ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਖੇਤਰਾਂ ਵਿੱਚ ਸਹਿਣਾ ਪਿਆ। ਫਿਰ ਹਰੀ ਕ੍ਰਾਂਤੀ ਆਈ। ਪੰਜਾਬ ਨੇ ਪੂਰੇ ਭਾਰਤ ਨੂੰ ਅਨਾਜ ਦਿੱਤਾ। ਪਰ ਇਸਦਾ ਨੁਕਸਾਨ ਪੰਜਾਬ ਦੀ ਹੁਣ ਵਾਲੀ ਪੀੜ੍ਹੀ ਸਿੱਧੇ ਤੌਰ ਤੇ ਭੁਗਤ ਰਹੀ ਹੈ। ਕਿਉਂਕਿ ਪੰਜਾਬ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਭਾਰਤ ਦਾ ਢਿੱਡ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਹਿੱਸੇ ਦਾ ਖੋਹ ਕੇ ਭਰਿਆ। ਪਰ ਇਸ ਸਭ ਦਾ ਪੰਜਾਬ ਅਤੇ ਪੰਜਾਬੀਆਂ ਨੂੰ ਕੀ ਫਾਇਦਾ ਹੋਇਆ। ਬਲਕਿ ਪੰਜਾਬ ਦੇ ਪੰਜ ਦਰਿਆ ਜੋ ਉਸਦੀ ਕਦੇ ਪਹਿਚਾਣ ਸਨ ਢਾਈ ਵੰਡ ਸਮੇਂ ਖੁੰਝ ਗਏ ਅਤੇ ਬਾਕੀ ਉਸਦੇ ਆਸ ਪਾਸ ਦੇ ਰਾਜਾਂ ਵਿੱਚ ਵੰਡੀਆਂ ਪਾ ਦਿੱਤੀਆਂ।

ਪੰਜਾਬ ਸਿਰਫ਼ ਨਾਮ ਦਾ ਹੀ ਪੰਜਾਬ ਰਹਿ ਗਿਆ। ਪੰਜਾਬ ਤੋਂ ਉਸਦੀ ਆਰਥਿਕਤਾ ਦੀ ਨੀਂਹ ਭੂਮੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਖੁੱਸ ਗਏ। ਪੰਜਾਬ ਇਕ ਸਰਹੱਦੀ ਇਲਾਕਾ ਹੋਣ ਕਰਕੇ ਇੱਥੇ ਕੋਈ ਵੱਡਾ ਉਦਯੋਗ ਨਹੀਂ ਲਗਾਇਆ ਗਿਆ। ਆਰਥਿਕਤਾ ਦੇ ਸਾਧਨ ਸੀਮਤ ਹੋਣ ਕਾਰਨ ਬੇਰੁਜ਼ਗਾਰੀ ਵਧੀ। ਬੇਰੁਜ਼ਗਾਰੀ ਬਾਕੀ ਸਾਰੀ ਸਮੱਸਿਆਵਾਂ ਦੀ ਜੜ੍ਹ ਹੈ ਜਿਸ ਕਾਰਨ ਸਿਉਂਕ ਵਾਂਗ ਬਾਕੀ ਸਮੱਸਿਆਵਾਂ ਐਨੀਆਂ ਵੱਧ ਗਈਆਂ ਕਿ ਪੰਜਾਬ ਨੂੰ ਇਹ ਸਿਉਂਕ ਥੋਥਾ ਕਰਦੀ ਰਹੀ। ਇਸ ਸਮੇਂ ਦੌਰਾਨ ਨਸ਼ਿਆਂ ਦਾ ਪ੍ਰਚਲਣ ਆਮ ਗੱਲ ਹੋ ਗਈ।”ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ” ਵਾਲੀ ਪਹਿਚਾਣ ਰੱਖਣ ਵਾਲਾ ਪੰਜਾਬੀ ਜਾਂ ਤਾਂ ਨਸ਼ੇੜੀ ਹੋ ਗਿਆ ਨਹੀਂ ਫਿਰ ਕਰਜ਼ੇ ਦੇ ਭਾਰ ਥੱਲੇ ਦਬਿਆ ਹੋਣ ਕਾਰਨ ਆਤਮ-ਹੱਤਿਆ ਦਾ ਰਾਹੀ ਬਣ ਗਿਆ। ਇਨ੍ਹਾਂ ਸਭ ਸਮੱਸਿਆਵਾਂ ਨੂੰ ਘਟਾਉਣ ਦੀ ਥਾਂ ਵਧਾਉਣ ਵਿਚ ਬਹੁਤ ਵੱਡਾ ਹੱਥ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦਾ ਹੈ। ਜਿਨ੍ਹਾਂ ਨੇ ਪੰਜਾਬ ਦੀ ਹਾਲਤ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ ਬਲਕਿ ਹਾਲਤ ਹੋਰ ਖ਼ਰਾਬ ਕਰਨ ਵਿਚ ਭਰਪੂਰ ਯੋਗਦਾਨ ਪਾਇਆ।

ਇਨ੍ਹਾਂ ਸਭ ਸਮੱਸਿਆਵਾਂ ਦੇ ਹੱਲ ਬਣ ਆਇਆ “ਪਰਵਾਸ”। ਪਰਵਾਸ ਹਾਲਾਂਕਿ ਹੱਲ ਬਣ ਕੇ ਆਇਆ ਸੀ ਉਹ ਆਪ ਹੀ ਪੰਜਾਬ ਦੀਆਂ ਨੂੰ ਲੱਗੀ ਘੁਣ ਬਣ ਗਿਆ। ਜਿਸਨੇ ਪੂਰਾ ਪੰਜਾਬ ਖਾਲੀ ਕਰਵਾ ਦਿੱਤਾ।‌ਹੱਸਦੇ ਵੱਸਦੇ ਘਰਾਂ ਨੂੰ ਜਿੰਦਰੇ ਲੱਗ ਪਏ। ਪਰਵਾਸ ਦੇ ਅਰਥ ਬਦਲ ਗਏ। ਅੱਜ ਪੰਜਾਬ ਦੇ ਅੱਧ ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀਆਂ ਖ਼ਾਲੀ ਪਈਆਂ ਹਨ ਕਿਉਂਕਿ ਇੱਥੇ ਪੰਜਾਬੀਆਂ ਨੂੰ ਆਪਣਾ ਭਵਿੱਖ ਹਮੇਸ਼ਾ ਧੁੰਦਲਾ ਅਤੇ ਅਸੁਰੱਖਿਅਤ ਦਿਖਦਾ ਹੈ। ਪੜੇ ਲਿਖਿਆਂ ਨੂੰ ਨੌਕਰੀ ਨਹੀਂ ਮਿਲਦੀ। ਇਸ ਕਾਰਨ ਅੱਜ ਹਰ ਪੰਜਾਬੀ ਬਾਹਰਲੇ ਮੁਲਕਾਂ ਵੱਲ ਪਲਾਇਨ ਕਰਨਾ ਚਾਹੁੰਦਾ ਹੈ। “ਅੰਨ੍ਹਾ ਵੰਡੇ ਰਿਓੜੀਆਂ ਮੁੜ – ਮੁੜ ਆਪਣਿਆਂ ਨੂੰ” ਕਹਾਵਤ ਸੰਪੂਰਨ ਤੌਰ ਤੇ ਢੁੱਕਦੀ ਹੈ। ਕਿਉਂਕਿ ਪੰਜਾਬ ਵਿੱਚ ਅੱਜ ਭਿ੍ਰਸ਼ਟਾਚਾਰ ਸਿਖਰਾਂ ਛੋਹ ਰਿਹਾ ਹੈ। ਜਿਸਦੀ ਕੋਈ ਸਰਕਾਰੇ ਦਰਬਾਰੇ ਪਹੁੰਚ ਹੈ ਇਸਦੀ ਸਮੱਸਿਆ ਹੱਲ ਹੁੰਦੀ ਹੈ। ਇਸ ਸਭ ਵਿਚ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਨੂੰ ਯੋਗ ਅਗਵਾਈ ਨਾ ਮਿਲਣ ਕਾਰਨ ਸਾਰੇ ਭਾਰਤ ਦਾ ਅੰਨਦਾਤਾ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਧੁੰਦਲਾ ਹੈ।

ਧਰਮ ਮਨੁੱਖ ਦਾ ਇਕ ਅਟੁੱਟ ਭਾਗ ਹੈ। ਪੰਜਾਬ ਵਿੱਚ ਵੰਡ ਤੋਂ ਪਹਿਲਾਂ ਬਹੁਗਿਣਤੀ ਵਿੱਚ ਮੁਸਲਮਾਨ ਸਨ। ਵੰਡ ਹੋਣ ਤੇ ਪੰਜਾਬ ਸਿੱਖਾਂ ਦਾ ਰਾਜ ਬਣ ਗਿਆ। ਪ੍ਰਤੂੰ ਇਸ ਕਾਰਨ ਪੰਜਾਬੀਆਂ ਨੂੰ ਚੌਰਾਸੀ ਦਾ ਦੁਖਾਂਤ ਹੰਢਾਉਣਾ ਪਿਆ। ਅਜਿਹੇ ਹੀ ਹਲਾਤ ਪੰਜਾਬ ਵਿੱਚ ਅੱਜ ਬਣੇ ਹੋਏ ਹਨ। ਕੁੱਝ ਸੱਚ ਹੁੰਦਾ ਹੈ ਅਤੇ ਕੁੱਝ ਝੂਠ ਵੀ ਸੱਚ ਬਣਾ ਕੇ ਪੇਸ਼ ਕੀਤਾ ਹੈ । ਜਿਸ ਵਿਚ ਬਹੁਤ ਵੱਡਾ ਹਿੱਸਾ ਮੀਡੀਆ ਦਾ ਹੈ। ਜੋ ਕਿ ਬਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕਰਦਾ ਹੈ। ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਜੋ ਪੰਜਾਬ ਦੀ ਮਾਤ ਭਾਸ਼ਾ ਹੈ। ਪਰ ਫਿਰ ਵੀ ਪੰਜਾਬ ਵਿੱਚ ਉਸਦੀ ਆਪਣੀ ਭਾਸ਼ਾ ਬੋਰਡਾਂ ਤੇ ਦੁਜੈਲੇ ਸਥਾਨ ਤੇ ਮਿਲਦੀ ਹੈ ਅਤੇ ਪੰਜਾਬੀ ਨੂੰ ਹੋਰ ਬਹੁਤੇ ਖ਼ਤਰੇ ਹਨ।

ਇਨ੍ਹਾਂ ਸਭ ਸਮੱਸਿਆਵਾਂ ਕਾਰਨ ਹੀ ਹਰ ਪੰਜਾਬੀ ਨੂੰ ਆਪਣਾ ਅਸਿਤਤੱਵਵ ਖ਼ਤਰੇ ਵਿਚ ਦਿਖਦਾ ਹੈ। ਪ੍ਰਤੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਭੱਜਣ ਵਿਚ ਨਹੀਂ ਬਲਕਿ ਸੂਝ-ਬੂਝ ਨਾਲ ਸਮੱਸਿਆਵਾਂ ਸੁਲਝਾਉਣ ਵਿਚ ਹੈ। ਬਾਹਰਲੇ ਮੁਲਕਾਂ ਨੂੰ ਭੱਜਣਾ ਇਸਦਾ ਕੋਈ ਹੱਲ ਨਹੀਂ ਹੈ।ਲੋੜ ਹੈ ਕਿ “ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ” ਵਾਲੀ ਅਣਖ ਤੇ ਸਵੈਮਾਣ ਨੂੰ ਜਿਉਂਦਾ ਕੀਤਾ ਜਾਵੇ। ਕਿਉਂਕਿ ਐਨੀ ਵੱਡੀ ਕੋਈ ਸਮੱਸਿਆ ਨਹੀਂ ਜਿਸਨੂੰ ਹੱਲ ਨਹੀਂ ਕੀਤਾ ਜਾ ਸਕਦਾ।

ਨਿੱਕੀ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗੀਤ